ਜਲੰਧਰ, 13 ਅਗਸਤ 2023 – ਜ਼ਿਲ੍ਹਾ ਜਲੰਧਰ ਦੇ ਨੇੜੇ ਦਿੱਲੀ ਕੱਟੜਾ ਐਸਕਪ੍ਰੈਸ ਹਾਈਵੇ ਦੀ ਉਸਾਰੀ ਦੌਰਾਨ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਇੰਜੀਨੀਅਰ ਮਸ਼ੀਨ ਠੀਕ ਕਰਨ ਲਈ 60 ਫੁੱਟ ਡੂੰਘੇ ਬੋਰਵੈਲ ਵਿੱਚ ਉਤਰਿਆ ਸੀ ਉੱਤੋ ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਵਿੱਚ ਹੀ ਫਸ ਗਿਆ।
ਮਿਲੀ ਜਾਣਕਾਰੀ ਅਨੁਸਾਰ ਇੰਜਨੀਅਰ ਮਸ਼ੀਨ ਦੀ ਮੁਰੰਮਤ ਕਰਨ ਲਈ ਬੋਰਵੈੱਲ ‘ਚ ਉਤਰਿਆ ਸੀ। ਉਹ ਆਪਣੇ ਨਾਲ ਆਕਸੀਜਨ ਸਿਲੰਡਰ ਵੀ ਲੈ ਗਿਆ ਸੀ, ਜਦੋਂ ਉਹ ਉੱਪਰ ਆਉਣ ਲੱਗਾ ਤਾਂ ਮਿੱਟੀ ਉਸ ‘ਤੇ ਡਿੱਗ ਪਈ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਹੋਰ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਇੱਕ ਵਾਰ ਫਿਰ ਬੋਰਵੈੱਲ ਵਿੱਚ 40 ਫੁੱਟ ਤੋਂ ਜ਼ਿਆਦਾ ਮਿੱਟੀ ਡਿੱਗ ਗਈ।

ਦਿੱਲੀ-ਅੰਮ੍ਰਿਤਸਰ-ਜੰਮੂ-ਕਟੜਾ ਹਾਈਵੇਅ ਪ੍ਰਾਜੈਕਟ ਤਹਿਤ ਕਰਤਾਰਪੁਰ ਸ਼ਹਿਰ ਤੋਂ ਕਪੂਰਥਲਾ ਨੂੰ ਜਾਂਦੇ ਪਿੰਡ ਬਸ਼ਰਾਮਪੁਰ ਨੇੜੇ ਹਾਈਵੇਅ ਪ੍ਰਾਜੈਕਟ ਚੱਲ ਰਿਹਾ ਹੈ। ਸਾਰੀਆਂ ਸਥਾਨਕ ਸੜਕਾਂ ‘ਤੇ ਫਲਾਈਓਵਰ ਬਣਾਏ ਜਾ ਰਹੇ ਹਨ ਤਾਂ ਜੋ ਐਕਸਪ੍ਰੈਸ ਵੇਅ ਦੀ ਆਵਾਜਾਈ ਨਿਰੰਤਰ ਚੱਲਦੀ ਰਹੇ।
ਗੌਰਤਲਬ ਹੈ ਕਿ ਇਹ ਘਟਨਾ ਬੀਤੀ ਰਾਤ ਸ਼ਨੀਵਾਰ ਕਰੀਬ 8 ਵਜੇ ਵਾਪਰੀ। ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ। ਜਦੋਂ ਕੋਈ ਸਫਲਤਾ ਨਾ ਮਿਲੀ ਤਾਂ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ ਗਿਆ। NDRF ਦੀਆਂ ਟੀਮਾਂ ਬਚਾਅ ਮੁਹਿੰਮ ਚਲਾ ਕੇ ਉਸ ਦੀ ਭਾਲ ਕਰ ਰਹੀਆਂ ਹਨ। ਇੰਜੀਨੀਅਰ ਦੀ ਪਛਾਣ ਸੁਦੇਸ਼ (30) ਵਜੋਂ ਹੋਈ ਹੈ। ਉਹ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ।