ਦਾ ਐਡੀਟਰ ਨਿਊਜ਼, ਯੂਪੀ —— ਬੁੱਧਵਾਰ ਨੂੰ ਯੂਪੀ ਦੇ ਮਿਰਜ਼ਾਪੁਰ ਵਿੱਚ ਕਈ ਸ਼ਰਧਾਲੂ ਕਾਲਕਾ ਐਕਸਪ੍ਰੈਸ ਰੇਲਗੱਡੀ ਦੀ ਲਪੇਟ ਵਿੱਚ ਆ ਗਏ। ਰੇਲਵੇ ਨੇ ਛੇ ਔਰਤਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਮੌਤਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ। ਕਈ ਲੋਕ ਜ਼ਖਮੀ ਵੀ ਹਨ। ਇਸ ਘਟਨਾ ਨਾਲ ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ। ਇਹ ਹਾਦਸਾ ਸਵੇਰੇ 9:30 ਵਜੇ ਚੁਨਾਰ ਰੇਲਵੇ ਸਟੇਸ਼ਨ ‘ਤੇ ਵਾਪਰਿਆ।
ਚੋਪਾਨ ਤੋਂ ਇੱਕ ਯਾਤਰੀ ਰੇਲਗੱਡੀ ਚੁਨਾਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 ‘ਤੇ ਪਹੁੰਚੀ। ਭੀੜ ਕਾਰਨ ਕੁਝ ਸ਼ਰਧਾਲੂ ਪਲੇਟਫਾਰਮ ਤੋਂ ਨਹੀਂ ਉਤਰੇ ਸਗੋਂ ਪਟੜੀ ਦੇ ਦੂਜੇ ਪਾਸੇ ਚੜ੍ਹ ਗਏ। ਇਸ ਦੌਰਾਨ, ਕਾਲਕਾ ਐਕਸਪ੍ਰੈਸ ਉਲਟ ਟਰੈਕ ‘ਤੇ ਆ ਰਹੀ ਸੀ। ਯਾਤਰੀ ਕੁੱਝ ਸਮਝ ਪਾਉਂਦੇ ਉਸ ਤੋਂ ਪਹਿਲਾਂ ਹੀ ਸੱਤ ਜਾਂ ਅੱਠ ਜਣੇ ਰੇਲਗੱਡੀ ਦੀ ਲਪੇਟ ਵਿੱਚ ਆ ਗਏ।

ਉਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਸਨ। ਕਈ ਯਾਤਰੀਆਂ ਦੀਆਂ ਲਾਸ਼ਾਂ ਦੇ ਟੁਕੜੇ ਰੇਲਵੇ ਟਰੈਕ ‘ਤੇ ਖਿੰਡੇ ਗਏ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਕਾਲਕਾ ਐਕਸਪ੍ਰੈਸ ਦਾ ਚੁਨਾਰ ‘ਤੇ ਕੋਈ ਸਟਾਪ ਨਹੀਂ ਹੈ, ਜਿਸ ਕਾਰਨ ਰਫ਼ਤਾਰ ਜ਼ਿਆਦਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸਾ ਇੰਨੀ ਜਲਦੀ ਹੋਇਆ ਕਿ ਕਿਸੇ ਨੂੰ ਸਮਝਣ ਦਾ ਸਮਾਂ ਨਹੀਂ ਮਿਲਿਆ।
ਜਦੋਂ ਟ੍ਰੇਨ ਲੰਘੀ ਤਾਂ ਪਟੜੀਆਂ ‘ਤੇ ਲਾਸ਼ਾਂ ਖਿੰਡੀਆਂ ਹੋਈਆਂ ਦਿਖਾਈ ਦਿੱਤੀਆਂ। ਕਾਰਤਿਕ ਪੂਰਨਿਮਾ ਕਾਰਨ ਸਟੇਸ਼ਨ ‘ਤੇ ਭੀੜ ਸੀ, ਫਿਰ ਵੀ ਟ੍ਰੇਨ ਨੂੰ ਹੌਲੀ ਰਫ਼ਤਾਰ ਨਾਲ ਪਲੇਟਫਾਰਮ ਤੋਂ ਲੰਘਣ ਦੀ ਇਜਾਜ਼ਤ ਨਹੀਂ ਸੀ। ਲਾਸ਼ਾਂ ਨੂੰ ਬੋਰੀਆਂ ਵਿੱਚ ਪੈਕ ਕਰਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਸਾਰਿਆਂ ਦੀ ਪਛਾਣ ਹੋ ਗਈ ਹੈ। ਗੰਗਾ ਘਾਟ ਰੇਲਵੇ ਸਟੇਸ਼ਨ ਤੋਂ 2-3 ਕਿਲੋਮੀਟਰ ਦੂਰ ਹੈ। ਜ਼ਿਆਦਾਤਰ ਔਰਤਾਂ ਗਰੁੱਪਾਂ ‘ਚ ਗੰਗਾ ਵਿੱਚ ਇਸ਼ਨਾਨ ਕਰਨ ਜਾ ਰਹੀਆਂ ਸਨ। ਹਾਦਸੇ ਤੋਂ ਬਾਅਦ ਸੀਨੀਅਰ ਰੇਲਵੇ ਅਧਿਕਾਰੀ ਘਟਨਾ ਸਥਾਨ ਲਈ ਰਵਾਨਾ ਹੋ ਗਏ। ਸੀਐਮ ਯੋਗੀ ਨੇ ਵੀ ਹਾਦਸੇ ਦਾ ਨੋਟਿਸ ਲਿਆ ਹੈ।