ਚੰਡੀਗੜ। ਆਮ ਆਦਮੀ ਪਾਰਟੀ ਸਾਲ 2017 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ਦੌਰਾਨ ਪ੍ਰਵਾਸੀ ਪੰਜਾਬੀਆਂ ਵੱਲੋਂ ਪਾਰਟੀ ਨੂੰ ਭੇਜੇ ਗਏ ਕਰੋੜਾਂ ਰੁਪਏ ਦੇ ਪਾਰਟੀ ਫੰਡ ਦਾ ਹਾਲੇ ਤੱਕ ਕੋਈ ਹਿਸਾਬ ਨਹੀਂ ਦੇ ਸਕੀ ਲੇਕਿਨ ਮੌਜੂਦਾ ਸਮੇਂ ਦੌਰਾਨ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਦੇੇ ਓਟ ਆਸਰੇ ਇਕ ਵਾਰ ਫਿਰ ਪ੍ਰਵਾਸੀ ਪੰਜਾਬੀਆਂ ਨੂੰ ਫੰਡ ਇਕੱਠਾ ਕਰਨ ਦੇ ਮਾਮਲੇ ਵਿਚ ਨਿਸ਼ਾਨੇ ’ਤੇ ਲੈ ਰਹੀ ਹੈ ਤੇ ਇਸ ਸਬੰਧੀ ਆਪ ਦੇ ਕੁਝ ਵੱਡੇ ਆਗੂਆਂ ਦੀ ਇਕ ਕਥਿਤ ਵੱਟਸਐਪ ’ਤੇ ਹੋਈ ਚੈਟਿੰਗ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋ ਪਾਰਟੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।


ਜਿਹੜੀ ਕਥਿਤ ਚੈਟ ਇਸ ਮੌਕੇ ਵਾਇਰਲ ਹੋ ਰਹੀ ਹੈ ਉਸ ਵਿਚ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਕੁਝ ਵਿਧਾਇਕ ਪਾਰਟੀ ਦੇ ਪੰਜਾਬ ਪ੍ਰਭਾਰੀ ਰਾਘਵ ਚੱਢਾ ਨਾਲ ਇਸ ਵਿਸ਼ੇ ’ਤੇ ਗੱਲ ਕਰ ਰਹੇ ਹਨ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਦਿੱਲੀ ਵਿਚ ਚੱਲ ਰਹੇ ਅੰਦੋਲਨ ਵਾਲੀ ਥਾਂ ’ਤੇ ਆਪ ਵੱਲੋਂ ਲਗਾਏ ਗਏ ਵਾਈ ਫਾਈ ਦੀ ਸਹੂਲਤ ਤੇ ਲਗਾਏ ਗਏ ਲੰਗਰਾਂ ਦੀਆਂ ਫੋਟੋਆਂ ਲੈ ਕੇ ਵੱਧ ਤੋਂ ਵੱਧ ਐਨ.ਆਰ.ਆਈ.ਨਾਲ ਜੁੜੇ ਗਰੁੱਪਾਂ ਵਿਚ ਸ਼ੇਅਰ ਕੀਤੀਆਂ ਜਾਣ ਤਾਂ ਜੋ ਵੱਧ ਤੋਂ ਵੱਧ ਫੰਡ ਇਕੱਠਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਚੈਟ ਵਿਚ ਰਾਘਵ ਚੱਢਾ ਪੰਜਾਬ ਦੀ ਟੀਮ ਨੂੰ ਸਲਾਹ ਦੇ ਰਹੇ ਹਨ ਕਿ ਹਰਿਆਣੇ ਦੇ ਕਿਸਾਨ ਆਗੂ ਚਡੂਨੀ ਦੀ ਸਾਨੂੰ ਜਰੂਰਤ ਨਹੀਂ ਕਿਉਕਿ ਉਹ ਕਾਂਗਰਸ ਦਾ ਬੰਦਾ ਹੈ, ਇਸ ਲਈ ਤੁਸੀਂ ਰਾਜੇਵਾਲ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ।
ਦਾ ਐਡੀਟਰ ਕੋਲ ਇਸ ਚੈਟ ਦੇ ਅੰਸ਼ ਮੌਜੂਦ ਜਰੂਰ ਹਨ ਲੇਕਿਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਸੱਚਮੁੱਚ ਹੀ ਇਹ ਆਪ ਦੇ ਆਗੂਆਂ ਦੀ ਆਪਸ ਵਿਚ ਹੋਈ ਚੈਟਿੰਗ ਹੈ ਜਾਂ ਵਿਚ ਕਿਸੇ ਨੇ ਫਰਜੀ ਵੱਟਸਐਪ ਅਕਾਂਊਟ ਬਣਾ ਕੇ ਇਸ ਨੂੰ ਵਾਇਰਲ ਕੀਤਾ ਹੈ। ਉੱਧਰ ਇਸ ਮਾਮਲੇ ’ਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2017 ਵਿਚ ਵੀ ਪੰਜਾਬ ਵਿਚੋ 700 ਕਰੋੜ ਇਕੱਠੇ ਕੀਤੇ ਸਨ ਜਿਸਦਾ ਅੱਜ ਤੱਕ ਪਾਰਟੀ ਹਿਸਾਬ ਨਹੀਂ ਦੇ ਸਕੀ ਤੇ ਹੁਣ ਕਿਸਾਨ ਅੰਦੋਲਨ ਦੀ ਆੜ ਵਿਚ ਆਪ ਇਕ ਵਾਰ ਫਿਰ ਪ੍ਰਵਾਸੀ ਪੰਜਾਬੀਆਂ ਤੋਂ ਕਰੋੜਾਂ-ਅਰਬਾਂ ਰੁਪਏ ਲੈਣਾ ਚਾਹੁੰਦੀ ਹੈ।