ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ‘ਤੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਲਾਗੇ ਗੋਲੀ ਚੱਲਣ ਦੇ ਮਾਮਲੇ ‘ਚ ਪੁਲਿਸ ਵੱਲੋਂ ਚਲਾਨ ਪੇਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ 91 ਪੇਜਾਂ ਦੇ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਪੇਸ਼ ਕੀਤੇ ਗਏ ਚਲਾਨ ਅਨੁਸਾਰ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਨੇ ਮੰਨਿਆ ਹੈ ਕਿ ਉਹ ਦਰਬਾਰ ਸਾਹਿਬ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਹੀ ਆਇਆ ਸੀ ਅਤੇ ਉਹ 2,3 ਅਤੇ 4 ਦਸੰਬਰ ਨੂੰ ਦਰਬਾਰ ਸਾਹਿਬ ‘ਚ ਹੀ ਸੀ। ਹਮਲੇ ਵੇਲੇ ਵਰਤੀ ਗਈ ਪਿਸਟਲ ‘ਮੇਡ ਇਨ ਚਾਈਨਾ’ ਦੀ ਸੀ ਅਤੇ ਪੰਜਾਬ ‘ਚ ਖਾੜਕੂਵਾਦ ਨੂੰ ਮੁੜ ਉਭਾਰਨ ਦੇ ਲਈ ਬਾਹਰੋਂ ਹਥਿਆਰ ਮੰਗਵਾਏ ਗਏ ਸਨ।
ਉਹ ਹਥਿਆਰ ਯੂਪੀ ਦੇ ਜ਼ਿਲ੍ਹਾ ਲਖੀਮਪੁਰ ਦੇ ਪਿੰਡ ਖੁਲਬਹੇੜ ਵਿੱਚ ਕਿਸੇ ਡੇਰੇ ਤੇ ਰੱਖੇ ਹੋਏ ਹਨ, ਬਾਅਦ ਵਿੱਚ ਉਹ ਪੁਲਿਸ ਕੋਲ ਇਸ ਗੱਲ ਤੋਂ ਮੁੱਕਰ ਗਿਆ। ਨਰਾਇਣ ਸਿੰਘ ਚੌੜਾ ਅਤੇ ਉਸਦੇ ਇੱਕ ਸਾਥੀ ਧਰਮ ਸਿੰਘ ਦੇ ਖਿਲਾਫ ਇਹ ਚਲਾਨ ਪੇਸ਼ ਕੀਤਾ ਗਿਆ ਹੈ। ਉਸਨੇ ਮੰਨਿਆ ਕਿ ਸੁਖਬੀਰ ਸਿੰਘ ਬਾਦਲ ਤੇ ਹਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ ਵਿੱਚ ਕੀਤਾ ਗਿਆ। ਉਸ ਤੋਂ ਪੰਜ ਡਾਇਰੀਆਂ ਪੰਜ ਪੈਨ ਡਰਾਈਵ ਅਤੇ ਚਾਰ ਕਾਰਡ ਰੀਡਰ ਵੀ ਬਰਾਮਦ ਹੋਏ ਹਨ। ਸੁਖਬੀਰ ਸਿੰਘ ਬਾਦਲ ਤੇ ਨਰਾਇਣ ਸਿੰਘ ਚੌੜਾ ਵੱਲੋਂ ਚਲਾਈ ਗੋਲੀ ਮਾਮਲੇ ਵਿੱਚ ਪੁਲਿਸ ਵੱਲੋਂ ਪੇਸ਼ ਕੀਤੇ ਚਲਾਨ ਵਿੱਚ ਸੁਖਬੀਰ ਦਾ ਬਿਆਨ ਤੱਕ ਨਹੀਂ ਲਿਆ ਗਿਆ ਅਤੇ ਨਾ ਹੀ ਸੁਖਬੀਰ ਵੱਲੋਂ ਐਫਆਈਆਰ ਦਰਜ ਕਰਵਾਈ ਗਈ।


ਇਸ ਚਲਾਨ ਮੁਤਾਬਿਕ ਇਹ ਪਰਚਾ ਸੁਖਬੀਰ ਬਾਦਲ ਵੱਲੋਂ ਦਰਜ ਨਹੀਂ ਕਰਵਾਇਆ ਗਿਆ, ਨਾ ਹੀ ਉਨ੍ਹਾਂ ਦੇ ਪਰਿਵਾਰ ਜਾਂ ਕਿਸੇ ਹੋਰ ਕਰੀਬੀ ਵਲੋਂ ਪਰਚਾ ਦਰਜ ਕਰਵਾਇਆ ਗਿਆ ਹੈ ਅਤੇ ਨਾ ਹੀ ਸੁਖਬੀਰ ਬਾਦਲ ਨੂੰ ਇਸ ਕੇਸ ‘ਚ ਗਵਾਹ ਰੱਖਿਆ ਗਿਆ ਹੈ। ਇਸ ‘ਚ ਕੇਸ ‘ਚ ਪੁਲਿਸ ਅਧਿਕਾਰੀਆਂ ਨੂੰ ਗਵਾਹਾਂ ਦੇ ਤੌਰ ‘ਤੇ ਰੱਖਿਆ ਗਿਆ ਹੈ।
ਪਰ ਇਥੇ ਇਹ ਗੱਲ ਦੱਸ ਦਈਏ ਕਿ ਇਸ ਚਲਾਨ ‘ਚ ਸੁਖਬੀਰ ਸਿੰਘ ਬਾਦਲ ਦਾ ਬਿਆਨ ਦਰਜ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੁਖਬੀਰ ਦੇ ਵਕੀਲਾਂ ਦੀ ਟੀਮ ਵੱਲੋਂ ਜਲਦੀ ਦੀ ਚਲਾਨ ਪੇਸ਼ ਹੋਣ ਮਗਰੋਂ ਉਨ੍ਹਾਂ ਦੇ ਬਿਆਨ ਵੀ ਦਰਜ ਕਰਵਾ ਦਿੱਤੇ ਜਾਣਗੇ।