ਦਾ ਐਡੀਟਰ ਨਿਊਜ਼, ਮੁੰਬਈ —– ਸਲਮਾਨ ਖਾਨ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸ ਲੜੀ ਵਿੱਚ ਐਤਵਾਰ ਨੂੰ ਬਾਂਦਰਾ ਵਿੱਚ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੀ ਬਾਲਕੋਨੀ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਰਿਪੋਰਟਾਂ ਮੁਤਾਬਕ ਇਹ ਕਦਮ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਚੁੱਕਿਆ ਗਿਆ ਹੈ। ਦਰਅਸਲ, ਪਿਛਲੇ ਕੁਝ ਸਮੇਂ ਤੋਂ ਸਲਮਾਨ ਖਾਨ ਨੂੰ ਲਾਰੈਂਸ ਗੈਂਗ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਪਿਛਲੇ ਕੁਝ ਸਾਲਾਂ ਤੋਂ ਸਲਮਾਨ ਖਾਨ ਨੂੰ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਿਸ਼ਨੋਈ ਭਾਈਚਾਰਾ 1998 ਵਿੱਚ ਵਾਪਰੀ ਕਾਲੇ ਹਿਰਨ ਦੇ ਸ਼ਿਕਾਰ ਦੀ ਘਟਨਾ ਤੋਂ ਨਾਰਾਜ਼ ਹੈ, ਜਿਸਦਾ ਹਵਾਲਾ ਦਿੰਦੇ ਹੋਏ ਲਾਰੈਂਸ ਨੇ ਇੱਕ ਟੀਵੀ ਇੰਟਰਵਿਊ ਵਿੱਚ ਸਲਮਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ। NIA ਨੇ ਕਿਹਾ ਸੀ ਕਿ ਖਾਨ ਉਨ੍ਹਾਂ 10 ਲੋਕਾਂ ਦੀ ਸੂਚੀ ‘ਚ ਸਭ ਤੋਂ ਉੱਪਰ ਸੀ, ਜਿਨ੍ਹਾਂ ਨੂੰ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਗੋਲੀਬਾਰੀ 14 ਅਪ੍ਰੈਲ 2024 ਨੂੰ ਸਵੇਰੇ 5 ਵਜੇ ਬਾਂਦਰਾ ‘ਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਕੀਤੀ ਗਈ ਸੀ। ਬਾਈਕ ‘ਤੇ ਆਏ ਦੋ ਹਮਲਾਵਰਾਂ ਨੇ 4 ਰਾਊਂਡ ਫਾਇਰ ਕੀਤੇ। ਗੋਲੀਬਾਰੀ ਦੇ ਸਮੇਂ ਸਲਮਾਨ ਆਪਣੇ ਘਰ ਵਿੱਚ ਸਨ।
ਦੱਸ ਦੇਈਏ ਕਿ ਸਲਮਾਨ ਖਾਨ ਦੇ ਸਭ ਤੋਂ ਕਰੀਬੀ ਦੋਸਤ ਅਤੇ NCP ਨੇਤਾ ਬਾਬਾ ਸਿੱਦੀਕੀ ਦੀ 12 ਅਕਤੂਬਰ 2024 ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਲਾਰੈਂਸ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਉਦੋਂ ਤੋਂ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਸਖ਼ਤ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ। ਉਦੋਂ ਤੋਂ ਸਲਮਾਨ ਦੇ ਘਰ ਦੇ ਬਾਹਰ ਜਾਂ ਨੇੜੇ ਕਿਸੇ ਵੀ ਵਾਹਨ ਨੂੰ ਰੁਕਣ ਦੀ ਇਜਾਜ਼ਤ ਨਹੀਂ ਹੈ।
ਸਾਲ 2023 ‘ਚ ਲਾਰੇਂਸ ਬਿਸ਼ਨੋਈ ਵੱਲੋਂ ਧਮਕੀ ਮਿਲਣ ਤੋਂ ਬਾਅਦ ਹੀ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਉਸ ਨੂੰ ਮਹਾਰਾਸ਼ਟਰ ਸਰਕਾਰ ਤੋਂ Y+ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ। ਇਸ ਸੁਰੱਖਿਆ ਘੇਰੇ ‘ਚ 11 ਸਿਪਾਹੀ ਹਰ ਸਮੇਂ ਸਲਮਾਨ ਦੇ ਨਾਲ ਰਹਿੰਦੇ ਹਨ, ਜਿਨ੍ਹਾਂ ‘ਚ ਇਕ-ਦੋ ਕਮਾਂਡੋ ਅਤੇ 2 ਪੀ.ਐੱਸ.ਓ. ਵੀ ਸ਼ਾਮਿਲ ਹੁੰਦੇ ਹਨ। ਸਲਮਾਨ ਦੀ ਗੱਡੀ ਦੇ ਅੱਗੇ ਅਤੇ ਪਿੱਛੇ ਹਮੇਸ਼ਾ ਦੋ ਗੱਡੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਸਲਮਾਨ ਦੀ ਕਾਰ ਵੀ ਪੂਰੀ ਤਰ੍ਹਾਂ ਨਾਲ ਬੁਲੇਟਪਰੂਫ ਹੈ।