ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਇਕ ਰਾਜਨੀਤਿਕ ਡਰਾਮੇ ਤੋਂ ਬਾਅਦ ਕਾਂਗਰਸ ਨੂੰ ਛੱਡ ਆਪ ਵਿੱਚ ਸ਼ਾਮਿਲ ਹੋਏ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਉਹਨਾਂ ਦੇ ਆਪਣੇ ਹੀ ਹਲਕੇ ਵਿੱਚੋਂ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ, ਜਿੱਥੇ ਲੋਕਾਂ ਨੇ ਉਹਨਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਅਤੇ ਕਿਹਾ ਕਿ ਤੂੰ ਤਾਂ ਅਜੇ ਵੀ ਕਾਂਗਰਸੀ ਐਮਐਲਏ ਹੈ ਅਤੇ ਦੋ ਸਾਲ ਤੋਂ ਲੋਕਾਂ ਨੂੰ ਮੂੰਹ ਨਹੀਂ ਦਿਖਾਇਆ ਅਤੇ ਹੁਣ ਕਿਸ ਹੈਸੀਅਤ ਨਾਲ ਇੱਥੇ ਆਇਆ ਹੈ।
ਅੱਜ ਚੱਬੇਵਾਲ ਹਲਕੇ ਦੇ ਕਿਸੇ ਇੱਕ ਪਿੰਡ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਕਿਸੇ ਘਰ ਵਿੱਚ ਰੱਖੇ ਗਏ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ ਤਾਂ ਉੱਥੇ ਹੀ ਪਿੰਡ ਦੇ ਕੁਝ ਵਿਅਕਤੀ ਉਸ ਸਮਾਗਮ ਵਿੱਚ ਆ ਗਏ ਅਤੇ ਡਾਕਟਰ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਲੋਕਾਂ ਨੂੰ ਧੋਖਾ ਦਿੱਤਾ ਹੈ ਹਾਲਾਂਕਿ ਵੀਡੀਓ ਵਿੱਚ ਡਾਕਟਰ ਦੇ ਸਮਰਥਕ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਵਿਰੋਧ ਕਰਨੋ ਨਹੀਂ ਹਟੇ, ਇਸ ਡਾਕਟਰ ਨੇ ਉਨਾਂ ਲੋਕਾਂ ਦੇ ਪੈਰੀ ਹੱਥ ਵੀ ਲਾਇਆ ਪਰ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ।


ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਜਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਤਾਂ ਮਹਿਜ ਇੱਕ ਦਿਨ ਪਹਿਲਾਂ ਉਹਨਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਕਰਜੇ ਦੀ ਪੰਡ ਚੁੱਕ ਕੇ ਅਤੇ ਗਲ ਵਿੱਚ ਸੰਗਲ ਪਾ ਕੇ ਵਿਧਾਨ ਸਭਾ ਵਿੱਚ ਚੰਗਾ ਡਰਾਮਾ ਕੀਤਾ ਸੀ ਲੇਕਿਨ ਲੋਕਾਂ ਨੂੰ ਹੈਰਾਨੀ ਤਾਂ ਉਸ ਵਕਤ ਹੋਈ ਜਦ ਡਾਕਟਰ ਰਾਜ ਕੁਮਾਰ ਚੱਬੇਵਾਲ ਅਗਲੀ ਸਵੇਰ ਆਮ ਆਦਮੀ ਪਾਰਟੀ ਦਾ ਗਲ ਵਿੱਚ ਪਰਨਾ ਪਾ ਕੇ ਆਪ ਵਿੱਚ ਸ਼ਾਮਿਲ ਹੋ ਗਏ ਅਤੇ ਉਸ ਵਕਤ ਤੋਂ ਲੈ ਕੇ ਆਮ ਆਦਮੀ ਪਾਰਟੀ ਨੇ ਟਿਕਟ ਤਾਂ ਭਾਵੇਂ ਦੇ ਦਿੱਤੀ ਹੈ ਪਰ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਵਿਰੋਧ ਲਗਾਤਾਰ ਸਾਰੇ ਹਲਕਿਆਂ ਵਿੱਚ ਹੋ ਰਿਹਾ ਹੈ।
ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਐਮਐਲਏ ਚੱਬੇਵਾਲ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਚੱਲ ਰਹੀ ਸੀ ਜਿਸ ਵਿੱਚ ਇਹਨਾਂ ਤੇ ਦੋਸ਼ ਸੀ ਕਿ ਚੱਬੇਵਾਲ ਨੇ ਹਲਕੇ ਦੇ ਲੋਕਾਂ ਨੂੰ ਜਾਅਲੀ ਸਰਕਾਰੀ ਸੈਕਸ਼ਨ ਲੈਟਰ ਤਿਆਰ ਕਰਕੇ ਲੋਕਾਂ ਨੂੰ ਵੰਡ ਦਿੱਤੇ ਅਤੇ ਕਿਹਾ ਕਿ ਤੁਹਾਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਪੈਸੇ ਮਿਲ ਜਾਣਗੇ, ਪਰ ਬਾਅਦ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ ਇਹਨਾਂ ਨੇ 4600 ਪਰਿਵਾਰਾਂ ਨਾਲ ਫਰਜ਼ੀਵਾੜਾ ਕੀਤਾ ਸੀ ਜਿਸ ਦਾ ਖੁਲਾਸਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ ਸੀ।