ਅੰਮ੍ਰਿਤਸਰ, 16 ਅਗਸਤ 2023 – ਅੰਮ੍ਰਿਤਸਰ ਦੇ ਦੱਖਣੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਹੁਣ ਅਕਾਲੀ ਦਲ ਨੂੰ ਛੱਡਣ ਮਨ ਬਦਲ ਲਿਆ ਹੈ। ਬੀਤੀ ਦੇਰ ਰਾਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਬਿਕਰਮ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪੁੱਜੇ ਸਨ, ਜਿਨ੍ਹਾਂ ਨੇ 2 ਘੰਟੇ ਦੀ ਲੰਬੀ ਗੱਲਬਾਤ ਤੋਂ ਬਾਅਦ ਤਲਬੀਰ ਗਿੱਲ ਨੂੰ ਮਨਾ ਲਿਆ।ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਤਲਬੀਰ ਸਿੰਘ ਗਿੱਲ ਦੇ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਤਲਬੀਰ ਸਿੰਘ ਗਿੱਲ ਦੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਨਰਾਜ਼ਗੀ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਦਿਖਾਈ ਦੇ ਰਹੀ ਸੀ। ਤਲਬੀਰ ਸਿੰਘ ਗਿੱਲ ਨੇ 14 ਅਗਸਤ ਨੂੰ ਅਕਾਲੀ ਦਲ ਛੱਡਣ ਦਾ ਐਲਾਨ ਕੀਤਾ ਸੀ। ਇਸ ਦਿਨ ਉਨ੍ਹਾਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਛੱਡਣ ਦੀ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਇੰਨਾ ਹੀ ਨਹੀਂ 18 ਅਗਸਤ ਨੂੰ ਇਕ ਪ੍ਰੋਗਰਾਮ ਵੀ ਰੱਖਿਆ ਗਿਆ ਸੀ। ਜਿਸ ਵਿੱਚ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਤਲਬੀਰ ਸਿੰਘ ਗਿੱਲ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਬੀਤੀ ਰਾਤ ਬਿਕਰਮ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਸਮੇਤ ਕਈ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੂੰ ਮਨਾਉਣ ਲਈ ਪੁੱਜੇ ਸਨ ਅਤੇ ਦੋਵਾਂ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਤਲਬੀਰ ਸਿੰਘ ਗਿੱਲ ਦਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ, ਮਤਭੇਦ ਸੁਲਝਾ ਲਏ ਗਏ ਹਨ, ਇਸ ਲਈ 18 ਅਗਸਤ ਨੂੰ ਪਾਰਟੀ ਛੱਡਣ ਲਈ ਹੋਣ ਵਾਲਾ ਪ੍ਰੋਗਰਾਮ ਰੱਦ ਮੰਨਿਆ ਜਾਵੇ।