ਮਾਈਨਿੰਗ ਮਾਫੀਆ ਨੇ ਵਸੂਲਿਆ 150 ਕਰੋੜ ਦਾ ਗੁੰਡਾ ਟੈਕਸ, ਸਰਕਾਰ ਪੱਲੇ ਧੇਲੀ ਨਹੀਂ
ਪੰਜਾਬ ਦੀਆਂ ਰੇਤ ਖੱਡਾਂ ਬਣੀਆਂ ਗੋਲਡ ਮਾਈਨਸ, ਕਾਂਗਰਸੀਆਂ ਦੇ ਬੋਝੇ ਮੋਤੀ ਹੀ ਮੋਤੀ
ਨਜਾਇਜ ਕਰੈਸ਼ਰਾਂ ਤੋਂ ਗੁੰਡਾ ਟੈਕਸ ਉਗਰਾਹੁਣ ਲਈ ਚੱਢਿਆਂ ਨੇ ਰਾਜਸਥਾਨ ਤੋਂ ਬੁਲਾਇਆ ਅਸ਼ੋਕ ਚਾਂਡਕ
ਗੁੰਡਾ ਟੈਕਸ ਪਿੱਛੋ ਰੇਤ-ਬਜਰੀ ਹੋਰ ਮਹਿੰਗੇ ਹੋਏ
ਬਰਿਆਣਾ,ਚੰਡੀਗੜ। ਪੰਜਾਬ ਦੀਆਂ ਰੇਤ ਖੱਡਾਂ ਹੁਣ ਗੋਲਡ ਮਾਈਨਸ ਬਣ ਚੁੱਕੀਆਂ ਹਨ ਤੇ ਇਨਾਂ ਮੋਤੀਆਂ ਦੀਆਂ ਖੱਡਾਂ ਵਿਚੋ ਬਹੁ-ਗਿਣਤੀ ਵਿਚ ਮੋਤੀ ਪੰਜਾਬ ਦੇ ਰਾਜਨੇਤਾਵਾਂ ਦੇ ਬੋਝੇ ਵਿਚ ਜਾ ਰਹੇ ਹਨ, ਜਦੋਂ ਜਨਵਰੀ 2017 ਵਿਚ ਕਾਂਗਰਸ ਸੱਤਾ ‘ਤੇ ਆਉਣ ਲਈ ਲੋਕਾਂ ਨਾਲ ਵਾਅਦੇ ਕਰ ਰਹੀ ਸੀ ਤੇ ਉਨਾਂ ਵਿਚ ਇਕ ਸਭ ਤਂ ਪ੍ਰਮੁੱਖ ਵਾਅਦਾ ਪੰਜਾਬ ਵਿਚ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਦਾ ਸੀ, ਸਪੀਕਰਾਂ ਦੀ ਕੰਨ ਪਾੜਵੀਂ ਆਵਾਜਾਂ ਵਿਚ ਇਹ ਆਵਾਜ ਜਿਆਦਾ ਸੁਣਾਈ ਦਿੰਦੀ ਸੀ ਕਿ ਪੰਜਾਬ ਵਿਚ ਲੋਕਾਂ ਨੂੰ ਰੇਤ ਤੇ ਬਜਰੀ ਸਸਤੀ ਦੇਵਾਂਗੇ ਲੇਕਿਨ ਹੋਇਆ ਕੀ ਕਿ ਇਨਾਂ ਗੋਲਡ ਮਾਈਨਸ ‘ਤੇ ਕਬਜਾ ਕਾਂਗਰਸੀਆਂ ਦਾ ਹੋ ਗਿਆ ਤਾਂ 2017 ਤੋਂ ਲੈ ਕੇ ਹੁਣ ਤੱਕ ਗੈਰਕਾਨੂੰਨੀ ਮਾਈਨਿੰਗ ਦਾ ਮੁੱਦਾ ਉੱਭਰਿਆ ਹੀ ਰਹਿੰਦਾ ਹੈ ਤੇ ਹਾਲ ਵਿਚ ਹੁਸ਼ਿਆਰਪੁਰ ਦੇ ਹਾਜੀਪੁਰ ਤੇ ਤਲਵਾੜਾ ਦੇ ਇਲਾਕੇ ਵਿਚ ਹੋਈ ਵੱਡੇ ਪੱਧਰ ‘ਤੇ ਗੈਰਕਾਨੂੰਨੀ ਮਾਈਨਿੰਗ ਦਾ ਮੁੱਦਾ ਚਰਮ ਸੀਮਾ ‘ਤੇ ਹੈ, ਜੇਕਰ ਪੰਜਾਬ ਵਿਚ ਗੈਰਕਾਨੂੰਨੀ ਮਾਈਨਿੰਗ ਦੇ ਇਲਾਕਿਆਂ ਦਾ ਜਿਕਰ ਕਰੀਏ ਤਾਂ ਆਨੰਦਪੁਰ ਸਾਹਿਬ ਤੋਂ ਲੈ ਕੇ ਫਿਰੋਜਪੁਰ ਤੱਕ ਸਤਲੁਜ ਦਰਿਆ ਦਾ ਇਲਾਕਾ, ਘੱਗਰ ਤੇ ਡੇਰਾ ਬਸੀ ਦਾ ਇਲਾਕਾ, ਫਾਜਿਲਕਾ ਦੇ ਆਸਪਾਸ ਦਾ ਇਲਾਕਾ ਤੇ ਪਠਾਨਕੋਟ ਵਿਚ ਚੱਕੀ ਦਰਿਆ ਤੇ ਰਾਵੀ ਦਰਿਆ ਦਾ ਇਲਾਕਾ ਪ੍ਰਮੁੱਖ ਤੌਰ ‘ਤੇ ਆਉਦਾ ਹੈ ਤੇ ਪੂਰੇ ਪੰਜਾਬ ਵਿਚ ਹਰ ਰੋਜ 135 ਕਰੋੜ ਰੁਪਏ ਤੋਂ ਲੈ ਕੇ 165 ਕਰੋੜ ਰੁਪਏ ਤੱਕ ਗੈਰਕਾਨੂੰਨੀ ਮਾਈਨਿੰਗ ਤੋਂ ਮਾਈਨਿੰਗ ਮਾਫੀਆ ਪੈਸਾ ਕਮਾ ਰਿਹਾ ਹੈ ਤੇ ਇਸ ਵਿਚੋ ਵੱਡਾ ਹਿੱਸਾ ਪੰਜਾਬ ਦੇ ਲੀਡਰਾਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ ਤੇ ਜਿਸ ਦਾ ਖੁਲਾਸਾ ‘ਦਾ ਐਡੀਟਰ’ ਆਉਣ ਵਾਲੇ ਦਿਨਾਂ ਵਿਚ ਕਰੇਗਾ।
ਨਜਾਇਜ ਕਰੈਸ਼ਰਾਂ ‘ਤੇ ਚੱਢਿਆਂ ਦੇ ਅਸ਼ੋਕ ਚਾਂਡਕ ਦਾ ਗੁੰਡਾ ਟੈਕਸ
ਕੁਝ ਮਹੀਨੇ ਪਹਿਲਾ ਮਾਈਨਿੰਗ ਮਾਫੀਆ ਦੇ ਅਲੱਗ-ਅਲੱਗ ਧੜਿਆਂ ਵਿਚ ਹੋਈ ਸਹਿਮਤੀ ਤੋਂ ਬਾਅਦ ਪੰਜਾਬ ਦਾ ਮਾਈਨਿੰਗ ਨਾਲ ਜੁੜਿਆ ਸਾਰਾ ਕਾਰੋਬਾਰ ਪ੍ਰਾਈਮ ਵਿਜਨ ਤੇ ਹੋਰ ਨਾਮ ਦੀਆਂ ਕੰਪਨੀਆਂ ਨੇ ਮਾਈਨਿੰਗ ਦੀਆਂ ਖੱਡਾਂ ‘ਤੇ ਆਪਣਾ ਏਕਾਅਧਿਕਾਰ ਕਾਇਮ ਕਰ ਲਿਆ, ਇਸ ਤੋਂ ਪਹਿਲਾ ਜੇਕਰ ਤਲਵਾੜਾ ਇਲਾਕੇ ਦੀ ਹੀ ਗੱਲ ਕਰੀਏ ਤਾਂ ਹਾਜੀਪੁਰ ਤੇ ਤਲਵਾੜਾ ਇਲਾਕੇ ਵਿਚ 20 ਤੋਂ ਜਿਆਦਾ ਕਰੈਸ਼ਰ ਹਨ ਜਿਨਾਂ ਦੇ ਮਾਲਿਕ ਪਹਿਲਾ ਆਪਣੇ ਤੌਰ ‘ਤੇ ਹੀ ਨਜਾਇਜ ਮਾਈਨਿੰਗ ਕਰਕੇ ਆਪਣੇ ਕਰੈਸ਼ਰ ਚਲਾ ਰਹੇ ਸਨ ਤੇ ਉਸ ਸਮੇਂ 800 ਰੁਪਏ ਪ੍ਰਤੀ ਸੈਂਕੜਾ ਦੇ ਹਿਸਾਬ ਨਾਲ ਬਜਰੀ, 600 ਰੁਪਏ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਸਟੋਨ ਡਸਟ ਤੇ 13-1400 ਰੁਪਏ ਦੇ ਹਿਸਾਬ ਨਾਲ ਪ੍ਰਤੀ ਸੈਂਕੜਾ ਧੋਤੀ ਹੋਈ ਰੇਤਾ ਵੇਚ ਰਹੇ ਸਨ ਤੇ ਇਸ ਵਿਚੋ ਬਹੁਤਾ ਹਿੱਸਾ ਸਟੋਨ ਕਰੈਸ਼ਰਾਂ ਦੇ ਮਾਲਿਕਾਂ ਦੀਆਂ ਜੇਬਾਂ ਵਿਚ ਤੇ ਬਾਕੀ ਪੁਲਿਸ ਵਿਭਾਗ, ਮਾਈਨਿੰਗ ਵਿਭਾਗ, ਜੰਗਲਾਤ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਜਾ ਰਿਹਾ ਸੀ ਲੇਕਿਨ ਕਰੀਬ 4 ਮਹੀਨੇ ਪਹਿਲਾ ਇਸ ਇਲਾਕੇ ਵਿਚ ਮਾਈਨਿੰਗ ਵਿਭਾਗ ਨਾਮ ਨਾਲ ਜਾਣੇ ਜਾਂਦੇ ਗੁੰਡਾ ਟੈਕਸ ਇਕੱਠਾ ਕਰਨ ਵਾਲਿਆਂ ਨੇ ਆਪਣੇ ਤੰਬੂ ਗੱਡ ਲਏ। ‘ਦਾ ਐਡੀਟਰ’ ਕੋਲ ਮੌਜੂਦ ਫੋਨ ਕਾਲ ਰਿਕਾਰਡਿੰਗ ਤੇ ਹੋਰ ਦਸਤਾਵੇਜਾਂ ਦੇ ਮੁਤਾਬਿਕ ਇਸ ਇਲਾਕੇ ‘ਤੇ ‘ਪ੍ਰਾਈਮ ਵਿਜਨ ਨਾਮ ਦੀ ਕੰਪਨੀ’ ਜਿਸਦੇ ਮਾਲਿਕ ਚੱਢਾ ਦੇ ਨਾਮ ਨਾਲ ਮਸ਼ਹੂਰ ਹਨ ਨੇ ਇਸ ਇਲਾਕੇ ‘ਤੇ ਏਕਾਅਧਿਕਾਰ ਜਮਾਂ ਲਿਆ ਹੈ, ਜਿਸ ਦਾ ਸਾਰਾ ਕਾਰੋਬਾਰ ਰਾਜਸਥਾਨ ਦਾ ਅਸ਼ੋਕ ਚਾਂਡਕ ਨਾਮ ਦਾ ਸਖਸ਼ ਚਲਾ ਰਿਹਾ ਹੈ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਇਲਾਕੇ ਵਿਚ ਕੋਈ ਵੀ ਖੱਡ ਇਸ ਤਰਾਂ ਦੀ ਨਹੀਂ ਕਿ ਸਰਕਾਰ ਨੇ ਮਾਈਨਿੰਗ ਲਈ ਅਲਾਂਟ ਕੀਤੀ ਹੋਵੇ ਜਦੋਂ ਕਿ ਹੁਣ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਮਾਈਨਿੰਗ ਮਾਫੀਆ ਹਰ ਕਰੈਸ਼ਰ ਤੋਂ ਮਾਈਨਿੰਗ ਦੀ ਆੜ ਹੇਠ ਗੁੰਡਾ ਟੈਕਸ ਵਸੂਲ ਰਿਹਾ ਹੈ। ਇਸ ਸਬੰਧੀ ਇਕ ਕਰੈਸ਼ਰ ਮਾਲਿਕ ਨੇ ਖੁਲਾਸਾ ਕੀਤਾ ਕਿ ਚੱਢਿਆਂ ਦਾ ਮਾਈਨਿੰਗ ਮਾਫੀਆ ਪ੍ਰਤੀ ਕਰੈਸ਼ਰ ਉਨਾਂ ਤੋਂ ਹਰ ਮਹੀਨੇ ਡੇਢ ਕਰੋੜ ਰੁਪਏ ਤੋਂ ਲੈ ਕੇ 1 ਕਰੋੜ 70 ਲੱਖ ਰੁਪਏ ਤੱਕ ਗੁੰਡਾ ਟੈਕਸ ਦੇ ਤੌਰ ‘ਤੇ ਵਸੂਲ ਰਿਹਾ ਹੈ। ਇਸ ਇਲਾਕੇ ਵਿਚ 20 ਦੇ ਕਰੀਬ ਨਜਾਇਜ ਕਰੈਸ਼ਰ ਚੱਲ ਰਹੇ ਹਨ ਤੇ ਇਨਾਂ ਤੋਂ ਵਸੂਲੀ ਵਜੋਂ 34 ਕਰੋੜ ਰੁਪਏ ਪ੍ਰਤੀ ਮਹੀਨਾ ਇਕੱਠਾ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਇਸ ਇਲਾਕੇ ਵਿਚੋ ਹੀ 150 ਕਰੋੜ ਰੁਪਏ ਦੇ ਲੱਗਭੱਗ ਗੁੰਡਾ ਟੈਕਸ ਦੇ ਤੌਰ ‘ਤੇ ਉਗਰਾਹੇ ਜਾ ਚੁੱਕੇ ਹਨ ਤੇ ਇਸ ਪੂਰੇ ਇਲਾਕੇ ਵਿਚ 2 ਹਜਾਰ ਏਕੜ ਜਮੀਨ ਵਿਚੋ 20 ਫੁੱਟ ਤੋਂ ਲੈ ਕੇ 100-100 ਫੁੱਟ ਤੱਕ ਨਜਾਇਜ ਮਾਈਨਿੰਗ ਹੋ ਚੁੱਕੀ ਹੈ।
ਬੇਵਸ ਹਨ ਕਿਸਾਨ, ਜਮੀਨ ਦੇਣ ਲਈ ਹੋ ਜਾਂਦੇ ਨੇ ਮਜਬੂਰ
ਚੱਢਾ ਗਰੁੱਪ ਨੂੰ ਇਸ ਗੱਲ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਕਿ ਕਰੈਸ਼ਰ ਮਾਲਿਕ ਕਿੱਥੋ ਤੇ ਕਿਸ ਤਰੀਕੇ ਨਾਲ ਮਾਈਨਿੰਗ ਕਰਦੇ ਹਨ ਤੇ ਉਹ ਕਰੱਸ਼ ਹੋਏ ਮਾਲ ‘ਤੇ 500 ਰੁਪਏ ਤੋਂ ਲੈ ਕੇ 700 ਰੁਪਏ ਤੱਕ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਕਰੈਸ਼ਰ ਮਾਲਿਕਾਂ ਤੋਂ ਗੁੰਡਾ ਟੈਕਸ ਵਸੂਲ ਲੈਂਦੇ ਹਨ ਤੇ ਹਰ ਕਰੈਸ਼ਰ ਦੇ ਬਾਹਰ ਇਨ੍ਰਾਂ ਨੇ ਤੰਬੂ ਗੱਡ ਕੇ ਵਿਚ ਆਪਣੇ ਬੰਦੇ ਬਿਠਾਏ ਹੋਏ ਹਨ ਤੇ ਕੋਈ ਵੀ ਗੱਡੀ ਬਿਨਾਂ ਗੁੰਡਾ ਟੈਕਸ ਦਿੱਤੇ ਤੋਂ ਬਗੈਰ ਇੱਥੋ ਨਹੀਂ ਨਿੱਕਲ ਸਕਦੀ। ਦਬਦਬਾ ਇੱਥੇ ਤੱਕ ਹੈ ਕਿ ਅਗਰ ਕੋਈ ਕਰੈਸ਼ਰ ਥੋੜੀ ਬਹੁਤੀ ਵੀ ਆਨਾਕਾਨੀ ਕਰਦਾ ਹੈ ਤਾਂ ਹਾਜੀਪੁਰ ਜਾਂ ਫਿਰ ਤਲਵਾੜਾ ਪੁਲਿਸ ਸਟੇਸ਼ਨ ਦੀ ਗੱਡੀ ਉਸ ਕਰੈਸ਼ਰ ‘ਤੇ ਪਹੁੰਚ ਕੇ ਕਰੈਸ਼ਰ ਨੂੰ ਬੰਦ ਕਰਵਾ ਦਿੰਦੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਰੈਸ਼ਰ ਨੂੰ ਬੰਦ ਕਰਾਉਣ ਲਈ ਖੁਦ ਐਸ.ਐਚ.ਓ. ਪੱਧਰ ਦਾ ਅਧਿਕਾਰੀ ਖੁਦ ਜਾਂਦਾ ਹੈ। ਜਿਸ ਜਗਾਂ ‘ਤੇ ਮਾਈਨਿੰਗ ਹੁੰਦੀ ਹੈ ਉਸ ਖੇਤ ਨੂੰ ਇੰਨਾ ਡੂੰਘਾ ਪੁੱਟ ਦਿੱਤਾ ਜਾਂਦਾ ਹੈ ਕਿ ਨਾਲ ਲੱਗਦੇ ਖੇਤ ਵਾਲਾ ਕਿਸਾਨ ਮਜਬੂਰੀ ਵਿਚ ਹੀ ਆਪਣੀ ਜਮੀਨ ਕਰੈਸ਼ਰ ਵਾਲਿਆਂ ਨੂੰ ਦੇ ਦਿੰਦਾ ਹੈ।
ਕੀ ਮਾਮਲਾ ਜਾਵੇਗਾ ਗ੍ਰੀਨ ਟ੍ਰਿਬਿਊਨਲ ਕੋਲ
ਇਸ ਇਲਾਕੇ ਦਾ ਮਾਮਲਾ ਉਸ ਸਮੇਂ ਭਖਿਆ ਜਦੋਂ ਅਕਾਲੀ ਦਲ ਦੇ ਆਗੂ ਸਰਬਜੋਤ ਸਿੰਘ ਸਾਬੀ ਆਪਣੇ ਸਾਥੀਆਂ ਨਾਲ ਮੌਕੇ ‘ਤੇ ਪਹੁੰਚ ਗਏ ਤੇ ਸਰਕਾਰ ਨੂੰ ਧਮਕੀ ਦਿੱਤੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ 2017 ਦੀਆਂ ਗੱਲਾਂ ਯਾਦ ਕਰਵਾਈਆਂ ਤੇ ਮੌਕੇ ‘ਤੇ ਕਰੈਸ਼ਰਾਂ ਵਾਲੇ ਆਪਣੀਆਂ ਗੱਡੀਆਂ ਲੈ ਕੇ ਭੱਜੇ, ਇੱਥੋ ਤੱਕ ਕੇ ਗੁੰਡਾ ਟੈਕਸ ਵਾਲਿਆਂ ਨੇ ਕੁਝ ਥਾਵਾਂ ਤੋਂ ਆਪਣੇ ਤੰਬੂ ਉਖਾੜ ਲਏ ਤੇ ਉਨਾਂ ਨੇ ਪੱਤਰਕਾਰਾਂ ਨੂੰ ਮੌਕੇ ‘ਤੇ ਕਿਹਾ ਕਿ ਹੁਣ ਅਜਿਹਾ ਨਹੀਂ ਚੱਲਣ ਦੇਣਗੇ ਤੇ ਉਸ ਸਮੇਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਇਲਾਕੇ ਦਾ ਮਾਮਲਾ ਗ੍ਰੀਨ ਟ੍ਰਿਬਿਊਨਲ ਕੋਲ ਜਾ ਸਕਦਾ ਹੈ।
ਮੈਂ ਤਾਂ ਸਤਲੁਜ ਦਰਿਆ ਦੇਖਦਾ, ਇਹ ਇਲਾਕਾ ਪ੍ਰਾਈਮ ਵਿਜਨ ਦਾ ਹੈ-ਅਸ਼ੋਕ ਚਾਂਡਕ
‘ਦਾ ਐਡੀਟਰ’ ਨੇ ਅਸ਼ੋਕ ਚਾਂਡਕ ਨਾਲ ਰਾਬਤਾ ਕੀਤਾ ਤੇ ਤਲਵਾੜਾ ਇਲਾਕੇ ਵਿਚ ਹੋਈ ਵੱਡੇ ਪੱਧਰ ‘ਤੇ ਨਜਾਇਜ ਮਾਈਨਿੰਗ ਤੇ ਗੁੰਡਾ ਟੈਕਸ ਬਾਰੇ ਸਵਾਲ ਕੀਤਾ ਤਾਂ ਅੱਗੋ ਚਾਂਡਕ ਦਾ ਜਵਾਬ ਸੀ ਕਿ ਮੈਂ ਤਾਂ ਸਤਲੁਜ ਦਰਿਆ ਦੇਖਦਾ ਹਾਂ, ਇਸ ਇਲਾਕੇ ਦਾ ਕੰਮ ਤਾਂ ਪ੍ਰਾਈਮ ਵਿਜਨ ਕੰਪਨੀ ਦੇਖ ਰਹੀ ਹੈ।
ਐਸ.ਡੀ.ਐਮ.ਨੂੰ ਰਹਿੰਦਾ ਹੈ ਸ਼ਿਕਾਇਤ ਦਾ ਇੰਤਜਾਰ
ਕਿਉਂਕਿ ਇਹ ਇਲਾਕਾ ਮੁਕੇਰੀਆ ਸਬ-ਡਿਵੀਜਨ ਵਿਚ ਆਉਦਾ ਹੈ ਤੇ ਜਿੰਮੇਵਾਰੀ ਐਸ.ਡੀ.ਐਮ.ਮੁਕੇਰੀਆ ਦੀ ਹੈ ਤੇ ਜਿਸ ਜਗਾਂ ‘ਤੇ ਐਸ.ਡੀ.ਐਮ.ਮੁਕੇਰੀਆ ਅਸ਼ੋਕ ਕੁਮਾਰ ਰਹਿ ਰਹੇ ਹਨ ਉਥੋ ਨਜਾਇਜ ਮਾਈਨਿੰਗ ਦਾ ਇਲਾਕਾ 15 ਕਿਲੋਮੀਟਰ ਦੀ ਦੂਰੀ ਤੋਂ ਸ਼ੁਰੂ ਹੋ ਜਾਂਦਾ ਹੈ ਲੇਕਿਨ ਜਦੋਂ ਇਸ ਸਬੰਧੀ ਐਸ.ਡੀ.ਐਮ.ਅਸ਼ੋਕ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਆਈ।
ਇਲਾਕੇ ਦੇ ਕਾਂਗਰਸੀ ਵਿਧਾਇਕਾਂ ਦੀ ਭੂਮਿਕਾ ਸ਼ੱਕੀ
ਜਿਸ ਇਲਾਕੇ ਵਿਚ ਨਜਾਇਜ ਮਾਈਨਿੰਗ ਹੋ ਰਹੀ ਹੈ ਉਹ ਦੋ ਵਿਧਾਨ ਸਭਾ ਹਲਕਿਆਂ ਦਸੂਹਾ ਤੇ ਮੁਕੇਰੀਆ ਵਿਚ ਪੈਂਦਾ ਹੈ ਤੇ ਮੁਕੇਰੀਆ ਤੋਂ ਇੰਦੂ ਬਾਲਾ ਕਾਂਗਰਸੀ ਵਿਧਾਇਕ ਹਨ ਤੇ ਦਸੂਹਾ ਤੋਂ ਅਰੁਣ ਕੁਮਾਰ ਡੋਗਰਾ ਵੀ ਕਾਂਗਰਸ ਦੇ ਹੀ ਵਿਧਾਇਕ ਹਨ ਤੇ ਹਾਜੀਪੁਰ ਇਲਾਕਾ ਇੰਦੂ ਬਾਲਾ ਦੇ ਅਧੀਨ ਹੈ ਤੇ ਤਲਵਾੜਾ ਮਿੱਕੀ ਡੋਗਰਾ ਦੇ ਹਲਕੇ ਵਿਚ ਹੈ। ਇਨਾਂ ਦੋਵਾਂ ਵਿਧਾਇਕਾਂ ‘ਤੇ ਉਗਲੀ ਉੱਠ ਰਹੀ ਹੈ, ਇੱਥੋ ਤੱਕ ਕੇ ਜਿੱਥੇ ਮਿਕੀ ਡੋਗਰਾ ਰਹਿ ਰਿਹਾ ਹੈ ਉੱਥੋ ਮਹਿਜ 500 ਮੀਟਰ ਦੀ ਦੂਰੀ ‘ਤੇ 2 ਗੈਰਕਾਨੂੰਨੀ ਕਰੈਸ਼ਰ ਚੱਲ ਰਹੇ ਹਨ, ਜਿਨਾਂ ਬਾਰੇ ਚਰਚਾ ਹੈ ਕਿ ਇਹ ਕਰੈਸ਼ਰ ਵਿਧਾਇਕ ਜੀ ਦੇ ਕਰੀਬੀਆਂ ਦੇ ਹਨ।