ਪਰਮਿੰਦਰ ਸਿੰਘ ਬਰਿਆਣਾ
ਦਾ ਐਡੀਟਰ ਨਿਊਜ.ਚੰਡੀਗੜ੍ਹ। ਆਉਣ ਵਾਲੇ ਕੁਝ ਦਿਨਾਂ ਵਿੱਚ ਅਕਾਲੀ ਦਲ-ਭਾਜਪਾ ਗੱਠਜੋੜ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ ਅਤੇ ਇਸ ਸਬੰਧੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਿਕ ਦੋਵੇਂ ਪਾਰਟੀਆਂ ਦਰਮਿਆਨ ਤਕਰੀਬਨ ਸਾਰੀ ਗੱਲਬਾਤ ਤੈਅ ਹੋ ਚੁੱਕੀ ਹੈ, ਇੱਥੋ ਤੱਕ ਕੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਸੀਟਾਂ ਦੀ ਵੰਡ ਦਾ ਫਾਰਮੂਲਾ ਵੀ ਤਿਆਰ ਹੋ ਚੁੱਕਾ ਹੈ। ਅਸਲ ਵਿੱਚ ਇਸ ਗੱਠਜੋੜ ਦੀ ਗਰਾਂਊਡ ਪ੍ਰਕਾਸ਼ ਸਿੰਘ ਬਾਦਲ ਦੇ ਦੇਂਹਾਤ ਦੇ ਸਮੇਂ ਤੋਂ ਹੀ ਤਿਆਰ ਹੋਣੀ ਸ਼ੁਰੂ ਹੋ ਗਈ ਸੀ ਲੇਕਿਨ ਇਸਦਾ ਪੱਕਾ ਮੁੱਢ ਉਦੋ ਬੱਝਿਆ ਜਦੋਂ ਜਲੰਧਰ ਜਿਮਨੀ ਚੋਣ ਦੇ ਆਏ ਨਤੀਜਿਆਂ ਤੋਂ ਬਾਅਦ ਇਹ ਗੱਲ ਨਿੱਕਲ ਕੇ ਸਾਹਮਣੇ ਆਈ ਸੀ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਜੇਕਰ ਦੋਵੇਂ ਪਾਰਟੀਆਂ ਗੱਠਜੋੜ ਦੇ ਤੌਰ ਉੱਪਰ ਲੜਦੀਆਂ ਤਾਂ ਉੱਥੋ ਇਸ ਗੱਠਜੋੜ ਦੀ ਜਿੱਤ ਯਕੀਨੀ ਸੀ। ਇਸ ਸਬੰਧੀ ਬਕਾਇਦਾ ਤੌਰ ’ਤੇ ਵਿਦੇਸ਼ ਗਏ ਸੁਖਬੀਰ ਸਿੰਘ ਬਾਦਲ ਨੂੰ ਭਾਜਪਾ ਹਾਈਕਮਾਨ ਵੱਲੋਂ ਫੋਨ ਕਰਕੇ ਵਾਪਿਸ ਬੁਲਾ ਲਿਆ ਗਿਆ ਹੈ ਤੇ ਸੁਖਬੀਰ ਬਾਦਲ ਅੱਜ ਸਵੇਰੇ 5 ਵਜੇ ਹੀ ਦਿੱਲੀ ਪਹੁੰਚ ਗਏ ਸਨ ਤੇ 5 ਜੁਲਾਈ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਤੇ 6 ਜੁਲਾਈ ਨੂੰ ਹਲਕਾ ਇੰਚਾਰਜਾਂ ਦੀ ਹੰਗਾਮੀ ਮੀਟਿੰਗ ਬੁਲਾ ਲਈ ਗਈ ਹੈ, ਕੱਲ੍ਹ ਦੀ ਹੋਣ ਜਾ ਰਹੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਅਕਾਲੀ-ਭਾਜਪਾ ਗੱਠਜੋੜ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਵੇਗੀ ਉੱਥੇ ਹੀ 6 ਜੁਲਾਈ ਨੂੰ ਹਲਕਾ ਇੰਚਾਰਜਾਂ ਤੋਂ ਵੀ ਇਸ ਸਬੰਧੀ ਰਾਏ ਲਈ ਜਾਵੇਗੀ ਅਤੇ ਅਕਾਲੀ ਦਲ ਦੇ ਸੂਤਰਾਂ ਮੁਤਾਬਿਕ ਗੱਠਜੋੜ ਕਰਨ ਤੇ ਸੀਟਾਂ ਦੀ ਵੰਡ ਨੂੰ ਲੈ ਕੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਜਾਣ ਦੀ ਸੰਭਾਵਨਾ ਵੀ ਸਾਹਮਣੇ ਆ ਰਹੀ ਹੈ। ਜੇਕਰ ਬੀ.ਜੇ.ਪੀ.ਦੇ ਸੂਤਰਾਂ ਦੀ ਮੰਨੀ ਜਾਵੇ ਤਾਂ ਭਾਜਪਾ ਨੇ ਪਿਛਲੇ ਦਿਨੀਂ ਪੂਰੇ ਦੇਸ਼ ਭਰ ਵਿੱਚ ਇੱਕ ਸਰਵੇਖਣ ਕਰਵਾਇਆ ਸੀ ਜਿਸ ਵਿੱਚ ਇਹ ਗੱਲ ਨਿੱਕਲ ਕੇ ਸਾਹਮਣੇ ਆ ਰਹੀ ਸੀ ਕਿ 2019 ਦੇ ਮੁਕਾਬਲੇ ਭਾਜਪਾ ਦਾ ਗ੍ਰਾਫ ਕਾਫੀ ਹੇਠਾ ਡਿੱਗ ਚੁੱਕਾ ਹੈ ਅਤੇ ਇਹ ਵੀ ਗੱਲ ਉਸ ਸਰਵੇ ਵਿੱਚ ਸਾਹਮਣੇ ਆਈ ਹੈ ਕਿ ਭਾਜਪਾ ਦੇ ਪੁਰਾਣੇ ਗੱਠਜੋੜ ਵਾਲੀਆਂ ਪਾਰਟੀਆਂ ਨੂੰ ਜਿੱਥੇ ਭਾਜਪਾ ਨੇ ਛੱਡਿਆ ਹੀ ਨਹੀਂ ਸਗੋਂ ਆਪਣੇ ਦੁਸ਼ਮਣਾਂ ਦੀ ਕਤਾਰ ਵਿੱਚ ਖੜ੍ਹੇ ਕਰ ਲਿਆ ਸੀ ਜਿਸਦਾ ਨੁਕਸਾਨ 2024 ਵਿੱਚ ਭਾਜਪਾ ਨੂੰ ਭੁਗਤਣ ਦਾ ਸੰਕੇਤ ਸਾਹਮਣੇ ਆਇਆ ਸੀ ਤੇ ਉਸ ਸਰਵੇ ਵਿੱਚ ਭਾਜਪਾ ਨੂੰ ਉਨ੍ਹਾਂ ਪਾਰਟੀਆਂ ਨਾਲ ਦੋਬਾਰਾ ਗੱਠਜੋੜ ਕਰਨ ਦੀ ਸਲਾਹ ਦਿੱਤੀ ਗਈ ਸੀ ਤੇ ਉਸੇ ਕੜੀ ਤਹਿਤ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਕਰਨ ਜਾ ਰਹੀ ਹੈ, ਇਹ ਵੀ ਸੰਕੇਤ ਦਿੱਤੇ ਗਏ ਸੀ ਜੇਕਰ ਅਕਾਲੀ-ਭਾਜਪਾ ਗੱਠਜੋੜ ਹੁੰਦਾ ਹੈ ਤਾਂ ਪੰਜਾਬ ਅੰਦਰ ਇਹ ਗੱਠਜੋੜ ਵੱਡੀ ਧਿਰ ਵਜ੍ਹੋਂ ਉੱਭਰ ਕੇ ਸਾਹਮਣੇ ਆਵੇਗਾ।
ਪੰਜਾਬ ਭਾਜਪਾ ਦੇ ਨੇਤਾਵਾਂ ਨੇ ਹੀ ਤੁੜਾਇਆ ਸੀ ਗੱਠਜੋੜ
ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜਿੰਨਾ ਚਿਰ ਪਾਸ ਪ੍ਰਕਾਸ਼ ਸਿੰਘ ਬਾਦਲ ਕੋਲ ਪਾਰਟੀ ਦੀ ਕਮਾਂਡ ਸੀ ਉਸ ਸਮੇਂ ਤੱਕ ਅਕਾਲੀ-ਭਾਜਪਾ ਦੇ ਸਬੰਧ ਠੀਕ ਚੱਲੇ ਆ ਰਹੇ ਸਨ, ਇੱਥੋ ਤੱਕ ਕੇ ਭਾਜਪਾ ਦੇ ਹਾਰੇ ਹੋਏ ਆਗੂਆਂ ਨੂੰ ਕੈਬਨਿਟ ਰੈਂਕ ਦਿੱਤੇ ਗਏ ਸਨ ਲੇਕਿਨ ਜਦੋਂ 2012-2017 ਤੱਕ ਸਰਕਾਰ ਦੌਰਾਨ ਪਾਰਟੀ ਦੀ ਕਮਾਂਡ ਸੁਖਬੀਰ ਬਾਦਲ ਕੋਲ ਆਉਣ ਤੋਂ ਬਾਅਦ ਇਨ੍ਹਾਂ ਰਿਸ਼ਤਿਆਂ ਵਿੱਚ ਖਟਾਸ ਪੈਣੀ ਸ਼ੁਰੂ ਹੋ ਗਈ, ਇਸੇ ਦੌਰਾਨ ਹੀ 2015 ਵਿੱਚ ਬੇਅਦਬੀ ਕਾਂਡ ਵਿੱਚ ਜਦੋਂ ਬਾਦਲ ਪਰਿਵਾਰ ਨਿਸ਼ਾਨੇ ’ਤੇ ਆਇਆ ਤਦ ਭਾਜਪਾ ਹਾਈਕਮਾਂਡ ਨੇ ਪੰਜਾਬ ਦੀ ਲੀਡਰਸ਼ਿਪ ਦੇ ਪਿੱਛੇ ਲੱਗ ਕੇ ਇਨ੍ਹਾਂ ਮਾਮਲਿਆਂ ਵਿੱਚ ਆਪਣੇ ਪੈਰ ਪਿੱਛੇ ਖਿੱਚ ਲਏ ਸੀ ਤੇ ਸੁਖਬੀਰ ਬਾਦਲ ਨੇ ਵੀ ਭਾਜਪਾ ਨੇਤਾਵਾਂ ਨੂੰ ਕੋਈ ਬਹੁਤੀ ਅਹਿਮੀਅਤ ਦੇਣੀ ਵੀ ਛੱਡ ਦਿੱਤੀ ਸੀ, ਉਸ ਤੋਂ ਬਾਅਦ ਭਾਜਪਾ ਨੇਤਾਵਾਂ ਦੇ ਕਹਿਣ ਤੇ ਹੀ ਅਕਾਲੀ ਦਲ ਨੂੰ ਦੋਫਾੜ ਕਰਨ ਦੀ ਸਾਜਿਸ਼ ਬੀਜੇਪੀ ਨੇ ਰਚਣੀ ਸ਼ੁਰੂ ਕਰ ਦਿੱਤੀ ਸੀ ਜਿਸ ਵਿੱਚ ਸਵ.ਪ੍ਰਧਾਨ ਕਮਲ ਸ਼ਰਮਾ ਤੇ ਤੀਕਸ਼ਣ ਸੂਦ ਨੂੰ ਕਮਾਂਡ ਦਿੱਤੀ ਗਈ ਸੀ, ਜਿਸ ਵਿੱਚ ਪਹਿਲੀ ਕੋਸ਼ਿਸ਼ ਇਹ ਸੀ ਕਿ ਅਕਾਲੀ ਦਲ ਤੋਂ ਬਾਦਲ ਪਰਿਵਾਰ ਨੂੰ ਲਾਂਭੇ ਕਰਕੇ ਕਿਸੇ ਹੋਰ ਨੂੰ ਅਕਾਲੀ ਦਲ ਦੀ ਕਮਾਂਡ ਦਿਵਾਉਣਾ ਸੀ ਲੇਕਿਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਪਾਰਟੀ ਤੇ ਪਕੜ ਮਜਬੂਤ ਹੋਣ ਕਰਕੇ ਬੀ.ਜੇ.ਪੀ.ਦੀ ਇਹ ਚਾਲ ਕਾਮਯਾਬ ਨਹੀਂ ਹੋਈ, ਦੂਸਰੀ ਕੋਸ਼ਿਸ਼ ਅਕਾਲੀ ਦਲ ਦੇ ਦੋ ਦੋਫਾੜ ਕਰਕੇ ਇੱਕ ਹਿੱਸੇ ਨੂੰ ਹਿਮਾਇਤ ਕਰਨਾ ਸੀ ਜਿਹੜਾ ਕਿ ਅਕਾਲੀ ਦਲ ਸੰਯੁਕਤ ਢੀਂਡਸਾ ਦੇ ਤੌਰ ਤੇ ਅਕਾਲੀ ਦਲ ਟਕਸਾਲੀ ਦੇ ਤੌਰ ਉੱਪਰ ਸਾਹਮਣੇ ਆਏ ਲੇਕਿਨ ਇਹ ਦੋਵੇਂ ਆਪਣਾ ਵਜੂਦ ਨਾ ਬਣਾ ਸਕੇ ਤੇ ਬੀ.ਜੇ.ਪੀ.ਦੀ ਇਹ ਚਾਲ ਕਾਮਯਾਬ ਨਹੀਂ ਹੋਈ ਲੇਕਿਨ ਇਸੇ ਦੌਰਾਨ ਪੰਜਾਬ ਭਾਜਪਾ ਦੇ ਨੇਤਾਵਾਂ ਨੇ ਕਿਸਾਨ ਅੰਦੋਲਨ ਦੇ ਮਾਮਲੇ ਵਿੱਚ ਵੀ ਹਾਈਕਮਾਂਡ ਨੂੰ ਕਾਫੀ ਗੁੰਮਰਾਹ ਕੀਤਾ ਸੀ ਤੇ ਇਹ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਕੋਈ ਵੱਡਾ ਅੰਦੋਲਨ ਨਹੀਂ ਹੋਣ ਜਾ ਰਿਹਾ ਤੇ ਉਸ ਸਮੇਂ ਵੀ ਪੰਜਾਬ ਦੇ ਭਾਜਪਾ ਲੀਡਰਾਂ ਨੂੰ ਮੂੰਹ ਦੀ ਖਾਣੀ ਪਈ ਜਦੋਂ ਕਿਸਾਨ ਅੰਦੋਲਨ ਕਾਮਯਾਬ ਹੀ ਨਹੀਂ ਹੋਇਆ ਬਲਕਿ ਉਸ ਅੰਦੋਲਨ ਨੇ ਭਾਜਪਾ ਦੀ ਵਿਸ਼ਵਪੱਧਰੀ ਕਿਰਕਰੀ ਕਰਵਾਈ ਲੇਕਿਨ ਹੁਣ ਹਾਲਾਤ ਬਦਲ ਗਏ ਤੇ ਦੋਵੇਂ ਪਾਰਟੀਆਂ ਕੋਲ ਦੋਬਾਰਾ ਗੱਠਜੋੜ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ।
71-46 ਤੇ 8-5 ਦੀ ਰੇਸ਼ੋ ਦੀ ਚਰਚਾ
ਹਾਲਾਂਕਿ ਸੀਟਾਂ ਦੀ ਵੰਡ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾ ਦੇ ਬਜਾਰ ਗਰਮ ਹਨ ਲੇਕਿਨ ਜਿਹੜੀ ਗੱਲ ਨਿੱਕਲ ਕੇ ਸਾਹਮਣੇ ਆ ਰਹੀ ਹੈ, ਇਨ੍ਹਾਂ 2024 ਦੀਆਂ ਲੋਕ ਸਭਾ ਚੋਣਾ ਵਿੱਚ 8 ਸੀਟਾਂ ਤੇ ਅਕਾਲੀ ਦਲ ਤੇ 5 ਉੱਪਰ ਭਾਜਪਾ ਚੋਣ ਲੜੇਗੀ ਜਦੋਂ ਕਿ ਇਸ ਤੋਂ ਪਹਿਲਾ 10 ਸੀਟਾਂ ਅਕਾਲੀ ਦਲ ਕੋਲ ਸਨ ਤੇ 3 ਭਾਜਪਾ ਕੋਲ, ਜਿਨ੍ਹਾਂ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ, ਅਮਿ੍ਰਤਸਰ ਸੀ ਤੇ ਹੁਣ ਜਲੰਧਰ ਤੇ ਲੁਧਿਆਣਾ ਸੀਟਾਂ ਬੀ.ਜੇ.ਪੀ.ਦੇ ਖਾਤੇ ਜਾ ਸਕਦੀਆਂ ਹਨ ਹਾਂਲਾਕਿ ਇਹ ਵੀ ਚਰਚਾ ਹੈ ਕਿ ਅਕਾਲੀ ਦਲ-ਭਾਜਪਾ 6-6 ਉੱਪਰ ਤੇ ਇੱਕ ਸੀਟ ਬਸਪਾ ਨੂੰ ਛੱਡੀ ਜਾ ਸਕਦੀ ਹੈ ਜੇਕਰ ਉਹ ਗੱਠਜੋੜ ਵਿੱਚ ਸ਼ਾਮਿਲ ਹੋ ਸਕਦੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਸੀਟਾਂ ਦੀ ਵੰਡ ਜੋ ਸਾਹਮਣੇ ਆ ਰਹੀ ਹੈ ਉਸ ਵਿੱਚ ਬੀਜੇਪੀ ਨੂੰ 23 ਸੀਟਾਂ ਤੋਂ ਵਧਾ ਕੇ 46 ਸੀਟਾਂ ਦਿੱਤੇ ਜਾਣ ਦੀ ਸੰਭਾਵਨਾ ਹੈ ਤੇ 71 ਸੀਟਾਂ ਅਕਾਲੀ ਦਲ ਕੋਲ ਰਹਿਣਗੀਆਂ ਤੇ ਮੁੱਖ ਮੰਤਰੀ ਵੀ ਅਕਾਲੀ ਦਲ ਦਾ ਹੀ ਹੋਵੇਗਾ। ਇੱਥੇ ਜਿਕਰਯੋਗ ਹੈ ਕਿ ਅਕਾਲੀ ਦਲ ਪਿਛਲੇ ਕਾਫੀ ਸਮੇਂ ਤੋਂ ਡਾਵਾਡੋਲ ਦੀ ਹਾਲਤ ਵਿੱਚ ਹੈ ਤੇ ਪਾਰਟੀ ਦਾ ਪੱਧਰ ਕਾਫੀ ਹੇਠਾ ਡਿੱਗ ਚੁੱਕਾ ਹੈ ਤੇ ਭਾਜਪਾ ਨੇ ਇਨ੍ਹਾਂ ਹਾਲਾਤਾਂ ਦਾ ਪੂਰਾ ਫਾਇਦਾ ਉਠਾਉਦਿਆ ਆਪਣੀਆਂ ਸੀਟਾਂ ਦੁੱਗਣੀਆਂ ਕਰਨ ਵਿੱਚ ਕਾਮਯਾਬ ਹੋ ਗਈ ਹੈ ਤੇ ਅਕਾਲੀ ਦਲ ਪੰਜਾਬ ਵਿੱਚ ਹੋਰ ਸੁੰਗੜ ਕੇ ਮਹਿਜ 71 ਸੀਟਾਂ ’ਤੇ ਆ ਗਿਆ ਹੈ।
ਜਾਖੜ ਗੱਠਜੋੜ ਦੀ ਹਿਮਾਇਤ ਵਿੱਚ
ਪਤਾ ਲੱਗਾ ਹੈ ਕਿ ਭਾਜਪਾ ਹਾਈਕਮਾਂਡ ਪੁਰਾਣੀ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਨੁੱਕਰੇ ਲਗਾਉਣ ਦੇ ਰੌਂਅ ਵਿੱਚ ਹੈ ਤੇ ਇਸੇ ਕੜੀ ਵਿੱਚ ਹੀ ਸੁਨੀਲ ਜਾਖੜ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਹੈ ਤੇ ਜਾਖੜ ਇਸ ਗੱਠਜੋੜ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਜਦੋਂ ਕਿ ਬੀਜੇਪੀ ਦੀ ਪੁਰਾਣੀ ਲੀਡਰਸ਼ਿਪ ਇਸ ਗੱਠਜੋੜ ਦੇ ਹੱਕ ਵਿੱਚ ਨਹੀਂ ਸੀ, ਇਸ ਤਰ੍ਹਾਂ ਬੀਜੇਪੀ ਗੱਠਜੋੜ ਕਰਕੇ ਨਵਾਂ ਤਜਰਬਾ ਕਰਨ ਦੇ ਰੌਂਅ ਵਿੱਚ ਹੈ ਤੇ ਟਿਕਟਾਂ ਵੀ ਨਵੇਂ ਚਿਹਰਿਆਂ ਨੂੰ ਦਿੱਤੇ ਜਾਣ ਦੀ ਚਰਚਾ ਹੈ।
ਸੁਖਬੀਰ ਨੂੰ ਖੇਤੀਬਾੜੀ ਜਾਂ ਹਰਸਿਮਰਤ ਨੂੰ ਫੂਡ ਪ੍ਰੋਸੈਸਿੰਗ ਮਹਿਕਮਾ
ਜੇਕਰ ਇਹ ਗੱਠਜੋੜ ਹੁੰਦਾ ਹੈ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਹਾਈਕਮਾਂਡ ਨੇ ਸੁਖਬੀਰ ਸਿੰਘ ਬਾਦਲ ਨੂੰ ਖੇਤੀਬਾੜੀ ਵਿਭਾਗ ਦੇਣ ਦਾ ਪ੍ਰਸਤਾਵ ਦਿੱਤਾ ਹੈ ਲੇਕਿਨ ਜੇਕਰ ਸੁਖਬੀਰ ਬਾਦਲ ਇਹ ਕੈਬਨਿਟ ਰੈਂਕ ਨਹੀਂ ਲੈਂਦੇ ਤਾਂ ਹਰਸਿਮਰਤ ਕੌਰ ਬਾਦਲ ਨੂੰ ਪੁਰਾਣਾ ਪੋਰਟਫੋਲੀਓ ਹੀ ਦਿੱਤਾ ਜਾ ਰਿਹਾ ਹੈ ਹਾਂਲਾਕਿ ਇਹ ਵੀ ਜਾਣਕਾਰੀ ਹੈ ਕਿ ਸੁਖਬੀਰ ਬਾਦਲ ਨੇ ਪੰਜਾਬ ਵਿੱਚ ਸਰਗਰਮ ਰਹਿਣ ਨੂੰ ਤਰਜੀਹ ਦਿੱਤੀ ਹੈ ਤੇ ਹਰਸਿਮਰਤ ਕੌਰ ਨੂੰ ਹੀ ਮੋਦੀ ਕੈਬਨਿਟ ਵਿੱਚ ਥਾਂ ਦਿੱਤੀ ਜਾ ਰਹੀ ਹੈ। ਅਕਾਲੀ ਦਲ ਦੀਆਂ ਇਨ੍ਹਾਂ ਦੋਵਾਂ ਮੀਟਿੰਗਾਂ ਤੋਂ ਬਾਅਦ ਗੱਠਜੋੜ ਦੇ ਐਲਾਨ ਹੁੰਦਿਆ ਹੀ ਮੋਦੀ ਸਰਕਾਰ ਵਿੱਚ ਕੈਬਨਿਟ ਦਾ ਵਿਸਥਾਰ ਹੋ ਜਾਵੇਗਾ। ਭਾਜਪਾ ਦਾ ਸੁਖਬੀਰ ਨੂੰ ਖੇਤੀਬਾੜੀ ਮੰਤਰੀ ਬਣਾਉਣ ਪਿੱਛੇ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਲਈ ਖੇਤੀਬਾੜੀ ਵਿਭਾਗ ਬੇਹੱਦ ਅਹਿਮ ਹੈ ਤੇ ਜੇਕਰ ਭਗਵੰਤ ਮਾਨ ਸਰਕਾਰ ਨੇ ਖੇਤੀਬਾੜੀ ਸਬੰਧੀ ਕੇਂਦਰ ਤੋਂ ਕੁਝ ਹਾਸਿਲ ਕਰਨਾ ਹੈ ਤਾਂ ਇਨ੍ਹਾਂ ਕੋਲ ਸੁਖਬੀਰ ਬਾਦਲ ਕੋਲ ਜਾਣ ਤੋਂਇਲਾਵਾ ਹੋਰ ਕੋਈ ਰਾਹ ਨਹੀਂ ਬਚੇਗਾ, ਦੂਜੇ ਪਾਸੇ ਅਕਾਲੀ ਦਲ ਅੰਦਰ ਇਸ ਗੱਲ ਦੀ ਵੀ ਚਰਚਾ ਹੈ ਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਭਾਜਪਾ ਨੂੰ ਨਿਸ਼ਾਨੇ ਤੇ ਲੈ ਰਿਹਾ ਸੀ, ਜਿਨ੍ਹਾਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ, ਕਿਸਾਨਾਂ ਦੇ ਹੋਰ ਮਸਲਿਆਂ ਸਬੰਧੀ ਅਕਾਲੀ ਦਲ ਦਾ ਕੀ ਸਟੈਂਡ ਰਹੇਗਾ ਇਹ ਚਰਚਾ ਦਾ ਵਿਸ਼ਾ ਰਹੇਗਾ।