ਦਾ ਐਡੀਟਰ ਨਿਊਜ.ਹੁਸ਼ਿਆਰਪੁਰ। 2022 ਦੀਆ ਵਿਧਾਨ ਸਭਾ ਚੋਣਾ ਵਿੱਚ ਵੋਟਰਾਂ ਨੂੰ ਕਥਿਤ ਰਿਸ਼ਵਤ ਦੇਣ ਦਾ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਤੇ ਇਸ ‘ ਰਿਸ਼ਵਤ ਕਾਂਡ ’ ਦੇ ਪਿੱਛੇ ਕੋਈ ਹੋਰ ਨਹੀਂ ਬਲਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਦੀ ਟਿਕਟ ’ਤੇ ਜਿੱਤ ਕੇ ਆਏ ਡਾ. ਰਾਜ ਕੁਮਾਰ ਚੱਬੇਵਾਲ ਦੱਸੇ ਜਾ ਰਹੇ ਹਨ ਅਤੇ ਹੁਣ ਇਸ ਰਿਸ਼ਵਤ ਕਾਂਡ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਕਰ ਰਹੀ ਹੈ, ਹਾਲਾਂਕਿ ਕਾਂਗਰਸ ਤੇ ਆਪ ਦੇ ਸੰਭਾਵੀ ਗੱਠਜੋੜ ਦੇ ਚੱਲਦਿਆ ਇਹ ਜਾਂਚ ਠੰਡੇ ਬਸਤੇ ਵੱਲ ਰਵਾਨਾ ਹੋ ਗਈ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਡਾ. ਰਾਜ ਕੁਮਾਰ ਦੇ ਚੇਹਰੇ ਦੀਆਂ ਉੱਡੀਆਂ ਹੋਈਆਂ ਹਵਾਈਆਂ ਵਾਪਿਸ ਆਉਣੀਆਂ ਸ਼ੁਰੂ ਹੋ ਗਈਆਂ ਹਨ, ਇੱਥੇ ਜਿਕਰਯੋਗ ਹੈ ਕਿ ਇਸ ਸਰਕਾਰੀ ਰਿਸ਼ਵਤ ਕਾਂਡ ਵਿੱਚ ਚੱਬੇਵਾਲ ਵਿਧਾਨ ਸਭਾ ਹਲਕੇ ਅੰਦਰ ਤਕਰੀਬਨ 4600 ਦੇ ਕਰੀਬ ਐੱਸ.ਸੀ., ਐੱਸ.ਟੀ. ਤੇ ਗਰੀਬੀ ਰੇਖਾ ਤੋਂ ਹੇਠਾ ਰਹਿੰਦੇ ਪਰਿਵਾਰਾਂ ਨੂੰ ਘਰਾਂ ਦੀ ਮੁਰੰਮਤ ਕਰਵਾਉਣ ਲਈ ਲੱਗਭੱਗ 100 ਪਿੰਡਾਂ ਵਿੱਚ ਸੈਕਸ਼ਨ ਲੈਟਰ ਤਿਆਰ ਕਰਕੇ ਵੰਡ ਦਿੱਤੇ ਗਏ ਤੇ ਇਹ ਸੈਕਸ਼ਨ ਲੈਟਰ ਵਿਧਾਨ ਸਭਾ ਚੋਣਾ ਤੋਂ ਪਹਿਲਾ ਤੇ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਵੰਡ ਦਿੱਤੇ ਗਏ ਜੋ ਕਿ ਚੋਣਾ ਤੋਂ ਬਾਅਦ ਪਤਾ ਲੱਗਾ ਕਿ ਉਹ ਸਾਰੇ ਸੈਕਸ਼ਨ ਲੈਟਰ ਜਾਅਲੀ ਨਿੱਕਲੇ ਸਨ ਜਦੋਂ ਤੱਕ ਇਹ ਪਤਾ ਚੱਲਦਾ ਕਿ ਇਹ ਲੈਟਰ ਜਾਅਲੀ ਹਨ ਤਦ ਤੱਕ ਡਾ. ਰਾਜ ਕੁਮਾਰ ਚੱਬੇਵਾਲ ਇਸ ਅਨੌਖੀ ਰਿਸ਼ਵਤ ਦੇ ਸਹਾਰੇ ਉਨ੍ਹਾਂ 4600 ਦੇ ਕਰੀਬ ਪਰਿਵਾਰਾਂ ਤੋਂ 20 ਤੋਂ 25 ਹਜਾਰ ਵੋਟ ਹਾਸਿਲ ਕਰਨ ਵਿੱਚ ਕਾਮਯਾਬ ਹੋ ਗਏ ਤੇ ਇਨ੍ਹਾਂ ਵੋਟਾਂ ਦੀ ਮਦਦ ਨਾਲ ਆਪਣੇ ਹਲਕੇ ਦੇ ਵੋਟਰਾਂ ਦੇ ਅੱਖੀ ਘੱਟਾ ਪਾ ਕੇ ਐੱਮ.ਐਲ.ਏ. ਬਣਨ ਵਿੱਚ ਕਾਮਯਾਬ ਹੋ ਗਏ।
ਆਪ ਮੈਮੋਰੰਡਮ ਦੇ ਕੇ ਫਸੇ ਰਾਜ ਕੁਮਾਰ
ਚੋਣਾ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਉਹ ਜਾਅਲੀ ਸੈਕਸ਼ਨ ਲੈਟਰ ਡਾ. ਰਾਜ ਕੁਮਾਰ ਚੱਬੇਵਾਲ ਨੇ ਵੰਡੇ ਸਨ ਤੇ ਉਹ ਸੈਕਸ਼ਨ ਲੈਟਰ ਲੈ ਕੇ ਜਦੋਂ ਉਹ ਪਹਿਲਾ ਸਰਪੰਚਾਂ ਤੇ ਫਿਰ ਬੀ.ਡੀ.ਪੀ.ਓ. ਪਾਸ ਗਏ ਤਾਂ ਬੀ.ਡੀ.ਪੀ.ਓ.ਦਫਤਰ ਤੋਂ ਲੋਕਾਂ ਨੂੰ ਇਹ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਕਿ ਬੀ.ਡੀ.ਪੀ.ਓ.ਦਫਤਰ ਤੋਂ ਅਜਿਹੇ ਕੋਈ ਪੱਤਰ ਜਾਰੀ ਹੀ ਨਹੀਂ ਹੋਏ ਤਦ ਉਹ ਲੋਕ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਘਰ ਪੁੱਜਣੇ ਸ਼ੁਰੂ ਹੋ ਗਏ ਤੇ 20 ਮਈ 2022 ਨੂੰ ਡਾ. ਰਾਜ ਕੁਮਾਰ ਚੱਬੇਵਾਲ ਨੇ ਉਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਧਰਨਾ ਮਾਰਿਆ ਤੇ ਇੱਕ ਮੈਮੋਰੰਡਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤਾ ਜਿਸ ’ਤੇ ਡਿਪਟੀ ਕਮਿਸ਼ਨਰ ਨੇ ਡੀ.ਡੀ.ਪੀ.ਓ.ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ, ਇਸ ਜਾਂਚ ਤੋਂ ਬਾਅਦ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਉਸ ਮੈਮੋਰੰਡਮ ਦੇ ਸਬੰਧ ਵਿੱਚ ਡਾ. ਰਾਜ ਕੁਮਾਰ ਨੂੰ ਜਿਹੜੀ ਚਿੱਠੀ ਲਿਖੀ ਉਸ ਵਿੱਚ ਡੀ.ਸੀ. ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਸ ਸਾਰੇ ਸੈਕਸ਼ਨ ਲੈਟਰ ਜਾਅਲੀ ਹਨ।
ਡਾ. ਰਾਜ ਕੁਮਾਰ ਚੱਬੇਵਾਲ ਖਿਲਾਫ ਸ਼ੁਰੂ ਹੋਈ ਜਾਂਚ
ਕੁਝ ਸਰਪੰਚਾਂ ਨੇ ਚੋਣ ਜਾਬਤੇ ਦੌਰਾਨ ਹੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਪਿੰਡਾਂ ਵਿੱਚ ਅਜਿਹੀਆਂ ਚਿੱਠੀਆਂ ਵੰਡੀਆਂ ਜਾ ਰਹੀਆਂ ਹਨ, ਕਿਉਂਕਿ ਉਸ ਸਮੇਂ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਸਨ ਤੇ ਨਾਲ ਹੀ ਉਹ ਜਿਲ੍ਹੇ ਦੇ ਚੋਣ ਅਧਿਕਾਰੀ ਵੀ ਸਨ, ਉਨ੍ਹਾਂ ਨੇ ਇਸ ਮਾਮਲੇ ਨੂੰ ਚੋਣਾ ਤੱਕ ਦਬਾਈ ਰੱਖਿਆ ਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੀ.ਡੀ.ਪੀ.ਓ.ਹੁਸ਼ਿਆਰਪੁਰ-2 ਨੇ ਸਾਰੇ ਤੱਥ ਲਿਖ ਕੇ ਇਸ ਮਾਮਲੇ ਦੀ ਸ਼ਿਕਾਇਤ ਐਸ.ਐਸ.ਪੀ.ਹੁਸ਼ਿਆਰਪੁਰ ਨੂੰ ਕਰ ਦਿੱਤੀ ਲੇਕਿਨ ਉਨ੍ਹਾਂ ਨੇ ਖੁਦ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਸ਼ਿਕਾਇਤਾਂ ਨੂੰ ਅੱਗੇ ਤੋਰ ਦਿੱਤਾ। ਪਤਾ ਲੱਗਾ ਹੈ ਕਿ ਇਸ ਮਾਮਲੇ ਦੀ ਜਾਂਚ ਹੁਣ ਵਿਜੀਲੈਂਸ ਬਿਊਰੋ ਕਰ ਰਹੀ ਹੈ।
ਆਪ ਦੇ ਹਲਕਾ ਇੰਚਾਰਜ ਪਏ ਪਿੱਛੇ
ਆਮ ਆਦਮੀ ਪਾਰਟੀ ਨੇ ਹਰਮਿੰਦਰ ਸਿੰਘ ਸੰਧੂ ਨੂੰ ਚੱਬੇਵਾਲ ਹਲਕੇ ਤੋਂ ਟਿਕਟ ਦਿੱਤੀ ਸੀ ਤੇ ਉਹ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਵੰਡੇ ਗਏ ਜਾਅਲੀ ਸੈਕਸ਼ਨ ਲੈਟਰਾਂ ਕਾਰਨ ਚੋਣ ਹਾਰ ਗਏ ਸਨ ਤੇ ਉਹ ਇਸ ਮਾਮਲੇ ਨੂੰ ਬਾਖੂਬੀ ਉਠਾ ਰਹੇ ਹਨ, ਇਹ ਸਾਰਾ ਖੁਲਾਸਾ ਹਰਮਿੰਦਰ ਸਿੰਘ ਸੰਧੂ ਨੇ ਆਰ.ਟੀ.ਆਈ.ਰਾਹੀਂ ਪ੍ਰਾਪਤ ਕੀਤੀ ਗਈ ਜਾਣਕਾਰੀ ਤਹਿਤ ਕੀਤਾ ਹੈ, ਉਨ੍ਹਾਂ ਨੇ ਦਾ ਐਡੀਟਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਤੇ ਉਨ੍ਹਾਂ ਦੀ ਗਰੀਬੀ ਦਾ ਨਜਾਇਜ ਫਾਇਦਾ ਉਠਾ ਕੇ ਉਨ੍ਹਾਂ ਨੂੰ ਵੋਟਾਂ ਵਿੱਚ ਇਸਤੇਮਾਲ ਕੀਤਾ ਹੈ, ਇੱਥੇ ਜਿਕਰਯੋਗ ਹੈ ਕਿ ਜਿਹੜੇ ਜਾਅਲੀ ਸੈਕਸ਼ਨ ਲੈਟਰ ਵੰਡੇ ਗਏ ਉਨ੍ਹਾਂ ’ਤੇ ਬੀ.ਡੀ.ਪੀ.ਓ.ਦੇ ਨਾਲ-ਨਾਲ ਡਾ. ਰਾਜ ਕੁਮਾਰ ਚੱਬੇਵਾਲ ਦੇ ਵੀ ਦਸਤਖਤ ਤੇ ਮੋਹਰ ਲੱਗੀ ਹੋਈ ਹੈ, ਜਦੋਂ ਕਿ ਕਿਸੇ ਵੀ ਸਰਕਾਰੀ ਚਿੱਠੀ ’ਤੇ ਵਿਧਾਇਕ ਦੇ ਦਸਤਖਤ ਨਹੀਂ ਹੋ ਸਕਦੇ। ਇਸ ਸਬੰਧੀ ਡਾ. ਰਾਜ ਕੁਮਾਰ ਨਾਲ ਸੰਪਰਕ ਕੀਤਾ ਗਿਆ ਲੇਕਿਨ ਉਨ੍ਹਾਂ ਨੇ ਇਸ ਮਾਮਲੇ ’ਤੇ ਚੁੱਪੀ ਸਾਧ ਲਈ ਹੈ। ਇਨ੍ਹਾਂ ਸੈਕਸ਼ਨ ਲੈਟਰਾਂ ਵਿੱਚ 10 ਹਜਾਰ ਤੋਂ ਲੈ ਕੇ 35 ਹਜਾਰ ਤੱਕ ਦੀ ਆਰਥਿਕ ਮਦਦ ਦਾ ਵਾਅਦਾ ਕੀਤਾ ਗਿਆ ਸੀ।