ਸਮਰਾਲਾ, 13 ਅਗਸਤ 2023 – ਹਲਕਾ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇੱਥੋਂ ਤੱਕ ਕਿ ਉਸ ਨੂੰ ਮਾਰਨ ਲਈ ਇੱਕ ਕਰੋੜ ਰੁਪਏ ਦੀ ਸੁਪਾਰੀ ਵੀ ਦਿੱਤੀ ਗਈ ਹੈ। ਵਿਧਾਇਕ ਨੇ ਇਸ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਹਾਲਾਂਕਿ ‘ਆਪ’ ਵਿਧਾਇਕ ਦਿਆਲਪੁਰਾ ਨੇ ਆਪਣੀ ਪੋਸਟ ‘ਚ ਕਿਸੇ ਦਾ ਵੀ ਨਾਂਅ ਨਹੀਂ ਲਿਆ ਸੀ। ਹਾਲਾਂਕਿ ਕੁਝ ਦੇਰ ਬਾਅਦ ਹੀ ਉਨ੍ਹਾਂ ਨੇ ਪੋਸਟ ਡਿਲੀਟ ਕਰ ਦਿੱਤੀ ਸੀ।
ਵਿਧਾਇਕ ਨੇ ਪੋਸਟ ਪਾਉਂਦਿਆਂ ਕਿਹਾ ਸੀ ਕਿ, ”ਮੈਂ ਆਮ ਲੋਕਾਂ ਦਾ ਐੱਮਐੱਲਏ ਹਾਂ ਅਤੇ ਆਮ ਕਿਸਾਨ ਪਰਿਵਾਰ ’ਚੋਂ ਹਾਂ। ਲੋਕਾਂ ਨੇ ਮੈਨੂੰ ਵੱਡੇ ਧਨਾਢਾਂ ਨੂੰ ਹਰਾ ਕੇ ਐਨਾ ਮਾਣ ਬਖ਼ਸ਼ਿਆ, ਮੇਰੀ ਹਰਮਨ ਪਿਆਰਤਾ ਨੇ ਇਨ੍ਹਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਵਿਧਾਇਕ ਨੇ ਲਿਖਿਆ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ, ਜਿਹੜੇ ਹਲਕੇ ਦੇ ਠੇਕੇਦਾਰ ਹਨ, ਮੈਂ ਇਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਨਾ ਮੈਂ ਡਰਦਾ ਹਾਂ ਤੇ ਨਾ ਦਬਦਾ ਹਾਂ। ਇਹ ਜਿਹੜੇ ਚੌਧਰੀ ਬਣੇ ਫਿਰਦੇ ਹਨ ਅਤੇ ਇਹ ਕਹਿੰਦੇ ਹਨ ਕਿ ਤੇਰੇ ’ਤੇ ਕਰੋੜਾਂ ਰੁਪਏ ਲਗਾ ਕੇ ਤੈਨੂੰ ਖੂੰਝੇ ਲਗਾ ਦੇਵਾਂਗੇ ਜਾਂ ਕਿਸੇ ਯੂ.ਪੀ., ਬਿਹਾਰ ਦੇ ਗੁਰਗੇ ਤੋਂ ਟਰੱਕ ਚੜਵਾ ਦੇਵਾਂਗੇ ।
ਵਿਧਾਇਕ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਆਪਣੇ 25 ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦੀ ਸੇਵਾ ਕੀਤੀ ਹੁੰਦੀ ਤਾਂ ਤੁਹਾਨੂੰ ਐਨੀ ਘਟੀਆ ਰਾਜਨੀਤੀ ਨਾ ਕਰਨੀ ਪੈਂਦੀ। ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਆਮ ਕਿਸਾਨ ਦਾ ਮੁੱਲ ਕਰੋੜਾਂ ਪਾ ਦਿੱਤਾ, ਤੁਸੀਂ ਆਪਣਾ ਲੰਮਾਂ ਕਾਰਜਕਾਲ ਦੇਖ ਲਵੋ ਅਤੇ ਮੇਰਾ 17 ਮਹੀਨੇ ਦਾ। ਮੈਂ ਜੋ ਵੀ ਹਾਂ ਆਪਣੇ ਲੋਕਾਂ ਲਈ ਹਾਂ ਅਤੇ ਹਰ ਵੇਲੇ ਹਾਜ਼ਰ ਹਾਂ’।”