ਦਾ ਐਡੀਟਰ ਨਿਊਜ਼, ਅੰਮ੍ਰਿਤਸਰ —— ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਸਬੰਧੀ 25 ਸਾਲ ਬਾਅਦ ਇੱਕ ਵੱਡਾ ਖੁਲਾਸਾ ਹੋਇਆ ਹੈ, ਕਿ ਕਿਸ ਤਰ੍ਹਾਂ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਨੇ ਘਰੋਂ ਚੱਕ ਕੇ ਮਾਰ ਦਿੱਤਾ ਸੀ। ਇਸ ਮਾਮਲੇ ‘ਚ ਪੁਲਿਸ ਦੇ ਬਦਨਾਮ ਸਾਬਕਾ ਐਸ ਐਸ ਪੀ ਸਵਰਨ ਸਿੰਘ ਘੋਟਣੇ ਦਾ ਨਾਂਅ ਸਾਹਮਣੇ ਆ ਰਿਹਾ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 25 ਸਾਲ ਤੋਂ ਦੱਬੀ ਹੋਈ ਰਿਪੋਰਟ ਨੂੰ ਜਨਤਕ ਕੀਤਾ ਹੈ। ਜਿਸ ‘ਚ ਜਿੱਥੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਨਾਲ ਸੰਬੰਧਿਤ ਅਹਿਮ ਖੁਲਾਸੇ ਕੀਤੇ ਗਏ ਹਨ, ਉਥੇ ਹੀ ਪੰਜਾਬ ਪੁਲਿਸ ਦੇ ਕਈ ਹੋਰ ਅਧਿਕਾਰੀਆਂ ਦੇ ਵੀ ਨਾਂਅ ਸਾਹਮਣੇ ਆਏ ਹਨ, ਜਿਸ ‘ਚ ਉਨ੍ਹਾਂ ਦੀ ਇਸ ਮਾਮਲੇ ‘ਚ ਭੂਮਿਕਾ ਸਿੱਧੇ ਤੌਰ ‘ਤੇ ਸਾਹਮਣੇ ਆਈ ਹੈ, ਇਸ ਰਿਪੋਰਟ ‘ਚ 25 ਸਾਲ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਸ਼ਿਫਾਰਸ਼ ਕੀਤੀ ਗਈ ਸੀ ਲੇਕਿਨ ਮਾਮਲਾ ਤਾਂ ਕੀ ਦਰਜ ਕਰਨਾ ਸੀ, ਉਲਟਾ ਇਸ ਰਿਪੋਰਟ ਨੂੰ 25 ਸਾਲ ਦਬਾ ਕੇ ਰੱਖਿਆ ਗਿਆ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਸਰਵਜੀਤ ਸਿੰਘ ਵੇਰਕਾ ਨੇ ਅੱਜ ਪੰਜਾਬ ਪੁਲਿਸ ਦੇ ਸਾਬਕਾ ਏ ਡੀ ਜੀ ਪੀ ਬੀਪੀ ਤਿਵਾੜੀ ਉਹ ਰਿਪੋਰਟ ਜਨਤਕ ਕਰ ਦਿੱਤੀ ਜੀ 1999 ਤੋਂ ਲੈ ਕੇ ਹੁਣ ਤੱਕ ਡੀ ਜੀ ਪੀ ਪੰਜਾਬ ਦੇ ਦਫਤਰ ‘ਚ ਧੂੜ ਫੱਕ ਰਹੀ ਸੀ।
ਇਸ ਸੰਬੰਧੀ ਦਾ ਐਡੀਟਰ ਨਿਊਜ਼ ਨਾਲ ਗੱਲ ਕਰਦਿਆਂ ਸਰਵਜੀਤ ਸਿੰਘ ਵੇਰਕਾ ਨੇ ਦੱਸਿਆ ਕਿ 20 ਦਸੰਬਰ 1992 ਨੂੰ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਗੁਰਮੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਉਨ੍ਹਾਂ ਦੇ ਪਿੰਡੋਂ ਘਰ ‘ਚੋਂ ਚੁੱਕ ਕੇ ਲੈ ਜਾਂਦਾ ਹੈ, ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨਵਜਨਮੀ ਦੋਹਤੀ ਦੀ ਮੌਤ ਹੋ ਗਈ, ਬਾਅਦ ‘ਚ ਪਿੰਡ ਦੇ ਲੋਕ ਇਕੱਠੇ ਹੋ ਕੇ ਐਸ ਐਸ ਪੀ ਸਵਰਨ ਸਿੰਘ ਘੋਟਣੇ ਨੂੰ ਇਹ ਕਹਿ ਕੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਛੁਡਾ ਕੇ ਲੈ ਆਉਂਦੇ ਹਨ ਕਿ ਬੱਚੀ ਦਾ ਸਸਕਾਰ ਕਰਨਾ ਹੈ।

25 ਦਸੰਬਰ ਸਵੇਰੇ ਤੜਕਸਾਰ ਫੇਰ ਪੁਲਿਸ ਪਾਰਟੀ ਪਿੰਡ ਪਹੁੰਚ ਜਾਂਦੀ ਹੈ ਅਤੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਗੁਰਦੁਆਰੇ ਤੋਂ ਕਥਾ ਕਰਦਿਆਂ ਨੂੰ ਹੀ ਚੁੱਕ ਕੇ ਲੈ ਜਾਂਦੇ ਹਨ ਅਤੇ 2 ਜਨਵਰੀ 1994 ਨੂੰ ਪਿੰਡ ਦੇ ਹੀ ਕਤਲ ਕੀਤੇ ਬਲਵਿੰਦਰ ਸਿੰਘ ਦੇ ਕਤਲ ਕੇਸ ‘ਚ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਗ੍ਰਿਫਤਾਰੀ ਪਾ ਦਿੱਤੀ। ਉਸ ਸਮੇਂ ਜ਼ਿਲ੍ਹੇ ਦੇ ਐਸ ਐਸ ਪੀ ਸਵਰਨ ਸਿੰਘ ਘੋਟਣਾ ਸਨ। ਜਿਨ੍ਹਾਂ ਨੂੰ ਉਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਘਰ ਦੀ ਰੋਟੀ ਦੇਣ ਬਾਰੇ ਵੀ ਕਿਹਾ ਸੀ। ਜਿੱਥੇ ਕਿ ਉਨ੍ਹਾਂ ਦੀ ਪਤਨੀ ਗੁਰਮੇਲ ਕੌਰ ਅਤੇ ਉਨ੍ਹਾਂ ਦੇ ਬੇਟੇ ਹਰੀ ਸਿੰਘ ਅਤੇ ਰਾਮ ਸਿੰਘ ਉਨ੍ਹਾਂ ਨੂੰ ਸੀ ਆਈ ਏ ਸਟਾਫ ਜਗਰਾਓਂ ‘ਚ ਰੋਟੀ ਅਤੇ ਕੱਪੜੇ ਦੇ ਕੇ ਆਉਂਦੇ ਰਹੇ ਹਨ। 2 ਜਨਵਰੀ 1993 ਨੂੰ ਪੁਲਿਸ ਨੇ ਇਹ ਕਹਾਣੀ ਬਣਾ ਦਿੱਤੀ ਕਿ ਸਿਪਾਹੀ ਤਰਸੇਮ ਸਿੰਘ ਨੇ ਇੱਕ ਪ੍ਰਾਈਵੇਟ ਬੈਲਟ ਲਾਈ ਹੋਈ ਸੀ ਅਤੇ ਜਦੋਂ ਸਤਲੁਜ ਦਰਿਆ ‘ਤੇ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਜਾ ਰਹੇ ਸਨ ਤਾਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਤਰਸੇਮ ਸਿੰਘ ਦੀ ਬੈਲਟ ਤੁੜਾ ਕੇ ਆਪਣੇ ਖਾੜਕੂ ਸਾਥੀਆਂ ਨਾਲ ਫਰਾਰ ਹੋ ਗਿਆ।
ਵੇਰਕਾ ਨੇ ਦੱਸਿਆ ਕਿ ਜਿਸ ਕਾਂਸਟੇਬਲ ‘ਤੇ ਕਾਰਵਾਈ ਕਰਨੀ ਚਾਹੀਦੀ ਸੀ, 28 ਬੰਦਿਆਂ ਨੂੰ ਪਰੇ ਰੱਖ ਕੇ ਉਸ ਨੂੰ ਪ੍ਰਮੋਸ਼ਨ ਦੇ ਦਿੱਤੀ ਗਈ। ਉਸ ਤੋਂ ਬਾਅਦ ਜਦ ਇਸ ਮਾਮਲੇ ਦਾ ਰੌਲਾ ਪੈ ਗਿਆ ਤਾਂ ਇਨ੍ਹਾਂ ਨੂੰ ਸਵਰਨ ਸਿੰਘ ਘੋਟਣੇ ਅਤੇ ਹੋਰ ਸੰਬੰਧਿਤ ਅਫ਼ਸਰਾਂ ਨੂੰ ਜਗਰਾਓਂ ਤੋਂ ਬਦਲ ਦਿੱਤਾ ਗਿਆ ਅਤੇ ਇਸ ਮਾਮਲੇ ‘ਚ ਜਿੱਥੇ ਕਈ ਹੋਰ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ ਜਿਨ੍ਹਾਂ ‘ਚ ਹਰਿੰਦਰ ਸਿੰਘ ਚਾਹਲ, ਬਲਬੀਰ ਸਿੰਘ ਬਾਵਾ ਸ਼ਾਮਿਲ ਸਨ, ਇਹ ਉਹ ਅਧਿਕਾਰੀ ਨੇ ਜਿਨ੍ਹਾਂ ਨੇ ਇਸ ਘਟਨਾ ‘ਤੇ ਬਾਅਦ ‘ਚ ਪਰਦਾ ਪਾਇਆ ਹੈ। 27 ਜੁਲਾਈ 1999 ਨੂੰ ਦਾਇਰ ਕੀਤੀ ਗਈ ਇਸ ਰਿਪੋਰਟ ‘ਚ ਕੇ ਪੀ ਐਸ ਗਿੱਲ ‘ਤੇ ਵੀ ਸਵਾਲ ਚੁੱਕੇ ਗਏ ਹਨ।
ਗੇਂਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਾਲੇ ‘ਚ
ਸਰਵਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਆਈ ਪੀ ਐਸ ਬੀਪੀ ਤਿਵਾੜੀ ਨੇ ਆਪਣੀ ਰਿਪੋਰਟ ‘ਚ ਪੁਲਿਸ ਦੀ ਸਾਰੀ ਕਹਾਣੀ ‘ਚ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਪੁਲਿਸ ਨੇ ਜਥੇਦਾਰ ਕਾਉਂਕੇ ਖਿਲਾਫ ਜਿਹੜੀ ਕਹਾਣੀ ਘੜੀ ਹੈ ਉਹ ਝੂਠੀ ਤੇ ਬੇ-ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ‘ਚ ਉਸ ਸਮੇਂ ਦੇ ਐਸ ਐਸ ਪੀ ਸਵਰਨ ਸਿੰਘ ਘੋਟਣਾ ਅਤੇ ਬਾਕੀ ਪੁਲਿਸ ਅਧਿਕਾਰੀਆਂ ‘ਤੇ ਜਥੇਦਾਰ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਮਾਰ ਦਿੱਤੇ ਜਾਣ ਦੀ ਉਂਗਲ ਚੁੱਕੀ ਹੈ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਵਰਨ ਸਿੰਘ ਘੋਟਣਾ ਦਾ ਬੇਟਾ ਸਤਿੰਦਰ ਜੋ ਕਿ ਇਸ ਸਮੇਂ ਅੰਮ੍ਰਿਤਸਰ ਦਿਹਾਤੀ ‘ਚ ਐਸ ਐਸ ਪੀ ਲੱਗਾ ਹੋਇਆ ਹੈ ਜੋ ਕਿ ਉਸ ਸਮੇਂ ਚਰਚਾ ‘ਚ ਆਇਆ ਸੀ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਅਜਨਾਲਾ ਠਾਣੇ ‘ਚ ਵਿਵਾਦ ਹੋਇਆ ਸੀ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਅਧਿਕਾਰੀ ਬਹਿਬਲ ਕਲਾਂ ਘਟਨਾ ਦੀ ਜਾਂਚ ਕਰ ਰਿਹਾ ਹੈ, ਜਿਸ ਦੇ ਪਰਿਵਾਰ ‘ਤੇ ਇਸ ਤਰ੍ਹਾਂ ਦੇ ਸੰਗੀਮ ਇਲਜ਼ਾਮ ਲੱਗੇ ਹਨ। ਵੇਰਕਾ ਨੇ ਕਿਹਾ ਕਿ ਉਹ ਇਹ ਰਿਪੋਰਟ ਦੀ ਕਾਪੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘੂਵੀਰ ਸਿੰਘ ਨੂੰ ਦੇਣ ਜਾ ਰਹੇ ਹਨ, ਅਤੇ ਬੇਨਤੀ ਕਰਨਗੇ ਕਿ ਕਿ ਜਥੇਦਾਰ ਸਰਕਾਰ ਅੱਗੇ ਇਸ ਮਾਮਲੇ ‘ਚ ਪਰਚਾ ਦਰਜ ਕਰਨ ਲਈ ਆਦੇਸ਼ ਕਰਨ।