ਦਾ ਐਡੀਟਰ ਨਿਊਜ.ਪਟਿਆਲਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਉਨ੍ਹਾਂ ਦੇ ਜੱਦੀ ਸ਼ਹਿਰ ਪਟਿਆਲਾ ਵਿੱਚ ਜਾ ਕੇ ਤਿੱਖਾ ਸ਼ਬਦੀ ਹਮਲਾ ਬੋਲਦਿਆ ਕਿਹਾ ਕਿ ਕੈਪਟਨ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਆਪਣੇ ਜੱਦੀ ਸ਼ਹਿਰ ਵਿੱਚ ਨਹੀਂ ਆਏ ਤੇ ਮੈਂ ਮੁੱਖ ਮੰਤਰੀ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਇਸ ਸ਼ਾਹੀ ਸ਼ਹਿਰ ਵਿੱਚ ਮਹਾਰਾਜਾ ਪਟਿਆਲਾ ਦੇ ਸਮੁੱਚੇ ਕਾਰਜਕਾਲ ਵਿੱਚ ਮਾਰੇ ਗੇੜਿਆਂ ਨਾਲੋਂ ਵੱਧ ਵਾਰ ਆ ਚੁੱਕਾ ਹਾ, ਮੁੱਖ ਮੰਤਰੀ ਇੱਥੇ ਨਵੇਂ ਬਣਾਏ ਗਏ ਬੱਸ ਅੱਡੇ ਦਾ ਉਦਘਾਟਨ ਕਰਨ ਲਈ ਆਏ ਹੋਏ ਸਨ। ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਦੇ ਵੋਟਰਾਂ ਨੇ ਸੂਬਾ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਦੇ ਹੱਕ ਵਿੱਚ ਫਤਵਾ ਦੇ ਕੇ ਰਵਾਇਤੀ ਪਾਰਟੀਆਂ ਦੇ ਨਾਂਹ-ਪੱਖੀ ਅਤੇ ਨਫ਼ਰਤੀ ਰਾਜਨੀਤੀ ਦੇ ਪ੍ਰਾਪੇਗੰਡਾ ਨੂੰ ਰੱਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਜਿੱਤ ਨੇ ਉਨ੍ਹਾਂ ਨੂੰ ਹੋਰ ਜ਼ਿਆਦਾ ਸਮਰਪਣ ਤੇ ਵਚਨਬੱਧਤਾ ਨਾਲ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਨਾਲ ਭਰ ਦਿੱਤਾ ਹੈ।
ਜਨਰਲ ਡਾਇਰ ਦਾ ਸਨਮਾਨ ਕਰਨ ਵਾਲੇ ਸਵਾਲ ਨਾ ਕਰਨ
ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਪਰ ਨਾਮ ਲਏ ਬਿਨਾਂ ਸ਼ਬਦੀ ਹਮਲਾ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਸਿਰਫ਼ ਸੂਬੇ ਦੇ ਲੋਕਾਂ ਪ੍ਰਤੀ ਜਵਾਬਦੇਹ ਹਨ ਨਾ ਕਿ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਪੁਰਖਿਆਂ ਨੇ ਜਲਿ੍ਹਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਡਰੱਗ ਮਾਫੀਆ ਦੀ ਸਰਪ੍ਰਸਤੀ ਕਰਦੇ ਰਹੇ ਹਨ ਅਤੇ ਇਸ ਸਮੇਂ ਆਪਣੇ ਗੁਨਾਹਾਂ ਲਈ ਜ਼ਮਾਨਤ ’ਤੇ ਹਨ, ਉਨ੍ਹਾਂ ਨੂੰ ਕੋਈ ਵੀ ਸਵਾਲ ਪੁੱਛਣ ਦਾ ਨੈਤਿਕ ਹੱਕ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਅਖੌਤੀ ਕਾਨਵੈਂਟ ਸਕੂਲਾਂ ਦੇ ਪੜ੍ਹੇ-ਲਿਖੇ ਲੀਡਰਾਂ ਨੂੰ ਕਿਸੇ ਨਾਲ ਗੱਲ ਕਰਨ ਦਾ ਸਲੀਕਾ ਵੀ ਨਹੀਂ ਹੈ, ਜਿਸ ਕਾਰਨ ਉਹ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਰਦੇ ਹਨ, ਜੋ ਕਿ ਅਣਉਚਿਤ ਅਤੇ ਗੈਰਵਾਜਬ ਹੈ।
ਆਮ ਆਦਮੀ ਦੇ ਕੰਮ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਹੇ
ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਇਸ ਗੱਲੋਂ ਵੈਰ ਰੱਖਦੀਆਂ ਹਨ ਕਿਉਂਕਿ ਉਹ ਆਮ ਪਰਿਵਾਰ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਸਮਝਦੇ ਸਨ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਰਾਜ ਕਰਨ ਦਾ ਦੈਵੀ ਅਧਿਕਾਰ ਹੈ, ਇਸ ਕਾਰਨ ਹੀ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਆਦਮੀ ਪੰਜਾਬ ਦਾ ਕੰਮਕਾਜ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੰਮੇ ਸਮੇਂ ਤੋਂ ਲੋਕਾਂ ਨੂੰ ਮੂਰਖ ਬਣਾਇਆ ਪਰ ਹੁਣ ਲੋਕ ਗੁਮਰਾਹਕੁਨ ਪ੍ਰਚਾਰ ਨੂੰ ਚੰਗੀ ਤਰ੍ਹਾਂ ਸਮਝਦੇ ਹਨ।
ਹਰ ਰੋਜ ਵਿਕਾਸ ਲਈ ਚਾਰ-ਪੰਜ ਬਟਨ ਦਬਾ ਰਿਹਾ ਹਾਂ
ਮੁੱਖ ਮੰਤਰੀ ਨੇ ਕਿਹਾ ਕਿ ਇਕ ਸਾਲ ਪਹਿਲਾਂ ਸੂਬੇ ਦੇ ਲੋਕਾਂ ਨੇ ਉਨ੍ਹਾਂ ਨੂੰ ਇਲੈਕਟਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਦਾ ਬਟਨ ਦਬਾ ਕੇ ਸੱਤਾ ਵਿੱਚ ਲਿਆਂਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਅੱਜ ਇਕ ਸਾਲ ਦੇ ਅੰਦਰ ਉਹ ਸੂਬੇ ਦੇ ਲੋਕਾਂ ਨੂੰ ਨਵੇਂ ਪ੍ਰੋਜੈਕਟ ਸਮਰਪਿਤ ਕਰਨ ਲਈ ਰੋਜ਼ਾਨਾ ਚਾਰ-ਪੰਜ ਬਟਨ ਦਬਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ, ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰੇਗਾ।
ਸੂਬੇ ਭਰ ਵਿੱਚ ਅਜਿਹੇ ਬੱਸ ਸਟੈਂਡ ਬਣਾਵਾਂਗੇ
ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਬਣਿਆ ਬੱਸ ਸਟੈਂਡ ਲਿਫਟਾਂ ਸਮੇਤ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ 61 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਬੱਸ ਸਟੈਂਡ ਵਿੱਚ ਲੋਕਾਂ ਦੀ ਸਹੂਲਤ ਲਈ 45 ਕਾਊਂਟਰ ਹਨ ਅਤੇ ਮੌਜੂਦਾ ਬੱਸ ਸਟੈਂਡ ਨੂੰ ਸਿਟੀ ਬੱਸ ਸਟੈਂਡ ਵਜੋਂ ਵਰਤਿਆ ਜਾਵੇਗਾ ਜਿੱਥੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਲਈ ਇਲੈਕਟਰੀਕਲ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਬੱਸ ਸਟੈਂਡ ਦੀ ਤਰਜ਼ ’ਤੇ ਸੂਬੇ ਭਰ ਵਿੱਚ ਅਜਿਹੇ ਹੋਰ ਬੱਸ ਸਟੈਂਡ ਬਣਾਏ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਲਾਲਜੀਤ ਸਿੰਘ ਭੁੱਲਰ ਅਤੇ ਡਾ: ਬਲਬੀਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ