ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਸੂਬੇ ਵਿੱਚ ਸਰਕਾਰੀ ਬੱਸ ਸੇਵਾ 3 ਦਿਨਾਂ ਲਈ ਠੱਪ ਹੋਣ ਵਾਲੀ ਹੈ। ਇਸ ਕਾਰਨ ਅੱਜ, ਕੱਲ੍ਹ ਅਤੇ ਪਰਸੋਂ ਤੋਂ ਇਹ ਸੇਵਾ ਠੱਪ ਰਹੇਗੀ। ਇਹ ਫੈਸਲਾ ਪੀਆਰਟੀਸੀ ਅਤੇ ਪਨਬਸ ਕਰਮਚਾਰੀ ਯੂਨੀਅਨ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ। ਪੀਆਰਟੀਸੀ ਅਤੇ ਪਨਬਸ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਇਸ ਕਾਰਨ 6, 7 ਅਤੇ 8 ਜਨਵਰੀ ਨੂੰ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਪਨਬੱਸ ਅਤੇ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਨੇ ਪਿਛਲੇ ਮਹੀਨੇ ਪੰਜਾਬ ਭਰ ਵਿੱਚ ਮੰਤਰੀਆਂ ਨੂੰ ਮੰਗ ਪੱਤਰ ਸੌਂਪ ਕੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਪ੍ਰਮੁੱਖਤਾ ਨਾਲ ਉਠਾਈ ਸੀ।
ਇਸ ਸਬੰਧ ਵਿਚ ਪਿਛਲੇ ਮਹੀਨੇ ਜਲੰਧਰ ਡਿਪੂ 1 ਅਤੇ 2 ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਦੋਆਬੇ ਦੇ ਵੱਖ-ਵੱਖ ਵਿਧਾਇਕਾਂ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ। ਕੈਬਨਿਟ ਮੰਤਰੀ ਦੀ ਰਿਹਾਇਸ਼ ’ਤੇ ਪੁੱਜੇ ਵਫ਼ਦ ਦੀ ਅਗਵਾਈ ਪ੍ਰਧਾਨ ਬਿਕਰਮਜੀਤ ਸਿੰਘ, ਸਤਪਾਲ ਸਿੰਘ ਸੱਤਾ, ਜਸਬੀਰ ਸਿੰਘ, ਸੀਨੀਅਰ ਆਗੂ ਚਾਨਣ ਸਿੰਘ ਚੰਨਾ ਆਦਿ ਨੇ ਕੀਤੀ। ਯੂਨੀਅਨ ਦੇ ਅਧਿਕਾਰੀਆਂ ਨੇ ਮਹਿੰਦਰ ਭਗਤ ਨੂੰ ਮੰਗ ਪੱਤਰ ਸੌਂਪ ਕੇ ਯੂਨੀਅਨ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਯੂਨੀਅਨ ਨੇ ਮੰਤਰੀ ਤੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਸਥਾਨਕ ਬੱਸ ਸਟੈਂਡ ’ਤੇ ਵੀ ਸੰਬੋਧਨ ਕੀਤਾ। ਬਿਕਰਮਜੀਤ ਸਿੰਘ ਨੇ ਕਿਹਾ ਕਿ ਆਰਜ਼ੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿੱਚ ਹੋ ਰਹੀ ਦੇਰੀ ਕਾਰਨ ਯੂਨੀਅਨ ਨੂੰ ਸੰਘਰਸ਼ ਦਾ ਬਿਗਲ ਵਜਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਤੋਂ ਬਿਨਾ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਨਾਲ ਪਿਛਲੇ ਦਿਨਾਂ ’ਚ ਮੀਟਿੰਗ ਹੋਈ ਸੀ, ਉਨ੍ਹਾਂ ਅੱਗੇ ਆਪਣੀਆਂ ਸਾਰੀਆਂ ਮੰਗਾਂ ਰੱਖੀਆਂ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦਿਖਾਇਆ। ਰੋਸ ਕਾਰਨ ਰੋਡਵੇਜ਼ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰ ਕੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਅੱਜ ਤੋਂ 6-7-8 ਜਨਵਰੀ ਨੂੰ ਪੂਰਨ ਰੂਪ ’ਚ ਚੱਕਾ ਜਾਮ ਕਰਨਗੇ।