ਜਲੰਧਰ ਜਿਲੇ ਦੇ ਓਟ ਸੈਂਟਰਾਂ ਤੋਂ 13650 ਮਰੀਜ਼ਾਂ ਨੇ ਲਿਆ ਲਾਹਾ
ਜਲੰਧਰ-ਜ਼ਿਲੇ ਦੇ ਸਰਕਾਰੀ ਓਟ ਸੈਂਟਰਾਂ ਜਿਨਾਂ ਤੋਂ ਹੁਣ ਤੱਕ 13650 ਤੋਂ ਜ਼ਿਆਦਾ ਮਰੀਜ਼ਾਂ ਨੇ ਇਲਾਜ ਦੀ ਸਹੂਲਤ ਪ੍ਰਾਪਤ ਕੀਤੀ ਗਈ ਹੈ, ਨਸ਼ਿਆਂ ‘ਤੇ ਨਿਰਭਰ ਲੋਕਾਂ ਅਤੇ ਉਨਾਂ ਦੇ ਪਰਿਵਾਰਾਂ ਲਈ ਆਸ ਦੀ ਕਿਰਨ ਵਜੋਂ ਉਭਰ ਰਹੇ ਹਨ ਇਹ ਓਟ ਸੈਂਟਰ। ਜ਼ਿਲੇ ਵਿਚ 10 ਓਟ ਸੈਂਟਰ ਸ਼ਾਹਕੋਟ, ਕਰਤਾਰਪੁਰ, ਆਦਮਪੁਰ, ਸ਼ੇਖੇ, ਫਿਲੌਰ, ਨੂਰਮਹਿਲ, ਕਾਲਾ ਬੱਕਰਾ ,ਨਕੋਦਰ,ਲੋਹੀਆਂ ਖਾਸ ਅਤੇ ਅਪਰਾ ਵਿਖੇ ਚੱਲ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲੇ ਵਿੱਚ ਰਜਿਸਟਰਡ 10 ਓਟ ਸੈਂਟਰਾਂ ਵਿਚ ਹੁਣ ਤੱਕ 13650 ਜਿਸ ਵਿਚ ਓ.ਪੀ.ਡੀ. ਰਾਹੀਂ ਸ਼ੇਖੇ ਤੋਂ 4768, ਨਕੋਦਰ 2477, ਫਿਲੌਰ 782, ਨੂਰਮਹਿਲ 773, ਆਦਮਪੁਰ 1560, ਕਰਤਾਰਪੁਰ 708, ਅਪਰਾ 806, ਸ਼ਾਹਕੋਟ 530, ਕਾਲਾ ਬੱਕਰਾ 781 ਅਤੇ ਲੋਹੀਆਂ ਖਾਸ ਤੋਂ 468 ਲੋਕਾਂ ਵਲੋਂ ਇਲਾਜ ਦੀ ਸਹੂਲਤ ਦਾ ਲਾਭ ਉਠਾਇਆ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਓਟ ਸੈਂਟਰਾਂ ਵਿੱਚ ਨਸ਼ਿਆਂ ‘ਤੇ ਨਿਰਭਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜੋ ਇਹ ਦਰਸਾਉਂਦਾ ਹੈ ਕਿ ਇਹ ਲੋਕ ਨਸ਼ਿਆਂ ਦੇ ਕਲੰਕ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ ਜੋ ਸੂਬੇ ਦੇ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ।