ਦਾ ਐਡੀਟਰ ਨਿਊਜ਼, ਲੁਧਿਆਣਾ —– ਅੱਜ ਲੁਧਿਆਣਾ ਵਿੱਚ ਨਵੇਂ ਸਾਲ ਦਾ ਜਸ਼ਨ ਕੁਝ ਖਾਸ ਹੋਣ ਵਾਲਾ ਹੈ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ‘ਦਿਲ ਲੁਮੀਨਾਟੀ ਟੂਰ’ ਦਾ ਫਾਈਨਲ ਕੰਸਰਟ ਅੱਜ ਪੀਏਯੂ ਗਰਾਊਂਡ ਦੇ ਫੁੱਟਬਾਲ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਰੀਬ 3500 ਪੁਲਿਸ ਮੁਲਾਜ਼ਮ ਅਤੇ 800 ਨਿੱਜੀ ਸੁਰੱਖਿਆ ਤਾਇਨਾਤ ਕੀਤੇ ਜਾ ਰਹੇ ਹਨ।
ਸ਼ੋਅ ‘ਚ ਲਗਭਗ 50 ਹਜ਼ਾਰ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ। ਇਸ ਸ਼ੋਅ ਦੀਆਂ ਤਿਆਰੀਆਂ ਪਿਛਲੇ ਇੱਕ ਹਫ਼ਤੇ ਤੋਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਦਿਲਜੀਤ ਵੱਲੋਂ ਕੁੱਲ ਖਰਚਾ 20.65 ਲੱਖ ਰੁਪਏ ਪ੍ਰਸ਼ਾਸਨ ਨੂੰ ਅਦਾ ਕੀਤਾ ਜਾ ਰਿਹਾ ਹੈ। ਅੱਜ ਪੁਲਿਸ ਲਈ ਕਾਨੂੰਨ ਵਿਵਸਥਾ ਬਣਾਈ ਰੱਖਣਾ ਵੱਡੀ ਚੁਣੌਤੀ ਹੋਵੇਗੀ।
ਇਸ ਦੇ ਨਾਲ ਹੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਟਰੈਫਿਕ ਪਲਾਨ ਵੀ ਬਣਾਇਆ ਗਿਆ ਹੈ ਤਾਂ ਜੋ ਫਿਰੋਜ਼ਪੁਰ ਰੋਡ ‘ਤੇ ਜਾਮ ਨਾ ਲੱਗੇ। ਇਸ ਦੇ ਲਈ ਪੁਲਿਸ ਨੇ ਸਮਾਰੋਹ ਦੀਆਂ ਟਿਕਟਾਂ ਦੀ ਸ਼੍ਰੇਣੀ ਅਨੁਸਾਰ ਪਾਰਕਿੰਗ ਦੀ ਸੂਚੀ ਜਾਰੀ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ 26 ਅਕਤੂਬਰ 2024 ਤੋਂ ਪੂਰੇ ਭਾਰਤ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਟੂਰ ਦਾ ਨਾਂ ਦਿਲ-ਲੁਮਿਨਾਟੀ’ ਟੂਰ ਰੱਖਿਆ ਹੈ। ਇਸ ਦੇ ਤਹਿਤ ਉਨ੍ਹਾਂ ਨੇ ਆਪਣਾ ਪਹਿਲਾ ਸ਼ੋਅ 26 ਅਕਤੂਬਰ ਨੂੰ ਦਿੱਲੀ ‘ਚ ਕੀਤਾ ਸੀ। ਇਸ ਤੋਂ ਬਾਅਦ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ ਅਤੇ ਗੁਹਾਟੀ ਵੀ ਉਸ ਦੀ ਸੂਚੀ ‘ਚ ਸਨ।
ਹੁਣ ਅੱਜ 31 ਦਸੰਬਰ ਨੂੰ ਲੁਧਿਆਣਾ ਵਿੱਚ ਉਨ੍ਹਾਂ ਦਾ ਸੰਗੀਤਕ ਸਮਾਗਮ ਹੋ ਰਿਹਾ ਹੈ। ਉਨ੍ਹਾਂ ਨੇ ਆਪਣੇ ਦੌਰੇ ਲਈ ਦੇਸ਼ ਦੇ ਕੁੱਲ 10 ਵੱਡੇ ਸ਼ਹਿਰਾਂ ਦੀ ਚੋਣ ਕੀਤੀ ਸੀ।
ਪਾਰਕਿੰਗ ਸਥਾਨ ਤੱਕ ਪਹੁੰਚਣ ਦੇ ਰਸਤੇ ਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਫੇਸਬੁੱਕ ਪੇਜ ‘ਤੇ ਵੀ ਪਾਈ ਗਈ ਹੈ। ਪੁਲੀਸ ਨੇ ਸਮਾਗਮ ਦੇ ਦਰਸ਼ਕਾਂ ਲਈ 14 ਹਜ਼ਾਰ ਦੇ ਕਰੀਬ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਇਹ ਵਾਹਨ ਸ਼ਹਿਰ ਵਿੱਚ 19 ਥਾਵਾਂ ’ਤੇ ਪਾਰਕ ਕੀਤੇ ਜਾਣਗੇ।
ਵੀਵੀਆਈਪੀ ਐਂਟਰੀ ਪੀਏਯੂ ਦੇ ਗੇਟ ਨੰਬਰ 8 ਤੋਂ ਹੋਵੇਗੀ। ਉਨ੍ਹਾਂ ਦੀਆਂ ਗੱਡੀਆਂ ਗੇਟ ਨੰਬਰ 8 ਨੇੜੇ ਹੈਲੀਪੈਡ ਗਰਾਊਂਡ ਵਿੱਚ ਪਾਰਕ ਕੀਤੀਆਂ ਜਾਣਗੀਆਂ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ ਵਿਖੇ ਫੈਨ ਪਿਟ ਸ਼੍ਰੇਣੀ ਦੇ ਦਰਸ਼ਕਾਂ ਦੀਆਂ 900 ਦੇ ਕਰੀਬ ਗੱਡੀਆਂ ਅਤੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀਆਂ 1000 ਗੱਡੀਆਂ ਕਿਸਾਨ ਮੇਲਾ ਗਰਾਊਂਡ ਵਿਖੇ ਪਾਰਕ ਕੀਤੀਆਂ ਜਾਣਗੀਆਂ। ਇਹ ਵਾਹਨ ਗੇਟ ਨੰਬਰ ਚਾਰ ਤੋਂ ਦਾਖਲ ਹੋਣਗੇ।