ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਿਲਾਂ ਵਧਦੀਆਂ ਦਿਸ ਰਹੀਆਂ ਹਨ। ਉਨ੍ਹਾਂ ਵਲੋਂ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਖ਼ਿਲਾਫ਼ ਦਿੱਤੇ ਗਏ ਬਿਆਨ ‘ਤੇ ਕਪੂਰਥਲਾ ਥਾਣੇ ‘ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਿਸ ਵਲੋਂ ਐੱਸ. ਸੀ./ਐੱਸ. ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਐੱਫ ਆਈ ਆਰ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਹੈ। ਰਾਜਾ ਵੜਿੰਗ ਦੇ ਬਿਆਨ ਮਗਰੋਂ ਧਾਰਮਿਕ ਜੱਥੇਬੰਦੀਆਂ ਵੀ ਲਗਾਤਾਰ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀਆਂ ਸਨ।

ਦੱਸਣਯੋਗ ਹੈ ਕਿ ਰਾਜਾ ਵੜਿੰਗ ਵਲੋਂ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਚੋਣ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਜਾਤੀਵਾਦ ਟਿੱਪਣੀਆਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਐੱਸ. ਸੀ. ਕਮਿਸ਼ਨ ਵਲੋਂ ਤਲਬ ਵੀ ਕੀਤਾ ਗਿਆ ਸੀ, ਹਾਲਾਂਕਿ ਰਾਜਾ ਵੜਿੰਗ ਵਲੋਂ ਇਸ ਸਾਰੇ ਮਾਮਲੇ ‘ਤੇ ਮੁਆਫ਼ੀ ਮੰਗਦਿਆਂ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਸੀ।