ਤਸਵੀਰਾਂ ਖਿਚਵਾਉਣ ਤੇ ਝੂਟੇ ਲੈਣ ਤਰਨਤਾਰਨ ਗਏ ਸਨ ਅਮਰਿੰਦਰ-ਅਕਾਲੀ ਦਲ
ਚੰਡੀਗੜ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਰਨ ਤਾਰਨ ਦੀ ਪੁਲਿਸ ਲਾਈਨ ਦੇ ਦੌਰੇ ਨੂੰ ਸਿਰਫ ਤਸਵੀਰਾਂ ਖਿਚਵਾਉਣ ਤੇ ਝੂਟੇ ਲੈਣ ਲਈ ਕੀਤਾ ਗਿਆ ਦੌਰਾ ਕਰਾਰ ਦਿੱਤਾ ਤੇ ਇਸ ਗੱਲ ਦੀ ਨਿਖੇਧੀ ਕੀਤੀ ਕਿ ਉਹ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਵਿਚ ਅਸਫਲ ਰਹੇ ਅਤੇ ਉਨਾਂ ਕਾਂਗਰਸੀ ਵਿਧਾਇਕਾਂ ਨਾਲ ਸਟੇਜ ਸਾਂਝੀ ਕੀਤੀ ਜਿਨਾਂ ਨੂੰ ਪੀੜਤਾਂ ਨੇ ਤ੍ਰਾਸਦੀ ਦੇ ਮੁਜਰਮ ਕਰਾਰ ਦਿੱਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਬਿਕਰਮ ਸਿੰਘ ਮਜੀਠੀਆ ਨੇ ਰਾਜ ਭਵਨ ਵੱਲ ਰੋਸ ਮਾਰਚ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਮਿਲਣ ਦਾ ਸਿਰਫ ਡਰਾਮਾ ਕੀਤਾ ਹੈ ਜਦਕਿ ਸੱਚਾਈ ਇਹ ਹੈ ਕਿ ਉਹ 25 ਮਿੰਟ ਤੱਕ ਤਰਨਤਾਰਨ ਪੁਲਿਸ ਲਾਈਨ ਵਿਚ ਰਹੇ ਜੋ ਕਿ ਫੌਜੀ ਛਾਉਣੀ ਵਿਚ ਬਦਲ ਗਈ ਸੀ ਕਿਉਂਕਿ ਕਾਂਗਰਸ ਸਰਕਾਰ ਨੂੰ ਲੋਕਾਂ ਦੇ ਰੋਹ ਦਾ ਡਰ ਸੀ। ਉਨਾਂ ਕਿਹਾ ਕਿ ਲੋਕਾਂ ਨੂੰ ਦਰਬਾਰ ਵਿਚ ਇਸ ਤਰੀਕੇ ਸੱਦਿਆ ਗਿਆ ਸੀ ਜਿਸ ਕਾਰਨ ਬਹੁ ਗਿਣਤੀ ਲੋਕਾਂ ਨੇ ਤਾਂ ਆਉਣ ਤੋਂ ਇਨਕਾਰ ਹੀ ਕਰ ਦਿੱਤਾ ਭਾਵੇਂ ਕਿ ਐਸ. ਪੀ. ਤੇ ਡੀ. ਐਸ. ਪੀ. ਇਸ ਮਕਸਦ ਲਈ ਉਚੇਚੇ ਤੌਰ ‘ਤੇ ਲਗਾਏ ਗਏ ਸਨ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਅੰਮ੍ਰਿਤਸਰ ਅਤੇ ਬਟਾਲਾ ਜਾਣ ਤੋਂ ਵੀ ਨਾਂਹ ਕਰ ਦਿੱਤੀ ਜਦਕਿ ਇਹ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਲੀਆਂ ਦੋ ਹੋਰ ਥਾਵਾਂ ਸਨ ਤੇ ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਅੱਖਾਂ ਵਿਚ ਘੱਟਾ ਪਾ ਰਹੇ ਸਨ ਤੇ ਗਰੀਬਾਂ ਤੇ ਦਲਿਤਾਂ ਦੀਆਂ ਜ਼ਿੰਦਗੀਆਂ ਦੀ ਉਨਾਂ ਨੂੰ ਕੋਈ ਪਰਵਾਹ ਨਹੀਂ ਹੈ। ਦੋਵਾਂ ਆਗੂਆਂ, ਜਿਨਾਂ ਦੇ ਨਾਲ ਅੰਮ੍ਰਿਤਸਰ ਦੇ ਮੁੱਛਲ ਪਿੰਡ ਤੋਂ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰ ਵੀ ਸਨ, ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਜਿਨਾਂ ਵਿਧਾਇਕਾਂ ਖਿਲਾਫ ਜ਼ਹਿਰੀਲੀ ਸ਼ਰਾਬ ਵੰਡਣ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲੱਗੇ ਸਨ, ਨੂੰ ਸਟੇਜ ‘ਤੇ ਬਿਠਾਉਣਾ ਨਿੰਦਣਯੋਗ ਹੈ। ਉਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਖੁਦ ਇਸ ਤਰੀਕੇ ਮੁਜਰਮਾਂ ਦਾ ਬਚਾਅ ਕਰ ਰਹੇ ਹਨ ਤਾਂ ਫਿਰ ਇਸ ਭਿਆਨਕ ਤ੍ਰਾਸਦੀ ਦੀ ਨਿਰਪੱਖ ਜਾਂਚ ਕਿਵੇਂ ਹੋ ਸਕਦੀ ਹੈ ? ਉਨਾਂ ਕਿਹਾ ਕਿ ਬਜਾਏ ਜਗੀਰਦਾਰ ਵਾਂਗ ਵਿਵਹਾਰ ਕਰ ਕੇ ਪੀੜਤ ਪਰਿਵਾਰਾਂ ਨੂੰ ਜ਼ਲੀਲ ਕਰਨ ਦੇ ਮੁੱਖ ਮੰਤਰੀ ਨੂੰ ਹਰ ਪੀੜਤ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ਾ ਤੇ ਇਕ ਇਕ ਸਰਕਾਰੀ ਨੌਕਰੀ ਦਾ ਐਲਾਨ ਕਰਨਾ ਚਾਹੀਦਾ ਹੈ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬੀਆਂ ਨੂੰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਹੀ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ ਇਸੇ ਲਈ ਉਨਾਂ ਨੇ ਨਜਾਇਜ਼ ਸ਼ਰਾਬ ਦੇ ਵਪਾਰ ਵਿਚ ਲੱਗੇ ਕਾਂਗਰਸੀਆਂ ਅਤੇ ਡਿਸਟੀਲਰੀ ਮਾਲਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨਾਂ ਕਿਹਾ ਕਿ ਸੂਬੇ ਦੇ ਤਿੰਨ ਜ਼ਿਲਿ•ਆਂ ਵਿਚ ਇੰਨੇ ਭਿਆਨਕ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਵਾਪਰਨ ਦੇ ਬਾਵਜੂਦ ਮੁੱਖ ਮੰਤਰੀ ਗ੍ਰਹਿ ਅਤੇ ਆਬਕਾਰੀ ਮੰਤਰਾਲਿਆਂ ਦੇ ਇੰਚਾਰਜ ਮੰਤਰੀ ਵਜੋਂ ਲੋੜੀਂਦੀ ਕਾਰਵਾਈ ਕਰਨ ਤੋਂ ਨਾਂਹ ਕਰ ਰਹੇ ਹਨ। ਭੂੰਦੜ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਹੈ। ਉਨਾਂ ਕਿਹਾ ਕਿ ਅਕਾਲੀ ਦਲ ਰਾਜ ਭਵਨ ਵਿਚ ਰਾਜਪਾਲ ਬੀ. ਪੀ. ਸਿੰਘ ਬਦਨੌਰ ਨੂੰ ਇਹ ਕਹਿਣ ਆਇਆ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਮਨੋਰੰਜਨ ਕਾਲੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਫਦ ਨੇ ਜੋ ਮੰਗ ਪੱਤਰ ਉਨਾਂ ਨੂੰ ਸੌਂਪਿਆ ਸੀ, ਉਸਦੇ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਰਾਜਪਾਲ ਨੂੰ ਰਾਜਪੁਰਾ ਦੀ ਨਜਾਇਜ਼ ਸ਼ਰਾਬ ਫੈਕਟਰੀ ਤੇ ਹੋਰ ਅਜਿਹੇ ਮਾਮਲਿਆਂ ਦੀਆਂ ਫਾਈਲਾਂ ਮੰਗਵਾ ਕੇ ਖੁਦ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੌਂਪਣੀਆਂ ਚਾਹੀਦੀਆਂ ਹਨ।