ਦਾ ਐਡੀਟਰ ਨਿਊਜ.ਦਿੱਲੀ। ਸੁਪਰੀਮ ਕੋਰਟ ਨੇ ਅਕਾਲੀ ਦਲ ਨੂੰ ਵੱਡੀ ਰਾਹਤ ਦਿੰਦਿਆ ਦੋਹਰੇ ਸੰਵਿਧਾਨ ਮਾਮਲੇ ਵਿੱਚ ਸੰਮਨਿੰਗ ਆਰਡਰ ਖਾਰਿਜ ਕਰ ਦਿੱਤੇ ਹਨ, ਇਸ ਤੋਂ ਪਹਿਲਾ ਹੁਸ਼ਿਆਰਪੁਰ ਦੇ ਬਜੁਰਗ ਆਗੂ ਬਲਵੰਤ ਸਿੰਘ ਖੇੜਾ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਡਾ. ਦਲਜੀਤ ਸਿੰਘ ਚੀਮਾ ਦੇ ਖਿਲਾਫ ਹੁਸ਼ਿਆਰਪੁਰ ਦੀ ਇੱਕ ਅਦਾਲਤ ਵਿੱਚ ਅਪਰਾਧਿਕ ਮਾਮਲਾ ਦਾਇਰ ਕੀਤਾ ਸੀ ਅਤੇ ਅਕਾਲੀ ਦਲ ਉਪਰ ਇਹ ਦੋਸ਼ ਲਗਾਇਆ ਸੀ ਕਿ ਅਕਾਲੀ ਦਲ ਨੇ ਆਪਣੇ ਦੋ ਸੰਵਿਧਾਨ ਬਣਾਏ ਹਨ ਜਿਨਾਂ ਵਿੱਚ ਇੱਕ ਸੰਵਿਧਾਨ ਭਾਰਤ ਦੇ ਚੋਣ ਕਮਿਸ਼ਨ ਨੂੰ ਦਿੱਤਾ ਹੋਇਆ ਸੀ ਤੇ ਐੱਸ.ਜੀ.ਪੀ.ਸੀ.ਦੀਆਂ ਚੋਣਾਂ ਲੜਨ ਲਈ ਇੱਕ ਵੱਖਰਾ ਸੰਵਿਧਾਨ ਬਣਾਇਆ ਹੋਇਆ ਸੀ, ਇਸ ਕੇਸ ਤੇ ਹੁਸ਼ਿਆਰਪੁਰ ਦੀ ਸਿਵਲ ਜੱਜ ਮੋਨਿਕਾ ਸ਼ਰਮਾ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਨੂੰ ਸੰਮਨ ਕਰਕੇ ਅਦਾਲਤ ਵਿੱਚ ਤਲਬ ਕਰ ਲਿਆ ਸੀ ਜਿਸ ’ਤੇ ਅਕਾਲੀ ਦਲ ਨੇ ਇਨ੍ਹਾਂ ਸੰਮਨਿੰਗ ਆਰਡਰਾ ਖਿਲਾਫ ਸੈਸ਼ਨ ਕੋਰਟ ਦੀ ਅਦਾਲਤ ਵਿੱਚ ਰੀਵਿਊ ਪਾਉਣ ਦੀ ਬਜਾਏ ਸਿੱਧਾ ਮਾਨਯੋਗ ਹਾਈਕੋਰਟ ਵਿੱਚ ਸੀ.ਪੀ.ਆਰ.ਸੀ ਦੀ ਧਾਰਾ 482 ਦੇ ਤਹਿਤ ਚੈਲੰਜ ਕਰ ਦਿੱਤਾ ਸੀ ਜਿਸ ’ਤੇ ਹਾਈਕੋਰਟ ਨੇ ਅਕਾਲੀ ਦਲ ਦੀ ਅਪੀਲ ਨੂੰ ਡਿਸਮਿਸ ਕਰ ਦਿੱਤਾ ਸੀ ਅਤੇ ਫਿਰ ਅਕਾਲੀ ਸੁਪਰੀਮ ਕੋਰਟ ਪਹੁੰਚ ਗਿਆ ਜਿੱਥੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਮਾਨਯੋਗ ਜਸਟਿਸ ਐੱਮ.ਆਰ.ਸ਼ਾਹ ਅਤੇ ਜਸਟਿਸ ਜੇ.ਬੀ.ਪਾਰਦੀਵਾਲਾ ਨੇ ਹੇਠਲੀ ਅਦਾਲਤ ਦੇ ਸੰਮਨਿੰਗ ਆਰਡਰਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ ਆਰਡਰਾਂ ਦੀ ਕੋਈ ਵਜ੍ਹਾਂ ਨਹੀਂ ਬਣਦੀ ਹੈ ਅਤੇ ਕਿਹਾ ਕਿ ਕਿਸੇ ਦੇ ਧਾਰਮਿਕ ਹੋਣ ਨਾਲ ਇਹ ਕਦੇ ਨਹੀਂ ਕਿਹਾ ਜਾ ਸਕਦਾ ਕਿ ਉਹ ਸੈਕੂਲਰ ਨਹੀਂ ਹੈ ਅਤੇ ਕਿਹਾ ਕਿ ਧਾਰਮਿਕ ਵਿਅਕਤੀ ਵੀ ਸੈਕੂਲਰ ਹੋ ਸਕਦਾ ਹੈ।
ਸੁਪਰੀਮ ਕੋਰਟ ਦੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ-ਚੀਮਾ
ਇਸ ਉੱਪਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਇੱਕ ਰਾਹਤ ਦੀ ਖਬਰ ਹੈ ਅਤੇ ਇਹ ਖਬਰ ਉਸ ਸਮੇਂ ਆਈ ਹੈ ਜਦੋਂ ਸਮੁੱਚਾ ਅਕਾਲੀ ਦਲ ਬਾਦਲ ਸਾਹਿਬ ਦੀ ਮੌਤ ਦੀ ਵਜ੍ਹਾਂ ਕਰਕੇ ਸੋਗ ਵਿੱਚ ਹੈ, ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਹੁਕਮ ਸ. ਬਾਦਲ ਲਈ ਇੱਕ ਵੱਡੀ ਸ਼ਰਧਾਂਜਲੀ ਹੈ।