ਦਾ ਐਡੀਟਰ ਨਿਊਜ.ਚੰਡੀਗੜ੍ਹ —– ਆਰਟੀਆਈ ਕਾਰਕੁੰਨ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀ.ਜੀ.ਪੀ. ਨੂੰ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਖਿਲਾਫ ਲਿਖਤੀ ਸ਼ਿਕਾਇਤ ਭੇਜਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਸਦੀ ਸ਼ਿਕਾਇਤ ਗਲਤ ਹੋਵੇ ਤਾਂ ਵਿਜੀਲੈਂਸ ਵਿਭਾਗ ਉਸ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਵੇ। ਜੈ ਕ੍ਰਿਸ਼ਨ ਸਿੰਘ ਰੌੜੀ ਖਿਲਾਫ ਲਿਖੀ ਸ਼ਿਕਾਇਤ ਵਿੱਚ ਪਰਵਿੰਦਰ ਸਿੰਘ ਕਿੱਤਣਾ ਨੇ ਕਿਹਾ ਹੈ ਕਿ ਜੈ ਸਿੰਘ ਰੌੜੀ ਵਲੋਂ ਆਪਣੇ ਅਹੁਦੇ ਅਤੇ ਅਖਤਿਆਰੀ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਜਿਸ ਕਾਰਨ ਉਹਨਾਂ ਨੂੰ ਡਿਪਟੀ ਸਪੀਕਰ ਦੇ ਅਹੱੁਦੇ ਤੋਂ ਹਟਾ ਕੇ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਉਣ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਲਿਖਿਆ ਹੈ ਕਿ ਜੈ ਸਿੰਘ ਰੌੜੀ ਜਦੋਂ ਪਿਛਲੀ ਸਰਕਾਰ ਵੇਲੇ ਵਿਰੋਧੀ ਧਿਰ ਵਿੱਚ ਸਨ ਤਾਂ ਆਪਣੇ ਇਲਾਕੇ ਵਿੱਚ ਪ੍ਰਦੂਸ਼ਣ, ਗੈਰ-ਕਨੂੰਨੀ ਮਾਈਨਿੰਗ ਅਤੇ ਹੋਰ ਕਈ ਮੁੱਦਿਆਂ ’ਤੇ ਅਕਸਰ ਬੋਲਦੇ ਨਜ਼ਰ ਆਉਂਦੇ ਸਨ, ਲੇਕਿਨ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਇਹ ਬਿਲਕੁਲ ਚੁੱਪ ਹਨ, ਇਹਨਾਂ ਵਲੋਂ ਗੈਰ ਕਨੂੰਨੀ ਮਾਈਨਿੰਗ ਅਤੇ ਅਜਿਹੀਆਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਵਾਲਿਆਂ ਨਾਲ ਭਾਈਵਾਲੀ ਕਰਨ ਦੀ ਚਰਚਾ ਵੀ ਸੁਣਨ ਵਿੱਚ ਆ ਰਹੀ ਹੈ ਅਤੇ ਦੇਖਣ ਨੂੰ ਵੀ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਇਹਨਾਂ ਵਲੋਂ ਮਾਰਕੀਟ ਕਮੇਟੀ ਦੇ ਇੱਕ ਕਰਮਚਾਰੀ ਦੀ ਬਦਲੀ ਕਰਵਾਉਣ ਲਈ ਕਥਿਤ ਤੌਰ ’ਤੇ 5 ਲੱਖ ਰੁਪਏ ਲਏ ਗਏ ਸਨ ਜਿਸ ਬਾਰੇ ਕਈ ਖਬਰਾਂ ਛਪੀਆਂ ਸਨ, ਇੱਕ ਹੋਰ ਵਿਅਕਤੀ ਵਲੋਂ ਵੀ ਮੁੱਖ ਮੰਤਰੀ ਦਫਤਰ ਨੂੰ ਸ਼ਿਕਾਇਤ ਭੇਜ ਕੇ ਦੱਸਿਆ ਗਿਆ ਸੀ ਕਿ ਜੈ ਸਿੰਘ ਰੌੜੀ ਨੇ ਉਸ ਤੋਂ ਇੱਕ ਜਾਇਜ਼ ਕੰਮ ਕਰਵਾਉਣ ਲਈ ਵੀ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਉਨ੍ਹਾਂ ਕਿਹਾ ਕਿ ਮੇਰੇ ਵਲੋਂ ਸੂਚਨਾ ਅਧਿਕਾਰ ਕਨੂੰਨ 2005 ਤਹਿਤ ਇਹਨਾਂ ਦੇ ਅਖਤਿਆਰੀ ਫੰਡਾਂ ਦੀ ਵੰਡ ਬਾਰੇ ਹਾਸਲ ਕੀਤੀ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਨਾ ਤਾਂ ਇਹਨਾਂ ਨੂੰ ਆਪਣੇ ਅਹੱੁਦੇ ਦੀ ਮਾਣ ਮਰਿਆਦਾ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਹੈ ਅਤੇ ਨਾ ਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪ੍ਰਵਾਹ ਹੈ। ਪੰਜਾਬ ਵਿਧਾਨ ਸਭਾ ਵਲੋਂ ਪੱਤਰ ਨੰ: 20/ਪੀ.ਆਈ.ਓ/2023/7208 ਮਿਤੀ 04/05/2023 ਰਾਹੀਂ ਦਿੱਤੀ ਸੂਚਨਾ ਤੋਂ ਪਤਾ ਲੱਗਦਾ ਹੈ ਕਿ ਜੈ ਸਿੰਘ ਰੌੜੀ ਨੇ ਆਪਣੇ ਅਖਤਿਆਰੀ ਫੰਡਾਂ ਦੀ ਦੁਰਵਰਤੋਂ ਕੀਤੀ ਹੈ।
ਆਪਣੀ ਪਾਰਟੀ ਦੇ ਅਤੇ ਆਪਣੇ ਖਾਸਮਖਾਸ ਅਜਿਹੇ ਵਿਅਕਤੀਆਂ ਨੂੰ ਮਕਾਨ ਬਣਾਉਣ ਲਈ ਪੰਜਾਹ-ਪੰਜਾਹ ਹਜ਼ਾਰ ਦੇ ਚੈੱਕ ਦਿੱਤੇ ਜਿਹਨਾਂ ਨੇ ਕੋਈ ਮਕਾਨ ਨਹੀਂ ਬਣਾਇਆ ਸਗੋਂ ਉਹਨਾਂ ਦੇ ਪਹਿਲਾਂ ਹੀ ਵਧੀਆ ਤੇ ਦੋ ਦੋ ਮੰਜ਼ਲੇ ਮਕਾਨ ਬਣੇ ਹੋਏ ਹਨ,ਅਜਿਹੇ ਵਿਅਕਤੀਆਂ ਨੂੰ ਵੀ ਚੈੱਕ ਦਿੱਤੇ ਗਏ ਹਨ ਜਿਹਨਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਗਏ ਹੋਏ ਹਨ, ਇੰਨਾ ਹੀ ਨਹੀਂ ਇੱਕ ਘਰ ਦੇ ਦੋ-ਦੋ, ਤਿੰਨ-ਤਿੰਨ ਮੈਂਬਰਾਂ ਨੂੰ ਵੀ ਮਕਾਨ ਉਸਾਰੀ ਜਾਂ ਮੁਰੰਮਤ ਲਈ ਰਾਸ਼ੀ ਜਾਰੀ ਕੀਤੀ ਗਈ ਹੈ।ਸ਼ੀ ਰੌੜੀ ਦੇ ਨਜ਼ਦੀਕੀ ਗਰੁੱਪ ਦੇ ਬਹੁਤੇ ਮੈਂਬਰਾਂ ਨੂੰ ਇਹ ਰਾਸ਼ੀ ਦਿੱਤੀ ਹਾਲਾਂਕਿ ਉਹਨਾਂ ’ਚੋਂ ਕੋਈ ਵੀ ਇਸਦਾ ਹੱਕਦਾਰ ਨਹੀਂ ਸੀ। ਕਿੱਤਣਾ ਨੇ ਕਿਹਾ ਕਿ ਨਿਯਮਾਂ ਮੁਤਾਬਿਕ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਸਿਰਫ ਨਵੇਂ ਮਕਾਨ ਬਣਾਉਣ ਲਈ ਤੇ ਮਕਾਨ ਦੀ ਮੁਰੰਮਤ ਲਈ ਸਿਰਫ 15 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੈ ਸਿੰਘ ਰੌੜੀ ਨੇ ਆਪਣੇ ਹਲਕੇ ਗੜ੍ਹਸ਼ੰਕਰ ਵਿੱਚ 1 ਕਰੋੜ 83 ਲੱਖ 15 ਹਜ਼ਾਰ ਰੁਪਏ ਵੰਡ ਦਿੱਤੇ ਜੋ ਕਿ ਕੁੱਲ ਅਖਤਿਆਰੀ ਫੰਡਾਂ ਦਾ 61.05% ਬਣਦਾ ਹੈ, ਜਦਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਐਡਵੋਕੇਟ ਐਚ.ਸੀ. ਅਰੋੜਾ ਵਲੋਂ ਪਾਈ ਪਟੀਸ਼ਨ ਨੰ ਵਿੱਚ ਪੰਜਾਬ ਸਰਕਾਰ ਵਲੋਂ ਜਵਾਬ ਦਿੱਤਾ ਗਿਆ ਸੀ ਕਿ ਆਪਣੇ ਹਲਕੇ ਵਿੱਚ ਅਖਤਿਆਰੀ ਫੰਡ ਦੀ 50% ਤੋਂ ਜ਼ਿਆਦਾ ਰਾਸ਼ੀ ਨਹੀਂ ਦਿੱਤੀ ਜਾ ਸਕਦੀ। ਕਿੱਤਣਾ ਨੇ ਕਿਹਾ ਨਵਾਂਸ਼ਹਿਰ ਵਿਖੇ ਖੁੱਲ੍ਹੀ ਇੱਕ ਟਰੈਕਟਰ ਏਜੰਸੀ ਸਬੰਧੀ ਰੌੜੀ ਸੋਸ਼ਲ ਮੀਡੀਆ ’ਤੇ ਦੋ ਵਿਅਕਤੀਆਂ ਦਾ ਨਾਮ ਲਿਖ ਕੇ ਉਹਨਾਂ ਨੂੰ ਨਵੇਂ ਕਾਰੋਬਾਰ ਦੀ ਵਧਾਈ ਦਿੰਦੇ ਹਨ, ਉਹਨਾਂ ਵਿਅਕਤੀਆਂ ਵਿੱਚੋਂ ਹੀ ਇੱਕ ਦੇ ਪਰਿਵਾਰ ਨੂੰ ਅਖਤਿਆਰੀ ਫੰਡ ‘ਚੋਂ ਦੋ ਵਾਰ ਪੈਸੇ ਦੇਣ ਦੇ ਮਾਮਲੇ ’ਤੇ ਸਪੱਸ਼ਟੀਕਰਨ ਦਿੰਦਿਆਂ ਉਸ ਨੂੰ ਏਜੰਸੀ ਦਾ ਸੇਲਜਮੈਨ ਦੱਸਦੇ ਹਨ, ਇਹ ਜਾਂਚ ਦਾ ਵਿਸ਼ਾ ਹੋਵੇਗਾ ਕਿ ਇਹ ਏਜੰਸੀ ਕਿਸਦੀ ਹੈ ਅਤੇ ਉਸ ਲਈ ਪੈਸਾ ਕਿਸ ਵਲੋਂ ਅਤੇ ਕਿੱਥੋਂ ਖਰਚ ਕੀਤਾ ਗਿਆ। ਇਸ ਤੋਂ ਇਲਾਵਾ ਕਈ ਹੋਰ ਗੰਭੀਰ ਦੋਸ਼ ਵੀ ਲਾਏ ਗਏ ਹਨ ਜਿਸ ਉਪਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।