ਦਾ ਐਡੀਟਰ ਨਿਊਜ਼, ਖਮਾਣੋਂ ——— ਖਮਾਣੋਂ ਦੇ ਇੱਕ ਨਿੱਜੀ ਸਕੂਲ ‘ਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਮਾਨਵਿੰਦਰ ਸਿੰਘ ਉਰਫ ਮਾਨ ਪੁੱਤਰ ਹਰਦੀਪ ਸਿੰਘ ਹੈਪੀ ਉਮਰ 17 ਸਾਲ ਬਾਰ੍ਹਵੀਂ ਕਲਾਸ ਦਾ ਮੈਡੀਕਲ ਦਾ ਵਿਦਿਆਰਥੀ ਸੀ, ਜੋ ਖਮਾਣੋ ਦੇ ਨਿੱਜੀ ਸਕੂਲ ‘ਚ ਪੜ੍ਹਦਾ ਸੀ, ਜਿਸ ਦਾ ਮਾਮੂਲੀ ਤਕਰਾਰ ਬਾਅਦ ਦੋਸਤਾ ਨੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੀਡੀਆ ਦੀਆਂ ਖਬਰਾਂ ਅਨੁਸਾਰ ਵਿਦਿਆਰਥੀ ਆਪਣੇ ਪਰਿਵਾਰ ਨਾਲ ਖਮਾਣੋਂ ਦੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਇਆ ਸੀ। ਮਾਮੂਲੀ ਝਗੜੇ ਤੋਂ ਬਾਅਦ, ਉਸਦੇ ਦੋਸਤਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਰਿਪੋਰਟਾਂ ਅਨੁਸਾਰ, ਮਾਨਵਿੰਦਰ ਸਿੰਘ ਦੀ ਭੂਆ ਦੀ ਧੀ ਦਾ ਵਿਆਹ 29 ਜਨਵਰੀ ਨੂੰ ਹੈ। ਸੋਮਵਾਰ ਨੂੰ, ਮਨਵਿੰਦਰ ਸਿੰਘ ਪਰਿਵਾਰ ਨਾਲ ਖਰੀਦਦਾਰੀ ਕਰਨ ਲਈ ਖਮਾਣੋਂ ਦੇ ਖੰਨਾ ਰੋਡ ‘ਤੇ ਆਇਆ ਸੀ। ਪਰਿਵਾਰ ਦੁਕਾਨ ਦੇ ਅੰਦਰ ਸੀ ਜਦੋਂ ਕਿ ਮਨਵਿੰਦਰ ਬਾਹਰ ਖੜ੍ਹਾ ਸੀ। ਉੱਥੇ ਉਸਦੇ ਦੋ ਦੋਸਤ ਪਹੁੰਚੇ। ਉਸਦਾ ਆਪਣੇ ਦੋਸਤਾਂ ਨਾਲ ਝਗੜਾ ਹੋ ਗਿਆ। ਇਸ ਦੌਰਾਨ ਉਸਦੇ ਦੋਸਤਾਂ ਨੇ ਉਸਨੂੰ ਕਿਰਚ ਮਾਰ ਦਿੱਤੀ, ਜਿਸ ਤੋਂ ਬਾਅਦ ਤੁਰੰਤ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।