ਅਕਾਲੀ ਦਲ ਟਕਸਾਲੀ ਨੇ ਨਕਲੀ ਸ਼ਰਾਬ ਮਾਮਲੇ ‘ਚ ਰਾਜਪਾਲ ਤੋਂ ਸੀਬੀਆਈ ਜਾਂਚ ਮੰਗੀ
ਚੰਡੀਗੜ-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਪਾਰਟੀ ਦੇ ਪੰਜ ਮੈਂਬਰੀ ਵਫਦ ਜਿਸ ਵਿਚ ਪਾਰਟੀ ਦੀ ਕੋਰ ਕਮੇਟੀ ਮੈਂਬਰਾਂ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਸਾਹਿਬ ਸਿੰਘ ਬਡਾਲੀ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਯੂਥ ਅਕਾਲੀ ਦਲ ਸ਼ਾਮਿਲ ਸਨ ਨੇ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਪੰਜਾਬ ਦੀ ਨਿਘਰਦੀ ਜਾ ਰਹੀ ਹਾਲਾਤ ਤੋ ਜਾਣੂ ਕਰਾਇਆ ਤੇ ਮੰਗ ਕੀਤੀ ਕਿ ਪੰਜਾਬ ਅੰਦਰ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੋਤਾਂ ਦਾ ਸੱਚ ਜਾਣਨ ਲਈ ਤੇ ਦੋਸ਼ੀਆ ਨੂੰ ਸਖਤ ਸਜਾਵਾਂ ਦੇਣ ਲਈ ਇਸ ਭਿਆਨਕ ਘਟਨਾਕ੍ਰਮ ਦੀ ਜਾਚ ਸੀਬੀਆਈ ਨੂੰ ਸੌਂਪੀ ਜਾਵੇ, ਇਸ ਤੋਂ ਇਲਾਵਾ ਪੰਜਾਬ ਦੀ ਬੇਰੁਜ਼ਗਾਰ ਨੌਜਵਾਨ ਪੀੜੀ ਨੂੰ ਰੋਜ਼ਗਾਰ ਦੇਣ ਲਈ ਕੋਈ ਮਾਸਟਰ ਪਲਾਨ ਬਣਾਉਣ ਲਈ ਪੰਜਾਬ ਸਰਕਾਰ ਨੂੰ ਸਖਤ ਹਦਾਇਤ ਦਿੱਤੀ ਜਾਵੇ । ਇਸ ਮੌਕੇ ਵਫਦ ਵੱਲੋ ਰਾਜਪਾਲ ਨੂੰ ਸੌਪੇ ਗਏ ਮੰਗ ਪੱਤਰ ਦੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਿਛਲੇ ਦਿਨੀਂ ਪੰਜਾਬ ਦੇ ਮਾਝੇ ਵਿੱਚ ਸ਼ਰਾਬ ਮਾਫੀਏ ਕਾਰਨ ਗਈਆਂ ਇਨਸਾਨੀ ਜਾਨਾਂ ਦੀ ਜਾਚ ਸੀ. ਬੀ. ਆਈ.ਕੋਲੋ ਕਰਵਾਉਣ ਦੀ ਮੰਗ ਕਰਦਾ ਹੈ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਸ਼ਰਾਬ ਮਾਫੀਏ ਵਿਚ ਸਿਆਸੀ ਅਤੇ ਖਾਕੀ ਨਾਲ ਸਬੰਧਿਤ ਲੋਕਾਂ ਦਾ ਹੱਥ ਹੋਣ ਦਾ ਖਦਸ਼ਾ ਹੈ, ਜਿਸ ਕਰਕੇ ਸਾਨੂੰ ਪੰਜਾਬ ਸਰਕਾਰ ਦੀ ਜਾਂਚ ‘ਤੇ ਭਰੋਸਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੰਜਾਬ ਸਰਕਾਰ ਵੱਲੋਂ ਐਲਾਨੇ ਪੰਜ ਲੱਖ ਦੇ ਮੁਆਵਜੇ ਨੂੰ ਮੁੱਢੋਂ ਰੱਦ ਕਰਦਾ ਹੈ ਤੇ ਗਵਰਨਰ ਪੰਜਾਬ ਨੂੰ ਬੇਨਤੀ ਕਰਦਾ ਹੈ ਕਿ ਇਸ ਸ਼ਰਾਬ ਮਾਫੀਏ ਵਿੱਚ ਸ਼ਾਮਿਲ ਵਿਆਕਤੀਆਂ ਦੀਆ ਜਾਇਦਾਦਾਂ ਨੂੰ ਵੇਚ ਕਿ ਹਰੇਕ ਪੀੜਤ ਪਰਿਵਾਰ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਸਮੇਂ ਕੇਦਰ ਵੱਲੋ ਬਣਾਏ ਗਏ ਕਾਲੇ ਕਨੂੰਨ ਯੂ. ਏ .ਪੀ. ਏ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆ ਰਾਜਪਾਲ ਨੂੰ ਦੱਸਿਆ ਗਿਆ ਕਿ ਪੰਜਾਬ ਅੰਦਰ ਇਸ ਕਨੂੰਨ ਤਹਿਤ ਡੇਢ ਦਰਜਨ ਤੋ ਵੱਧ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਤਰਾਂ ਸ਼ੱਕ ਤਹਿਤ ਗ੍ਰਿਫਤਾਰ ਨੌਜਵਾਨਾਂ ਦਾ ਭਵਿੱਖ ਤਬਾਹ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਕੇਂਦਰ ਵੱਲੋਂ ਜਾਰੀ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸਾ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਗਈ । ਇਸ ਮੌਕੇ ਮੇਜਰ ਸਿੰਘ ਸੰਗਤਪੁਰਾ, ਆਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਚੰਡੀਗੜ ਇਕਾਈ ਦੇ ਪ੍ਰਧਾਨ ਹਰਦਿੱਤ ਸਿੰਘ ਪਵਾਰ, ਜਗਤਾਰ ਸਿੰਘ ਘੜੂਆ , ਰਣਜੀਤ ਸਿੰਘ ਬਰਾੜ ,ਰਣਧੀਰ ਸਿੰਘ ਕਾਦੀਮਾਜਰਾ ਸਰਕਲ ਪ੍ਰਧਾਨ ਮਾਜਰੀ ਅਤੇ ਰਮੇਸ਼ ਮੈਗੀ ਵੀ ਹਾਜਰ ਸਨ।