ਸ਼੍ਰੋਮਣੀ ਅਕਾਲੀ ਦਲ ਕੱਲ੍ਹ ਪੂਰੇ ਪੰਜਾਬ ਵਿੱਚ ਵੀਰਪਾਲ ਕੌਰ ਦੇ ਖਿਲਾਫ 295 A ਦਾ ਪਰਚਾ ਦਰਜ ਕਰਨ ਦੀ ਮੰਗ ਕਰੇਗਾ
ਡੇਰਾ ਪੈਰੋਕਾਰ ਵੀਰਪਾਲ ਨੇ ਖ਼ੜਾ ਕੀਤਾ ਨਵਾਂ ਵਿਵਾਦ,ਬਲਾਤਕਾਰੀ ਰਾਮ ਰਹੀਮ ਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਨੂੰ ਵੀ ਦੱਸਿਆ ਕਾਲਪਨਿਕ
ਡੇਰਾ ਟਰੱਸਟ ‘ਤੇ ਵੀ ਬੋਲਿਆ ਹਮਲਾ, ਕਿਹਾ ਮੇਰੀ ਆਸਥਾ ਕੋਈ ਨਹੀਂ ਰੋਕ ਸਕਦਾ
ਚੰਡੀਗੜ। ਸੁਖਬੀਰ ਸਿੰਘ ਬਾਦਲ ਵੱਲੋਂ ਡੇਰਾ ਪੈਰੋਕਾਰ ਵੀਰਪਾਲ ਕੌਰ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦਾ ਜੋ ਜਵਾਬ ਅੱਜ ਵੀਰਪਾਲ ਕੌਰ ਨੇ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਹੈ ਉਸ ਵਿਚ ਵੀਰਪਾਲ ਵੱਲੋਂ ਇਕ ਹੋਰ ਵੱਡਾ ਵਿਵਾਦ ਖੜਾ ਕਰ ਦਿੱਤਾ ਗਿਆ ਹੈ ਤੇ ਉਸ ਨੇ ਹੁਣ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਦਿੱਤੀ ਹੈ
ਵੀਰਪਾਲ ਕੌਰ ਨੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਜਿਸ ਤਰਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗਨਕਾ ਵਰਗੀ ਵੇਸ਼ਵਾ ਨੂੰ ਸਿੱਧੇ ਰਸਤੇ ‘ਤੇ ਪਾਇਆ ਸੀ, ਉਸੇ ਤਰਾਂ ਗੁਰਮੀਤ ਰਾਮ ਰਹੀਮ ਨੇ ਕਈ ਵੇਸ਼ਵਾਵਾਂ ਦੀ ਜਿੰਦਗੀ ਸੁਧਾਰੀ ਹੈ ਤੇ ਨਾਲ ਹੀ ਉਸ ਨੇ ਇਕ ਹੋਰ ਵੱਡੇ ਵਿਵਾਦ ਨੂੰ ਜਨਮ ਦੇ ਦਿੱਤਾ ਹੈ ਜਿਹੜਾ ਵਿਵਾਦ ਗੁਰਮੀਤ ਰਾਮ ਰਹੀਮ ਦੀ ਡਰੈਸ ‘ਤੇ ਖੜਾ ਹੋਇਆ ਹੈ
ਵੀਰਪਾਲ ਨੇ ਚਿੱਠੀ ਵਿਚ ਲਿਖਿਆ ਹੈ ਕਿ ਰਾਮ ਰਹੀਮ ਦੀ ਡਰੈਸ ਦਾ ਵਿਵਾਦ ਬੇਲੋੜਾ ਹੈ ਕਿਉਂਕਿ ਜਿਸ ਤਰਾਂ ਮੁਗਲਾਂ ਤੇ ਰਾਜਪੂਤ ਰਾਜਿਆਂ ਦੀਆਂ ਕਾਲਪਨਿਕ ਤਸਵੀਰਾਂ ਹਨ ਉਸੇ ਤਰਾਂ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੀ ਇਕ ਕਾਲਪਨਿਕ ਤਸਵੀਰ ਹੈ ਤੇ ਉਸ ਕਾਲਪਨਿਕ ਤਸਵੀਰ ਤੇ ਪਾਈ ਪੌਸ਼ਾਕ ਨਾਲ ਹੀ ਡੇਰਾ ਮੁੱਖੀ ਦੇ ਮਾਮਲੇ ਨੂੰ ਜੋੜਿਆ ਜਾ ਰਿਹਾ ਹੈ
ਉਸ ਨੇ ਲਿਖਿਆ ਕਿ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਕਾਲਪਨਿਕ ਹੈ ਤਾਂ ਫਿਰ ਕਿਸ ਤਰਾਂ ਰਾਮ ਰਹੀਮ ਦੀ ਪਹਿਨੀ ਡਰੈਸ ਨੂੰ ਉਸ ਨਾਲ ਜੋੜਿਆ ਜਾ ਸਕਦਾ ਹੈ। ਵੀਰਪਾਲ ਕੌਰ ਨੇ ਕਿਹਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਜਾਣਦੀ ਤੇ ਨਾ ਹੀ ਜਿੰਦਗੀ ਵਿਚ ਕਦੇ ਸੁਖਬੀਰ ਬਾਦਲ ਨੂੰ ਮਿਲੀ ਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਹੜੇ ਅਕਾਲੀ ਦਲ ਦੇ ਪ੍ਰਧਾਨ ਹਨ ਤੇ ਉਸ ਨੇ ਭੇਜੇ ਗਏ ਨੋਟਿਸ ਦੇ ਜਵਾਬ ਵਿਚ ਅਕਾਲੀ ਦਲ ਦੇ ਕਈ ਨਾਵਾਂ ਦਾ ਜਿਕਰ ਕੀਤਾ ਹੋਇਆ ਹੈ
ਉਸ ਨੇ ਆਪਣੇ ਭੇਜੇ ਜਵਾਬ ਵਿਚ ਫਿਰ ਇਸ ਗੱਲ ਨੂੰ ਦੁਹਰਾਇਆ ਹੈ ਕਿ ਉਨਾਂ ਨੇ ਡਰੈਸ ਦਾ ਜਿਕਰ ਸਾਬਕਾ ਪੁਲਿਸ ਅਧਿਕਾਰੀ ਤੇ ਏ.ਡੀ.ਜੀ.ਪੀ.ਇੰਟੈਲੀਜੈਂਸ ਰਹੇ ਸ਼ਸ਼ੀਕਾਂਤ ਦੀ ਇੰਟਰਵਿਊ ਦੇ ਹਵਾਲੇ ਨਾਲ ਕੀਤਾ ਹੈ
ਉਨਾਂ ਨੇ ਯੂ-ਟਿਊਬ ‘ਤੇ ਸ਼ਸ਼ੀਕਾਤ ਦੀ ਇੰਟਰਵਿਊ ਦੇਖੀ ਸੀ ਨਾਲ ਹੀ ਡੇਰੇ ਦੇ ਟਰੱਸਟ ‘ਤੇ ਵੀਰਪਾਲ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਮੇਰੀ ਆਸਥਾ ਤੇ ਮੇਰਾ ਗੁਰੂ ਗੁਰਮੀਤ ਰਾਮ ਰਹੀਮ ਹੈ ਤੇ ਡੇਰੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਮੇਰੀ ਇਸ ਆਸਥਾ ਨੂੰ ਰੋਕ ਸਕਣ ਤੇ ਆਖਿਰ ਵਿਚ ਵੀਰਪਾਲ ਕੌਰ ਨੇ ਨਿਊਜ-18 ਚੈਨਲ ਦੇ ਲਾਈਵ ਟੈਲੀਕਾਸਟ ‘ਤੇ ਡੇਰਾ ਰਾਮ ਰਹੀਮ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਡਰੈਸ ਭੇਜੇ ਜਾਣ ਦੇ ਮਾਮਲੇ ‘ਤੇ ਮੁਆਫੀ ਵੀ ਮੰਗ ਲਈ ਹੈ ਹਾਲਾਂਕਿ ਅਕਾਲੀ ਦਲ ਨੇ ਵੀਰਪਾਲ ਦੇ ਖਿਲਾਫ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਵੀਰਪਾਲ ਕੌਰ ਨੇ ਹੁਣ ਬਲਾਤਕਾਰੀ ਬਾਬੇ ਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰ ਦਿੱਤੀ ਹੈ ਤੇ ਨਾਲ ਹੀ ਇੱਥੇ ਤੱਕ ਕਹਿ ਦਿੱਤਾ ਹੈ ਕਿ ਡਰੈਸ ਦਾ ਵਿਵਾਦ ਬੇਵਜਾਂ ਹੈ ਕਿਉਂਕਿ ਜਿਸ ਗੁਰੂ ਸਾਹਿਬ ਦੀ ਤਸਵੀਰ ਨਾਲ ਡਰੈਸ ਦਾ ਮਾਮਲਾ ਜੋੜਿਆ ਜਾ ਰਿਹਾ ਹੈ ਉਹ ਗੁਰੂ ਸਾਹਿਬ ਦੀਆਂ ਤਸਵੀਰਾਂ ਹੀ ਕਾਲਪਨਿਕ ਹਨ।