-ਸਿੱਖਿਆ ਵਿਭਾਗ ਨੇ ਚਾੜਿਆ ਚੰਨ, ਲਿੰਗ ਫੜੀ ਬਾਂਦਰ ਪੇਪਰ ‘ਚ ਕੀਤਾ ਪੇਸ਼
ਚੰਡੀਗੜ-ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇਕ ਨਵਾਂ ਕਾਰਨਾਮਾ ਕਰ ਦਿੱਤਾ ਹੈ, ਜਦੋਂ ਇਕ ਟੈਸਟ ਵਿਚ ਇਕ ਬਾਂਦਰ ਦੀ ਅਜਿਹੀ ਫੋਟੋ ਲਗਾ ਦਿੱਤੀ ਗਈ ਜਿਸ ਵਿਚ ਬਾਂਦਰ ਆਪਣਾ ਲਿੰਗ (ਗੁਪਤ ਅੰਗ) ਫੜ ਕੇ ਬੈਠਾ ਹੋਇਆ ਹੈ, ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਕਾਰਨਾਮਾ ਸਿੱਖਿਆ ਵਿਭਾਗ ਦੇ ਪ੍ਰਾਈਮਰੀ ਵਿੰਗ ਵੱਲੋਂ ਕੀਤਾ ਗਿਆ ਹੈ, ਦਰਅਸਲ ਪੰਜਾਬ ਸਕੂਲ ਸਿੱਖਿਆ ਵਿਭਾਗ ਇਕ ਮੁਲਾਂਕਣ ਕਰਵਾ ਰਿਹਾ ਹੈ, ਜਿਸ ਵਿਚ ਹਰ ਕਲਾਸ ਦਾ ਆਨਲਾਈਨ ਸਰਵੇਖਣ ਮੁਲਾਂਕਣ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਪੰਜਾਬ ਪ੍ਰਾਪਤੀ ਸਰਵੇਖਣ –2020 (ਸਿਤੰਬਰ ਮੁਲਾਂਕਣ ) ਨਾਮ ਰੱਖਿਆ ਗਿਆ ਹੈ ਤੇ ਜਿਸ ਵਿਚ ਪ੍ਰਾਈਮਰੀ ਵਿਭਾਗ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦਾ ਹਰ ਵਿਸ਼ੇ ਵਿਚ ਮੁਲਾਂਕਣ ਕਰਵਾ ਰਿਹਾ ਹੈ। ਇਹ ਬਾਂਦਰ ਵਾਲਾ ਕਾਰਨਾਮਾ ਚੌਥੀ ਕਲਾਸ ਦੇ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਵਿਚ ਕਰਵਾਏ ਗਏ ਸਰਵੇਖਣ ਵਿਚ ਦੇਖਣ ਨੂੰ ਮਿਲ ਰਿਹਾ ਹੈ, ਇਸ ਵਿਚ ਵਾਤਾਵਰਣ ਸਬੰਧੀ 15 ਸਵਾਲ ਪੁੱਛੇ ਗਏ ਹਨ ਤੇ ਚੌਥੇ ਪ੍ਰਸ਼ਨ ਵਿਚ ਚਾਰ ਤਸਵੀਰਾਂ ਦਿਖਾ ਕੇ ਬੱਚਿਆਂ ਤੋਂ ਆਪਸ਼ਨ ਰਾਹੀਂ ਇਹ ਪੁੱਛਿਆ ਗਿਆ ਹੈ ਕਿ ਇਨਾਂ ਜੀਵਾਂ ਵਿਚੋ ਕਿਹੜਾ ਜੀਵ ਸੰਕੋਚੀ ਜੀਵ ਨਹੀਂ ਹੈ।
ਆਪਸ਼ਨ ਵਿਚ ਦਿੱਤੀਆਂ ਗਈਆਂ ਤਸਵੀਰਾਂ ਵਿਚ ਪਹਿਲੀ ਤਸਵੀਰ ਛਤਰਮੁਰਗ, ਦੂਸਰੀ ਤਸਵੀਰ ਵਿਚ ਗਲਿਹਰੀ (ਕਾਟੋ) ਤੇ ਤੀਜੀ ਤਸਵੀਰ ਵਿਚ ਵਿਵਾਦਤ ਬਾਂਦਰ ਦੀ ਤਸਵੀਰ ਮੌਜੂਦ ਹੈ ਤੇ ਚੌਥੀ ਤਸਵੀਰ ਖਰਗੋਸ਼ ਦੀ ਹੈ ਤੇ ਬਾਂਦਰ ਦੀ ਤਸਵੀਰ ਵਿਚ ਬਾਂਦਰ ਆਪਣਾ ਲਿੰਗ ਫੜ ਕੇ ਬੈਠਾ ਹੋਇਆ ਦਿਖਾਇਆ ਗਿਆ ਹੈ ਤੇ ਇਸ ਨੂੰ ਲੈ ਕੇ ਪੂਰੇ ਪੰਜਾਬ ਦੇ ਅਧਿਆਪਕਾਂ ਵਿਚ ਹੜਕੰਪ ਮਚਿਆ ਹੋਇਆ ਹੈ, ਖਾਸਕਰ ਮਹਿਲਾ ਅਧਿਆਪਕਾਵਾਂ ਇਸ ਨੂੰ ਇਕ ਸ਼ਰਮਨਾਕ ਘਟਨਾ ਦੇ ਤੌਰ ‘ਤੇ ਦੇਖ ਰਹੀਆਂ ਹਨ। ਹਰ ਇਕ ਟੈਸਟ ਪੂਰੇ ਪੰਜਾਬ ਦੇ ਅਧਿਆਪਕਾਂ ਨੂੰ ਇਕ ਦਿਨ ਪਹਿਲਾ ਭੇਜ ਦਿੱਤਾ ਜਾਂਦਾ ਹੈ ਤੇ ਇਹ ਮੌਜੂਦਾ ਟੈਸਟ 22 ਸਿਤੰਬਰ ਨੂੰ ਪੋਸਟ ਕੀਤਾ ਗਿਆ ਸੀ ਤੇ ਇਸ ‘ਤੇ ਬਕਾਇਦਾ ਤੌਰ ‘ਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਲੋਗੋ ਵੀ ਲੱਗਾ ਹੋਇਆ ਹੈ।
ਸੈਕਟਰੀ ਆਫਿਸ ਤੋਂ ਆਉਦਾ ਹੈ ਮਟੀਰੀਅਲ-ਬੋਹਾ
ਇਸ ਸਬੰਧੀ ਪੜੋਂ ਪੰਜਾਬ ਪ੍ਰੋਜੈਕਟ ਨੂੰ ਦੇਖ ਰਹੇ ਸਿੱਖਿਆ ਵਿਭਾਗ ਦੇ ਅਧਿਕਾਰੀ ਦਵਿੰਦਰ ਸਿੰਘ ਬੋਹਾ ਨੇ ਇਸ ਦਾ ਭਾਂਡਾ ਸੈਕਟਰੀ ਆਫਿਸ ‘ਤੇ ਭੰਨ ਦਿੱਤਾ ਤੇ ਕਿਹਾ ਕਿ ਇਹ ਸਾਰਾ ਮਟੀਰੀਅਲ ਸੈਕਟਰੀ ਆਫਿਸ ਤੋਂ ਆਉਦਾ ਹੈ। ਉਨਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ।