ਪਰਮਿੰਦਰ ਸਿੰਘ ਬਰਿਆਣਾ
ਪੰਜਾਬ ਵਿੱਚ ਪੁਲਿਸ ਤਸ਼ੱਦਦ ਦੀਆਂ ਕਹਾਣੀਆਂ ਦਾ ਕੋਈ ਅੰਤ ਨਹੀਂ, ਕਈ ਕਹਾਣੀਆਂ ਨੇ ਲਿਖਤੀ ਰੂਪ ਲੈ ਲਿਆ ਤੇ ਕਈ ਕਹਾਣੀਆਂ ਪੁਲਿਸ ਦੇ ਤਸ਼ੱਦਦ ਲਈ ਬਣਾਏ ਹੋਏ ਕੋਠਿਆਂ ਦੇ ਕੰਧਾਂ ਦੇ ਅੰਦਰ ਹੀ ਦਮ ਤੋੜ ਗਈਆਂ, ਮੁਕਤਸਰ ਦੇ ਇਸ ਮਾਮਲੇ ਨੇ ਪੰਜਾਬ ਪੁਲਿਸ ਦੇ ਤਸ਼ੱਦਦ ਦੀਆਂ ਕਹਾਣੀਆਂ ਵਿੱਚ ਨਵੀਂ ਐਂਟਰੀ ਮਾਰੀ ਹੈ, ਜੇਕਰ ਬਾਕੀ ਕਹਾਣੀਆਂ ਅਤੇ ਇਸ ਕਹਾਣੀ ਦੀ ਤੁਲਨਾ ਦੇ ਵਿੱਚ ਜਾਈਏ ਤਾਂ ਪੰਜਾਬ ਦੇ ਇਤਹਾਸ ਵਿੱਚ ਇੱਕ ਗੱਲ ਪਹਿਲੀ ਦਫਾ ਹੋਈ ਹੈ ਕਿ ਜੇੋ ਇਹ ਹੈ ਕਿ ਧਾਰਾ-377(ਜੇਕਰ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਕੁਦਰਤ ਦੇ ਹੁਕਮਾਂ ਦੇ ਵਿਰੁੱਧ ਕਿਸੇ ਵੀ ਆਦਮੀ,ਔਰਤ ਜਾਂ ਜਾਨਵਰ ਨਾਲ ਸਰੀਰਕ ਸਬੰਧ ਬਣਾਉਂਦਾ ਹੈ) ਦਾ ਮਾਮਲਾ, ਅੱਜ ਤੱਕ ਪੰਜਾਬ ਦੇ ਕਿਸੇ ਵੀ ਪੁਲਿਸ ਅਧਿਕਾਰੀ ਖਿਲਾਫ ਇਹ ਧਾਰਾ ਨਹੀਂ ਲੱਗੀ, ਇਸ ਦਾ ਮਾਣ ਸਿਰਫ ਤੇ ਸਿਰਫ ਮੁਕਤਸਰ ਦੀ ਪੁਲਿਸ ਨੂੰ ਹੀ ਪ੍ਰਾਪਤ ਹੋਇਆ ਹੈ, ਹਾਲਾਂਕਿ ਪੁਲਿਸ ਤਸ਼ੱਦਦ ਨਾਲ ਸਬੰਧਿਤ ਕਈ ਮਾਮਲੇ ਕਈ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਖਿਲਾਫ ਦਰਜ ਹੋਏ ਹਨ, ਇੱਥੋ ਤੱਕ ਕੇ ਕਈਆਂ ਵਿੱਚ ਤਾਂ ਤਸ਼ੱਦਦ ਤੋਂ ਬਾਅਦ ਬਣਾਏ ਝੂਠੇ ਮੁਕਾਬਲਿਆਂ ਵਿੱਚ ਕਈ ਅਫਸਰਾਂ ਨੂੰ ਤਾਂ ਉਮਰ ਕੈਦ ਤੱਕ ਸਜਾਵਾਂ ਹੋਈਆਂ ਹਨ। ਮੁਕਤਸਰ ਦੇ ਇਸ ਨਵੇਂ ਮਾਮਲੇ ਵਿੱਚ ਲੋਕਤੰਤਰ ਦੇ ਚਾਰੇ ਥੰਮਾਂ ਵਿੱਚੋ ਦੋ ਕੁ ਥੰਮਾਂ ਦੀ ਚਰਚਾ ਕਰਨੀ ਜਰੂਰੀ ਹੋ ਗਈ ਹੈ, ਪਹਿਲਾ ਅਸੀਂ ਇਸ ਘਟਨਾ ਤੇ ਝਾਤ ਮਾਰਦੇ ਹਾ ਕਿ ਇੱਕ ਵਕੀਲ ਸਮੇਤ ਦੋ ਵਿਅਕਤੀਆਂ ਉੱਪਰ ਪੁਲਿਸ ਦੇ ਤਸ਼ੱਦਦ ਦੀ ਕਹਾਣੀ ਹੈ, ਜਿਸ ਵਿੱਚ ਪਹਿਲਾ ਇਨ੍ਹਾਂ ਦੇ ਪੈਰਾਂ ’ਤੇ ਡਾਂਗਾਂ ਮਾਰੀਆਂ, ਜੁੱਤੀਆਂ ਦੇ ਠੁੱਡ ਤੇ ਘਸੁੰਨ ਮਾਰੇ, ਕਾਠ ਵਿੱਚ ਲੱਤਾਂ ਫਸਾ ਕੇ ਸਾਰੀ ਰਾਤ ਜਗਾ ਕੇ ਰੱਖਿਆ, ਚੱਪਲਾਂ ਮਾਰੀਆਂ, ਵਾਲ ਪੁੱਟਦੇ ਰਹੇ, ਇੰਨੇ ਨੂੰ ਉੱਥੇ ਰਾਤ ਗਹਿਰੀ ਹੁੰਦਿਆ ਐੱਸ.ਪੀ. ਸਾਹਿਬ ਵੀ ਆ ਧਮਕੇ, ਬਿਜਲੀ ਵਾਂਗ ਕੜਕਦੀ ਆਵਾਜ ਵਿੱਚ ਬੜ੍ਹਕ ਮਾਰਦਿਆ ਕਿਹਾ ਕਿ ‘ ਵਕੀਲ ਲੈ ਕੇ ਆਓ ’ ਜਦੋਂ ਜਨਾਬ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਰਾਊਨ ਰੰਗ ਦੇ ਚਮਕਦੇ-ਦਮਕਦੇ ਪੁਲਸੀਏ ਬੂਟਾਂ ਨਾਲ ਵਕੀਲ ਦੇ ਵੱਖੀ ਦੇ ਵਿੱਚ ਠੁੱਡ ਪੈਣੇ ਸ਼ੁਰੂ ਹੋ ਗਏ, ਦੂਸਰਾ ਵੀ ਸਾਹਮਣੇ ਲੈ ਆਂਦਾ ਉਦੋ ਤੱਕ ਪੰਜਾਬ ਪੁਲਿਸ ਦੇ ਮੱਥੇ ’ਤੇ ਲੱਗਣ ਵਾਲੇ ਕਲੰਕ ਦੀ ਇਬਾਰਤ ਲਿਖੀ ਜਾ ਚੁੱਕੀ ਸੀ, ਅਮਲ ਹੋਇਆ ਤਾਂ ਮਨੁੱਖਤਾ ਦੀ ਘਿਨੌਣੀ ਹਰਕਤ ਹੋਣੀ ਸ਼ੁਰੂ ਹੋ ਗਈ ਤੇ ਸੀ.ਆਈ.ਏ.ਸਟਾਫ ਅੰਦਰ ਔਰੰਗਜੇਬ ਦਾ ਰੂਪ ਧਾਰਨ ਕਰ ਚੁੱਕੇ ਐੱਸ.ਪੀ.ਸਾਹਿਬ ਦੇ ਹੁਕਮ ਉੱਪਰ ਦੋਵਾਂ ਪਾਤਰਾਂ ਦੇ ਮੂੰਹਾਂ ਵਿੱਚ ਇੱਕ-ਦੂਜੇ ਦੇ ਗੁਪਤ ਅੰਗ ਪਵਾ ਦਿੱਤੇ ਗਏ ਅਤੇ ਲਾਗੇ ਖੜ੍ਹਾ ਹਰਬੰਸ ਪਲ-ਪਲ ਦੀ ਵੀਡੀਓ ਬਣਾ ਰਿਹਾ ਸੀ। ਕਈ ਦਿਨਾਂ ਦੇ ਡਰਾਮਿਆਂ ਤੋਂ ਬਾਅਦ ਆਖਿਰਕਾਰ ਇੱਕ ਐੱਫ.ਆਈ.ਆਰ. ਦਰਜ ਕਰ ਦਿੱਤੀ ਗਈ।
ਪਹਿਲਾ ਅਸੀਂ ਲੋਕਤੰਤਰ ਦੇ ਥੰਮਾਂ ਦੀ ਗੱਲ ਕਰ ਰਹੇ ਸੀ, ਉਹਦੇ ਵਿੱਚ ਅਹਿਮ ਪਿੱਲਰ ਜਿਊਡੀਸ਼ਰੀ ਹੈ ਜਿਸਨੇ ਇਸ ਘਟਨਾ ਵਿੱਚ ਇੱਕ ਅਹਿਮ ਰੋਲ ਹੀ ਅਦਾ ਨਹੀਂ ਕੀਤਾ ਬਲਕਿ ਆਪਣੀ ਹੋਂਦ ਦਾ ਅਹਿਸਾਸ ਵੀ ਕਰਵਾਇਆ ਹੈ, ਹਾਲਾਂਕਿ ਜਿਊਡੀਸ਼ਰੀ ’ਤੇ ਵੀ ਸਵਾਲ ਉੱਠਦੇ ਰਹੇ ਲੇਕਿਨ ਉਨ੍ਹਾਂ ਸਵਾਲਾਂ ਨੂੰ ਮੁਕਤਸਰ ਦੇ ਸੀ.ਜੇ.ਐੱਮ. ਰਾਜਪਾਲ ਰਾਵਲ ਨੇ ਧੋ ਕੇ ਰੱਖ ਦਿੱਤਾ ਹੈ, ਜੱਜ ਸਾਹਿਬ ਵਧਾਈ ਦੇ ਪਾਤਰ ਹਨ ਜਿਨ੍ਹਾਂ 24 ਘੰਟਿਆਂ ਦੇ ਵਿੱਚ ਅਜਿਹਾ ਫੈਸਲਾ ਦਿੱਤਾ ਕਿ ਆਉਣ ਵਾਲੀਆਂ ਪੁਲਿਸ ਨਸਲਾਂ ਨੂੰ ਯਾਦ ਰਹੇਗਾ, ਜਿਹੜਾ ਪਰਚਾ ਹੁਣ ਪੁਲਿਸ ਉੱਪਰ ਦਰਜ ਹੋਇਆ ਹੈ ਉਸ ਦੀ ਪਿੱਠਭੂਮੀ ਵਿੱਚ ਜਿਊਡੀਸ਼ਰੀ ਖੜ੍ਹੀ ਹੈ ਅਤੇ ਉਸ ਨੇ ਇਹ ਅਹਿਸਾਸ ਦਿਵਾ ਦਿੱਤਾ ਹੈ ਕਿ ‘ ਤੁਸੀਂ ਸਾਡੇ ਕੋਲ ਆਵੋ, ਇਨਸਾਫ ਜ਼ਰੂਰ ਮਿਲੇਗਾ ’। ਦੂਸਰੇ ਪਿੱਲਰ ਦੀ ਗੱਲ ਕੀਤੀ ਜਾਵੇ ਤਾਂ ਉਹ ਪ੍ਰੈੱਸ ਦੇ ਤੌਰ ’ਤੇ ਸਾਹਮਣੇ ਖੜ੍ਹਾ ਨਜ਼ਰ ਆਉਂਦਾ ਹੈ, ਜਦੋਂ ਇਸ ਖਬਰ ਪ੍ਰਤੀ ਤਿੰੰਨ ਦਸਤਾਵੇਜ ਸਾਹਮਣੇ ਮੇਰੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚ ਸੀ.ਜੇ.ਐੱਮ.ਦੇ ਹੁਕਮ, ਅਦਾਲਤ ਦੇ ਸਾਹਮਣੇ ਪੀੜਤਾਂ ਦੇ ਦਿੱਤੇ ਹੋਏ ਬਿਆਨ ਤੇ ਪੁਲਿਸ ਤਸ਼ੱਦਦ ਦੀ ਕਹਾਣੀ ਬਿਆਨ ਕਰਦੇ ਡਾਕਟਰੀ ਮੁਆਇਨੇ ਜਿਸ ਵਿੱਚ ਚੀਖ-ਚੀਖ ਕੇ ਇਹ ਕਿਹਾ ਗਿਆ ਕਿ ਕਿੱਥੇ ਠੁੱਡ ਵੱਜਾ, ਕਿੱਥੇ ਡਾਂਗ ਵੱਜੀ, ਕਿੱਥੇ ਵਾਲ ਪੁੱਟੇ ਗਏ। ਮੇਰੇ ਲਈ ਖਬਰ ਕਰਨ ਲਈ ਪੁਖਤਾ ਤੌਰ ’ਤੇ ਬਹੁਤ ਕੁਝ ਸੀ ਬਿਨਾਂ ਸਮਾਂ ਲਗਾਇਆ ਮੈਂ ਇਸਨੂੰ ਲੋਕਾਂ ਸਾਹਮਣੇ ਲੈ ਆਂਦਾ ਲੇਕਿਨ ਹੈਰਾਨੀ ਹੋਈ ਕੁਝ ਪੱਤਰਕਾਰਾਂ ਨਾਲ ਗੱਲ ਕਰਕੇ ਜਿਹੜੇ ਇਸ ਗੱਲ ਦਾ ਇੰਤਜਾਰ ਕਰ ਰਹੇ ਸੀ ਕਿ ਐੱਫ.ਆਈ.ਆਰ. ਕਦੋ ਹੋਵੇਗੀ ਤੇ ਸਵਾਲ ਇਹ ਖੜ੍ਹਾ ਹੋ ਗਿਆ ਕਿ ਜੇ ਐੱਫ.ਆਈ.ਆਰ.ਨਹੀਂ ਹੁੰਦੀ ਤਾਂ ਕੀ ਇਹ ਕਹਾਣੀ ਦੱਬੀ ਰਹਿੰਦੀ, ਜਿਹੜੀ ਭੂਮਿਕਾ ਇਸ ਕੇਸ ਦੇ ਵਿੱਚ ਇਸ ਪਿੱਲਰ ਦੀ ਹੋਣੀ ਚਾਹੀਦੀ ਸੀ ਉਹ ਸਾਹਮਣੇ ਨਹੀਂ ਆਈ।
ਹੁਣ ਅਸੀਂ ਕੁਝ ਜ਼ਿੰਮੇਵਾਰ ਅਫਸਰਾਂ ਦੀ ਵੀ ਗੱਲ ਕਰ ਲਈਏ, ਇਸ ਸਾਰੀ ਘਟਨਾ ਦੇ ਕੇਂਦਰ ਬਿੰਦੂ ਵਿੱਚ ਮੁਕਤਸਰ ਦਾ ਐੱਸ.ਐੱਸ.ਪੀ.ਹਰਮਨਵੀਰ ਸਿੰਘ ਗਿੱਲ ਖੜ੍ਹਾ ਨਜ਼ਰ ਆ ਰਿਹਾ ਹੈ, ਉਸ ਦੀ ਇਸ ਕੇਸ ਵਿੱਚ ਆਖਿਰ ਭੂਮਿਕਾ ਕੀ ਹੈ, ਕੀ ਇਹ ਸਾਰਾ ਕੁਝ ਉਸਦੀ ਸ਼ਹਿ ’ਤੇ ਹੋਇਆ ਹੈ, ਕੀ ਉਸਨੂੰ ਇਸ ਸਾਰੇ ਬਾਰੇ ਪਤਾ ਸੀ, ਹੁਣ ਜੇਕਰ ਉਸ ਦੀ ਸ਼ਹਿ ’ਤੇ ਇਹ ਸਭ ਕੁਝ ਹੋਇਆ ਹੈ ਤਾਂ ਜ਼ਿੰਮੇਵਾਰੀ ਲੈਣੀ ਬਣਦੀ ਹੈ, ਵਧੀਆ ਕਮਾਂਡਰ ਉਹੀ ਹੁੰਦਾ ਹੈ ਜੋ ਚੰਗੇ ਦੀ ਜ਼ਿੰਮੇਵਾਰੀ ਲੈਂਦਾ ਤੇ ਮੰਦੇ ਦੀ ਵੀ, ਹੁਣ ਰਹੀ ਗੱਲ ਜੇਕਰ ਇਸ ਸਾਰੀ ਘਟਨਾ ਬਾਰੇ ਗਿੱਲ ਸਾਹਿਬ ਨੂੰ ਜਾਣਕਾਰੀ ਨਹੀਂ ਸੀ ਤਾਂ ਉਹ ਐੱਸ.ਐੱਸ.ਪੀ.ਲੱਗਣ ਦੇ ਕਾਬਿਲ ਨਹੀਂ ਹਨ ਤੇ ਉਨ੍ਹਾਂ ਨੂੰ ਕੁਰਸੀ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।
ਜਦੋਂ ਵੀ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ ਤਾਂ ਸਾਡੇ ਨੇਤਾਵਾਂ ਦੇ ਚੇਹਰੇ ਪਹਿਲੀਆਂ ਇੱਕ-ਦੋ ਪੋਸਟਾਂ ਵਿੱਚ ਹੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ, ਮੁੱਦੇ ਤੇ ਮੁੱਦਾ ਚੜ੍ਹਿਆ ਹੁੰਦਾ ਹੈ, ਕਈ ਵਾਰ ਤਾਂ ਕੰਨ ਵੀ ਪੱਕ ਜਾਂਦੇ ਹਨ, ਮਨ ਵੀ ਉੱਕ ਜਾਂਦਾ ਹੈ, ਰੌਲਾ ਨਹੀਂ ਸਹਾਰਿਆ ਜਾਂਦਾ ਲੇਕਿਨ ਇਸ ਸਾਰੇ ਮਾਮਲੇ ਵਿੱਚ ਕਿਸੇ ਵੀ ਲੀਡਰ ਦੇ ਬੁੱਲ੍ਹ ਹਿੱਲਦੇ ਨਜ਼ਰ ਨਹੀਂ ਆਏ, ਨਾ ਤਾਂ ਸੱਤਾ ਧਿਰ ਦੀ ਆਵਾਜ ਸੁਣੀ ਤੇ ਨਾ ਹੀ ਵਿਰੋਧੀ ਧਿਰ ਦੀ, ਨਾ ਤਾਂ ਭਗਵੰਤ ਮਾਨ ਬੋਲੇ, ਨਾ ਹੀ ਖਹਿਰਾ ਬੋਲੇ, ਨਾ ਹੀ ਕੋਈ ਬਾਦਲ ਬੋਲਿਆ ਤੇ ਨਾ ਹੀ ਪ੍ਰਤਾਪ ਸਿੰਘ ਬਾਜਵਾ ਬੋਲੇ, ਰਾਜੇ ਵੜਿੰਗ ਤੋਂ ਤਾਂ ਆਸ ਹੀ ਕੁਝ ਨਹੀਂ ਹਾਲਾਂਕਿ ਇਹ ਘਟਨਾ ਉਨ੍ਹਾਂ ਦੇ ਗੁਆਂਢ ਵਿੱਚ ਵਾਪਰੀ ਹੈ। ਆਖਿਰ ਵਿੱਚ ਮੇਰਾ ਇੱਕ ਸਵਾਲ ਹੈ ਕਿ ਇਹ ਘਟਨਾ ਤਾਂ ਵਕੀਲ ਨਾਲ ਵਾਪਰ ਗਈ, ਪਰਚਾ ਵੀ ਹੋ ਗਿਆ, ਹੜਤਾਲਾਂ ਵੀ ਹੋ ਗਈਆਂ ਲੇਕਿਨ ਜੇਕਰ ਅਜਿਹੀ ਘਟਨਾ ਕਿਸੇ ਆਮ ਜਨ ਨਾਲ ਵਾਪਰੀ ਹੁੰਦੀ ਤਾਂ ਫਿਰ ਕੀ ਹੁੰਦਾ ?