ਦਾ ਐਡੀਟਰ ਨਿਊਜ਼, ਮੋਗਾ ——- ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਸਿਆਸਤ ਤੋਂ ਗੁੰਮ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੜ ਸਿਆਸਤ ‘ਚ ਸਰਗਰਮ ਹੋ ਗਏ ਹਨ। ਅੱਜ ਉਹ ਮੋਗਾ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਅੱਜ ਮੋਗਾ ਸਥਿਤ ਭਾਜਪਾ ਦਫਤਰ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਿ ਹੋਰ ਸੀਨੀਅਰ ਬੀਜੇਪੀ ਆਗੂ ਵੀ ਮੌਜੂਦ ਸਨ। ਉਨ੍ਹਾਂ ਨੇ ਰਾਜਾ ਵੜਿੰਗ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਵਿਚ ਨਸ਼ਾ ਖਤਮ ਕਰਨਾ ਚਾਹੀਦਾ ਹੈ।
ਉਨ੍ਹਾਂ ਤਰਨਤਾਰਨ ਜ਼ਿਮਨੀ ਚੋਣਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਤਰਨਤਾਰਨ ਚੋਣ ਵਿਚ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਵਿਚ ਇਕੱਲੀ ਚੋਣ ਲੜੇਗੀ ਤੇ ਜਿੱਤ ਕੇ ਪੰਜਾਬ ’ਚ ਵਧ ਰਹੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਹਰੇਕ ਢੁੱਕਵੇਂ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਅਸੀਂ ਉਥੇ ਨਹੀਂ ਗਏ ਪਰ ਸਾਡੀ ਪਾਰਟੀ ਬਹੁਤ ਮਜ਼ਬੂਤ ਹੈ ਤੇ ਅਸੀਂ ਜ਼ਰੂਰ ਇਹ ਚੋਣ ਜਿੱਤਾਂਗੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਰੀਡ ਦੀ ਹੱਡੀ ਦੀ ਸਰਜਰੀ ਕਾਰਨ ਉਹ ਪੰਜਾਬ ਦੀ ਸਿਆਸਤ ‘ਚ ਬਿਲਕੁਲ ਵੀ ਸਰਗਰਮ ਨਹੀਂ ਸਨ ਅਤੇ ਉਹ ਕਦੇ ਵੀ ਬੀਜੇਪੀ ਦੀਆਂ ਸਟੇਜਾਂ ਜਾਂ ਉਨ੍ਹਾਂ ਦੀਆਂ ਮੀਟਿੰਗਾਂ ‘ਚ ਦਿਖਾਈ ਨਹੀਂ ਦਿੰਦੇ ਸਨ, ਇੱਥੋਂ ਤੱਕ ਕਿ ਜਦੋਂ ਹੜ੍ਹਾਂ ਮੌਕੇ ਜਦੋਂ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੌਰੇ ‘ਤੇ ਆਏ ਸਨ, ਉਸ ਵੇਲੇ ਵੀ ਉਹ ਬਿਲਕੁਲ ਵੀ ਸਰਗਰਮ ਦਿਖਾਈ ਨਹੀਂ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ‘ਚ ਇੱਕ ਸਿੱਖ ਲੀਡਰ ਵੱਜੋਂ ਬੀਜੇਪੀ ਦੇ ਪ੍ਰਮੁੱਖ ਆਗੂ ਹਨ, ਉਹਨਾਂ ਦੀ 2027 ਦੀਆਂ ਚੋਣਾਂ ਤੋਂ ਪਹਿਲਾਂ ਮੁੜ ਸਰਗਰਮੀ ਨਾਲ ਪਾਰਟੀ ਨੂੰ ਵੱਡਾ ਬਲ ਮਿਲਣ ਦੀ ਉਮੀਦ ਹੈ।