ਭਾਜਪਾ ਨਾਲੋ ਤੋੜ ਵਿਛੋੜਾ ਕਰੇ ਅਕਾਲੀ ਦਲ-ਪੀਰ ਮੁਹੰਮਦ
ਚੰਡੀਗੜ- ਅਕਾਲੀ ਦਲ ਬਾਦਲ ਜਦ ਤੱਕ ਭਾਜਪਾ ਨਾਲੋ ਨਾਤਾ ਨਹੀ ਤੋੜ ਲੈਦਾ ਉਸ ਵੇਲੇ ਤੱਕ ਉਸ ਨੂੰ ਕੋਈ ਹੱਕ ਨਹੀਂ ਕਿ ਉਹ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਅਲੱਗ-ਅਲੱਗ ਰਾਜਨੀਤਿਕ ਦਲ ਆਪਣੀ-ਆਪਣੀ ਰਾਜਨੀਤਿਕ ਜਮੀਨ ਤਿਆਰ ਕਰਨ ਲਈ ਆਪਣੀ ਪਾਰਟੀ ਦਾ ਪ੍ਰੋਗਰਾਮ ਦੇ ਰਹੇ ਹਨ, ਜਿਸ ਨਾਲ ਕਿਸਾਨ ਅੰਦੋਲਨ ਤਾਰੋਪੀਡੋਂ ਹੋ ਰਿਹਾ ਹੈ ਜਦ ਕਿ ਚਾਹੀਦਾ ਇਹ ਹੈ ਕਿ ਉਹ ਕਿਸਾਨ ਜਥੇਬੰਦੀਆਂ ਵੱਲੋ ਦਿੱਤੇ ਪ੍ਰੋਗਰਾਮ ਨੂੰ ਹੀ ਸਿਰੇ ਚਾੜਨ ਵਿੱਚ ਸਹਿਯੋਗ ਕਰਨ। ਉਨਾਂ ਕਿਹਾ ਕਿ ਕੇਦਰ ਸਰਕਾਰ ਵੱਲੋ ਪੰਜਾਬ ਦੇ ਕਿਸਾਨੀ ਕਿੱਤੇ ਨੂੰ ਬਰਬਾਦ ਕਰਨ ਤੇ ਦੇਸ਼ ਦੇ ਸੰਘੀ ਢਾਂਚੇ ਨੂੰ ਤੋੜਨ ਲਈ ਲਿਆਂਦੇ ਤਿੰਨੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਦੇ ਵਿਰੁੱਧ ਸੰਘਰਸ਼ ਤਿੱਖਾ ਕਰਨ ਸਬੰਧੀ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ( ਟਕਾਸਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੂਰਨ ਹਮਾਇਤ ਦਾ ਐਲਾਨ ਪਹਿਲਾ ਹੀ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਤੇ ਦੇਸ਼ ਭਰ ਵਿੱਚ ਆਰਡੀਨੈਂਸਾ ਵਿਰੁੱਧ ਚੱਲ ਰਹੇ ਘੋਲ ਦੀ ਪੁਰਜੋਰ ਹਮਾਇਤ ਕਰਦਿਆਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋ ਭਰਪੂਰ ਸਮਰਥਨ ਦਿੱਤਾ ਜਾਵੇਗਾ । ਉਨਾਂ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਕਰਨ ਵਾਲਾ ਕਿਸਾਨ ਅੱਜ ਸੜਕਾਂ ‘ਤੇ ਰੁੱਲ ਰਿਹਾ ਹੈ ਤੇ ਕੇਦਰ ਵੱਲੋ ਸਰਮਾਏਦਾਰ ਕੰਪਨੀਆਂ ਨੂੰ ਮਾਲੋ ਮਾਲ ਕਰਨ ਲਈ ਲਿਆਦਾ ਗਿਆ ਇਹ ਬਿੱਲ ਕਿਸਾਨ,ਮਜ਼ਦੂਰ ਆੜਤੀਆਂ ਦੇ ਪੇਟ ‘ਤੇ ਲੱਤ ਮਾਰਨ ਵਾਲਾ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ( ਟਕਾਸਲੀ) ਦੀ ਕੋਰ ਕਮੇਟੀ ਮੈਬਰਾਂ ਜੱਥੇਦਾਰ ਉਜਾਗਰ ਸਿੰਘ ਬਡਾਲੀ, ਮਨਮੋਹਨ ਸਿੰਘ ਸਠਿਆਲਾ, ਮਹਿੰਦਰ ਸਿੰਘ ਹੁਸੈਨਪੁਰ , ਮੱਖਣ ਸਿੰਘ ਨੰਗਲ, ਗੁਰਪ੍ਰਤਾਪ ਸਿੰਘ ਰਿਆੜ ਤੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਾਂਝੇ ਤੋਰ ‘ਤੇ ਕਿਹਾ ਕਿ 25 ਸਤੰਬਰ ਦੇ ਪੰਜਾਬ ਬੰਦ ਨੂੰ ਸਭ ਨੂੰ ਮਿਲ ਕੇ ਇਕੱਠੇ ਹੋਣ ਦੀ ਜ਼ਰੂਰਤ ਹੈ ।