ਮੰਤਰੀ ਬਾਜਵਾ ਵੱਲੋਂ ਇਸ ਸਾਲ ਪਿੰਡਾਂ ‘ਚ 1500 ਖੇਡ ਮੈਦਾਨ ਬਣਾਉਣ ਦਾ ਦਾਅਵਾ
ਚੰਡੀਗੜ- ਪੰਜਾਬ ਦੇ ਪਿੰਡਾਂ ਵਿਚ ਸ਼ਹਿਰਾਂ ਵਾਂਗ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਸ ਸਾਲ 1500 ਖੇਡ ਮੈਦਾਨ ਅਤੇ ਪਾਰਕ ਬਣਾਏ ਜਾਣਗੇ, ਇਹ ਜਾਣਕਾਰੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੀ। ਇਸ ਦੇ ਨਾਲ ਹੀ ਪੰਚਾਇਤ ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਦੇ ਚੱਲਦਿਆਂ ਇਸ ਲੰਘੇ ਸਮੇਂ ਦੌਰਾਨ ਕਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਵਿੱਤੀ ਸਾਲ 2020-21 ਦੌਰਾਨ ਰਾਜ ਅੰਦਰ ਕੁੱਲ 750 ਪਾਰਕ ਬਣਾਏ ਜਾਣਗੇ, ਜਿੰਨਾਂ ਵਿਚੋਂ 578 ਪਾਰਕ ਨਿਰਮਾਣ ਅਧੀਨ ਹਨ। ਇਸ ਤੋਂ ਇਲਾਵਾ ਇਸ ਵਿੱਤੀ ਸਾਲ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿੰਡਾਂ ਵਿੱਚ 750 ਖੇਡ ਮੈਦਾਨ ਬਣਾਉਣ ਦਾ ਟੀਚਾ ਮਿੱਥਿਆ ਹੈ, ਜਿਨਾਂ ਵਿੱਚੋਂ ਕੁੱਲ 165 ਖੇਡ ਦੇ ਮੈਦਾਨ ਨਿਰਮਾਣ ਅਧੀਨ ਹਨ। ਬਾਜਵਾ ਨੇ ਕਿਹਾ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਜਿੱਥੇ ਪਿੰਡਾਂ ਦੀ ਦਿੱਖ ਵਧੀਆ ਬਣ ਸਕੀ ਹੈ ਉਥੇ ਹੀ ਪਿੰਡ ਹਰੇ -ਭਰੇ ਬਣਨ ਦੇ ਨਾਲ ਨਾਲ ਪਿੰਡਾਂ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਹੋਇਆ ਹੈ। ਉਨਾਂ ਦਾਅਵਾ ਕੀਤਾ ਕਿ ਸਰਕਾਰ ਨੇ ਵਿੱਤੀ ਸਾਲ 2018-19 ਅਤੇ 2019-20 ਦੌਰਾਨ ਕੁੱਲ 913 ਪਾਰਕਾਂ ਦਾ ਨਿਰਮਾਣ ਕੀਤਾ ਹੈ ਅਤੇ ਅਤੇ ਇਕੱਲੇ ਵਿੱਤੀ ਸਾਲ 2019-20 ਦੌਰਾਨ ਹੀ 921 ਖੇਡ ਮੈਦਾਨ ਬਣਾਏ ਗਏ ਹਨ। ਪੇਂਡੂ ਵਿਕਾਸ ਵਿਭਾਗ ਦੀ ਵਿੱਤੀ ਕਮਿਸ਼ਨਰ ਸ਼੍ਰੀਮਤੀ ਸੀਮਾ ਜੈਨ ਨੇ ਦੱਸਿਆ ਕਿ ਪਿੰਡਾਂ ਵਿਚ ਖੇਡ ਮੈਦਾਨ ਅਤੇ ਪਾਰਕਾਂ ਦੇ ਨਿਰਮਾਣ ਵਿਚ ਮਗਨਰੇਗਾ ਸਕੀਮ ਦੇ ਅੰਤਰਗਤ ਲੱਖਾਂ ਲੋੜਵੰਦ ਲੋਕਾਂ ਨੂੰ ਰੁਜਗਾਰ ਪ੍ਰਾਪਤ ਹੋਇਆ ਹੈ।