ਦਾ ਐਡੀਟਰ ਨਿਊਜ, ਹੁਸ਼ਿਆਰਪੁਰ —— ਭਾਜਪਾ ਨੇ ਜੋ ਗੁਜਰਾਤ ਵਿੱਚ ਕੀਤਾ ਸੀ ਉਹ ਇਨ੍ਹਾਂ ਨੂੰ ਅਕਾਲੀ ਦਲ ਪੰਜਾਬ ਵਿੱਚ ਦੁਹਰਾਉਣ ਨਹੀਂ ਦੇਵੇਗਾ, ਇਹ ਤਿੱਖਾ ਹਮਲਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਟਾਂਡਾ ਰੋਡ ਉੱਪਰ ਪੈਂਦੇ ਇੱਕ ਪੈਲੇਸ ਵਿੱਚ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਇੰਚਾਰਜ ਸੰਦੀਪ ਸਿੰਘ ਸੀਕਰੀ ਦੀ ਅਗਵਾਈ ਹੇਠ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆ ਕੀਤਾ, ਮਜੀਠੀਆ ਨੇ ਅੱਗੇ ਕਿਹਾ ਕਿ ਪੰਜਾਬ ਭਾਜਪਾ ਤਾਂ ਹੁਣ ਕਾਂਗਰਸੀਆਂ ਨਾਲ ਹੀ ਭਰੀ ਪਈ ਹੈ ਤੇ ਕਾਂਗਰਸ ਕੋਲ ਤਾਂ ਮਹਿਜ ਹੱਥ ਤੇ ਰਾਹੁਲ ਗਾਂਧੀ ਹੀ ਬਚੇ ਹਨ ਤੇ ਜੇਕਰ ਭਾਜਪਾ ਇਨ੍ਹਾਂ ਦੋਵਾਂ ਨੂੰ ਵੀ ਨਾਲ ਰਲਾ ਲਵੇ ਤਾਂ ਕਾਂਗਰਸ ਖਤਮ ਹੋ ਜਾਵੇਗੀ। ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਵਿੱਚ ਭਾਜਪਾ ਨੇ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਤਿਵੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦਾ ਖਜ਼ਾਨਾ ਦਿੱਲੀ ਦਰਬਾਰ ਦੇ ਆਦੇਸ਼ਾਂ ਉੱਪਰ ਲੁੁਟਾ ਰਹੇ ਹਨ ਜਿਸ ਲਈ ਮਾਨ ਨੂੰ ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਡਰਾਮੇ ਕਰ ਰਿਹਾ ਹੈ ਤੇ ਸਾਰੀ ਆਪ ਲੀਡਰਸ਼ਿਪ ਕਹਿ ਰਹੀ ਹੈ ਕਿ ਉਸ ਨੂੰ ਜੇਲ੍ਹ ਵਿੱਚ ਇਨਸੂਲੀਨ ਦੀ ਜਰੂਰਤ ਹੈ ਤੇ ਪੰਜਾਬ ਦੇ ਮੰਤਰੀਆਂ ਦਾ ਹਾਲ ਤਾਂ ਇਹ ਹੈ ਕਿ ਇਹ ਇਨਸੂਲੀਨ ਦੀ ਟੀਕੇ ਚੁੱਕੀ ਦਿੱਲੀ ਦੀਆਂ ਗਲੀਆਂ ਵਿੱਚ ਇੱਧਰ ਉੱਧਰ ਵੱਜਦੇ ਫਿਰ ਰਹੇ ਹਨ ਜਿਨ੍ਹਾ ’ਤੇ ਤਰਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਖੇਤਰੀ ਧਿਰ ਅਕਾਲੀ ਦਲ ਹੀ ਕਰ ਸਕਦਾ ਹੈ ਤੇ ਜਿਹੜੇ ਆਪ ਵਾਲੇ 13-0 ਤੇ ਭਾਜਪਾ ਵਾਲੇ 400 ਪਾਰ ਦੀਆਂ ਗੱਲਾਂ ਕਰ ਰਹੇ ਹਨ ਇਨ੍ਹਾਂ ਨੂੰ ਪੰਜਾਬ ਦੇ ਲੋਕ ਬਾਰਡਰ ਤੋਂ ਪਾਰ ਧੱਕਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਨੌਜਵਾਨ ਵਰਗ ਪੂਰੇ ਉਤਸ਼ਾਹ ਨਾਲ ਅਕਾਲੀ ਦਲ ਦੇ ਹੱਕ ਵਿੱਚ ਖੜ੍ਹਾ ਹੋ ਚੁੱਕਾ ਹੈ ਤੇ ਹੁਣ ਅਕਾਲੀ ਦਲ ਨੂੰ ਕੋਈ ਰੋਕ ਨਹੀਂ ਸਕੇਗਾ।


ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਾਲੀ ਦਲ ਤੋਂ ਇਲਾਵਾ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਇਸ ਮੌਕੇ ਤੇ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਇਹਨਾਂ ਲੋਕ ਸਭਾ ਵਿੱਚ ਅਕਾਲੀ ਦਲ ਦਾ ਹਰਿਆਵਲ ਦਸਤਾ ਯੂਥ ਅਕਾਲੀ ਦਲ ਦੀ ਅਹਿਮ ਭੂਮਿਕਾ ਹੋਵੇਗੀ| ਇਸ ਮੌਕੇ ਸੰਦੀਪ ਸਿੰਘ ਸੀਕਰੀ ਤੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਰਮਿੰਦਰ ਸਿੰਘ ਹੁਸੈਨਪੁਰ ਵੱਲੋਂ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਅਕਾਲੀ ਦਲ ਦੇ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ, ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ, ਹਲਕਾ ਮੁਕੇਰੀਆ ਦੇ ਇੰਚਾਰਜ ਸਰਬਜੋਤ ਸਿੰਘ ਸਾਬੀ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਹਰਦੇਵ ਸਿੰਘ ਸਹਾਏਪੁਰੀ, ਯੂਥ ਅਕਾਲੀ ਦਲ ਦੇਹਾਤੀ ਪ੍ਰਧਾਨ ਇੰਦਰਜੀਤ ਕੰਗ, ਸਤਨਾਮ ਸਿੰਘ ਬੰਟੀ ਚੱਗਰਾ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪ੍ਰੇਮ ਸਿੰਘ ਪਿੱਪਲਾਵਾਲਾ, ਸਤਵਿੰਦਰ ਸਿੰਘ ਆਹਲੂਵਾਲੀਆ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਰਣਧੀਰ ਸਿੰਘ ਭਾਰਜ, ਹਰਦੇਵ ਸਿੰਘ ਕੋਠੇਜੱਟਾਂ ਆਦਿ ਵੀ ਮੌਜੂਦ ਸਨ।