ਜਲੰਧਰ, 7 ਸਤੰਬਰ 2023 – ਜਲੰਧਰ ਸ਼ਹਿਰ ‘ਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਪੁਲਿਸ ਦੇ ਏਐਸਆਈ ਰੈਂਕ ਦੇ ਅਧਿਕਾਰੀ ਜਸਪਾਲ ਸਿੰਘ ਵੱਲੋਂ ਖੂਬ ਹੰਗਾਮਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਹੰਗਾਮੇ ਦੇ ਨਾਲ ਹੀ ਸ਼ਰਾਬੀ ਪੁਲਿਸ ਪੁਲਾਜ਼ਮ ਨੇ ਆਪਣੀ ਬੋਲੈਰੋ ਨਾਲ 4 ਗੱਡੀਆਂ ਨੂੰ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ।
ਸਭ ਤੋਂ ਪਹਿਲਾਂ ਪੁਲਿਸ ਅਧਿਕਾਰੀ ਨੇ 3 ਵਾਹਨਾਂ ਨੂੰ ਟੱਕਰ ਮਾਰੀ, ਉਸ ਤੋਂ ਬਾਅਦ ਇੱਕ ਨਿੱਜੀ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਵੀ ਠੋਕ ਦਿੱਤਾ। ਏਐਸਆਈ ਜਸਪਾਲ ਸਿੰਘ ਜਲੰਧਰ ਪੁਲੀਸ ਲਾਈਨ ਵਿੱਚ ਤਾਇਨਾਤ ਹੈ। ਹੰਗਾਮਾ ਹੋਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਨਿਊ ਬਾਰਾਦਰੀ ਦੀ ਪੁਲਸ ਨੂੰ ਮੌਕੇ ‘ਤੇ ਪਹੁੰਚ ਕੇ ਏ.ਐੱਸ.ਆਈ ਜਸਪਾਲ ਨੂੰ ਆਪਣੇ ਨਾਲ ਥਾਣੇ ਲੈ ਗਈ, ਫਿਰ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਸ਼ਰਾਬੀ ਏਐਸਆਈ ਜਸਪਾਲ ਸਿੰਘ ਨੇ ਜਦੋਂ ਹਸਪਤਾਲ ਵਿੱਚ ਵਾਹਨਾਂ ਨੂੰ ਟੱਕਰ ਮਾਰਨ ਬਾਰੇ ਪੁੱਛਿਆ ਤਾਂ ਉਸ ਨੇ ਵੱਖੋ-ਵੱਖ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਹ ਕਹਿਣ ਲੱਗਾ ਕਿ ਉਸ ਦੇ ਨੌਜਵਾਨ ਲੜਕੇ ਦੀ ਮੌਤ ਹੋ ਗਈ ਹੈ। ਉਸ ਨੇ ਆਪਣੇ ਦੁੱਖ ਵਿੱਚ ਸ਼ਰਾਬ ਪੀਤੀ ਹੋਈ ਹੈ। ਪਰ ਏ.ਐਸ. ਆਈ ਜਸਪਾਲ ਸਿੰਘ ਨੂੰ ਇਲਾਜ ਲਈ ਲੈ ਕੇ ਆਏ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇੱਕ ਹੀ ਗੱਡੀ ਨੂੰ ਟੱਕਰ ਮਾਰੀ ਗਈ। ਉਹ ਮੁਲਾਜ਼ਮ ਦਾ ਬਚਾਅ ਕਰਦਾ ਨਜ਼ਰ ਆਏ।