ਅੰਮ੍ਰਿਤਸਰ, 13 ਅਗਸਤ 2023 – ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ ਜਾਣ ਲਈ ਗੁਰਦੁਆਰਿਆਂ ਵਿੱਚ ਖਿਡੌਣੇ ਦੇ ਜਹਾਜ਼ ਚੜ੍ਹਾਉਣ ਦੀ ਪ੍ਰਥਾ ਨੂੰ ਬੰਦ ਕਰੇਗੀ। ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਹਵਾਈ ਜਹਾਜ ਵਰਗੇ ਖਿਡੌਣੇ ਚੜ੍ਹਾਉਣ ਦੀ ਪ੍ਰਥਾ ਨੂੰ ਰੋਕਣ ਲਈ ਸੇਵਾਦਾਰਾਂ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਸੰਗਤ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੇਸ਼ ਵਿੱਚ ਹੋ ਰਹੇ ਫਿਰਕੂ ਦੰਗਿਆਂ ਬਾਰੇ ਚਰਚਾ ਕੀਤੀ ਗਈ। ਪਰ ਇਸ ਦੌਰਾਨ ਪੰਜਾਬ ਤੋਂ ਬਾਹਰ ਜਾ ਰਹੇ ਨੌਜਵਾਨਾਂ ਬਾਰੇ ਵੀ ਵਿਚਾਰ ਕੀਤਾ ਗਿਆ।
ਇਸ ਦੌਰਾਨ ਵਿਦੇਸ਼ ਜਾਣ ਅਤੇ ਵੀਜ਼ੇ ਲੈਣ ਲਈ ਗੁਰਦੁਆਰਿਆਂ ਵਿੱਚ ਖਿਡੌਣੇ ਦੇ ਜਹਾਜ਼ ਚੜ੍ਹਾਉਣ ਦੀ ਪ੍ਰਥਾ ਨੂੰ ਰੋਕਣ ਬਾਰੇ ਵੀ ਵਿਚਾਰ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਦਾਇਤਾਂ ਮਿਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਮੁਲਾਜ਼ਮਾਂ ਤੇ ਸੇਵਾਦਾਰਾਂ ਨੂੰ ਅਜਿਹੀ ਪ੍ਰਥਾ ਨੂੰ ਰੋਕਣ ਲਈ ਸਖ਼ਤ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਜਲਦੀ ਹੀ ਐਸਜੀਪੀਸੀ ਵੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਯੋਜਨਾ ਤਿਆਰ ਕਰੇਗੀ।