ਦਾ ਐਡੀਟਰ ਨਿਊਜ਼, ਫਰੀਦਕੋਟ ——- ਸ਼ਰਾਬ ਦੇ ਸਭ ਤੋਂ ਵੱਡੇ ਕਾਰੋਬਾਰੀ ਦੀਪ ਮਲਹੋਤਰਾ ਨੂੰ ਟਾਰਗੇਟ ਕਰਦਿਆਂ ਉਸ ਦੇ ਬੇਹੱਦ ਕਰੀਬੀ ਹੈਪੀ ਮਲਹੋਤਰਾ ਨੂੰ ਕਥਿਤ ਤੌਰ ‘ਤੇ ਗੋਲਡੀ ਬਰਾੜ ਵੱਲੋਂ ਟੈਲੀਫੋਨ ‘ਤੇ ਧਮਕੀ ਦਿੱਤੀ ਗਈ ਹੈ, ਹਾਲਾਂਕਿ ਹੈਪੀ ਮਲਹੋਤਰਾ ਨੇ ਇਸ ਤਰ੍ਹਾਂ ਦੇ ਕਿਸੇ ਵੀ ਫੋਨ ਆਉਣ ਤੋਂ ਇਨਕਾਰ ਕੀਤਾ ਹੈ। ਉਥੇ ਹੀ ਫਰੀਦਕੋਟ ਦੇ ਐਸ ਐਸ ਪੀ ਹਰਜੀਤ ਸਿੰਘ ਨੇ ਟੈਲੀਫੋਨ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਟੈਲੀਫੋਨ ‘ਤੇ ਧਮਕੀ ਦੇਣ ਵਾਲਾ ਸਖਸ਼ ਗੋਲਡੀ ਬਰਾੜ ਹੈ ਜਾਂ ਕੋਈ ਹੋਰ ਹੈ।
ਇਸ ਤੋਂ ਪਹਿਲਾਂ ਦੀਪ ਮਲਹੋਤਰਾ ਦੇ ਕੁੱਝ ਠੇਕਿਆਂ ਨੂੰ ਟਾਰਗੇਟ ਕਰਦਿਆਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਅਜਿਹੀ ਹੀ ਘਟਨਾ ਬੀਤੇ ਦਿਨੀਂ ਕੋਟਕਪੂਰਾ ਸ਼ਰਾਬ ਦੇ ਠੇਕੇ ‘ਤੇ ਵੀ ਵਾਪਰੀ ਦੱਸੀ ਜਾ ਰਹੀ ਹੈ ਅਤੇ ਇਨ੍ਹਾਂ ਘਟਨਾਵਾਂ ਨੂੰ ਗੋਲਡੀ ਬਰਾੜ ਦੇ ਕਥਿਤ ਫੋਨ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।

ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਦਾ ਐਡੀਟਰ ਨਿਊਜ਼ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਸੀ ਕਿ ਦੀਪ ਮਲਹੋਤਰਾ ਅਤੇ ਉਸ ਦੇ ਸ਼ਰਾਬ ਕਾਰੋਬਾਰੀ ਹਿੱਸੇਦਾਰ ਹੁਸ਼ਿਆਰਪੁਰ ਦੇ ਨਰੇਸ਼ ਅਗਰਵਾਲ ਨਾਲ ਮਿਲ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦਿਆਂ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ ‘ਤੇ ਕਈ ਠੇਕੇ ਖੋਲ੍ਹ ਲਏ ਗਏ ਹਨ ਅਤੇ ਇਸ ਮਾਮਲੇ ਦੀ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਟਲ ਕੇ 30 ਅਕਤੂਬਰ ‘ਤੇ ਪੈ ਗਈ ਹੈ।