ਦੂਲੋ ਦਾ ਜਵਾਬੀ ਹਮਲਾ, ਅਸਤੀਫਾ ਮੰਗਣ ਵਾਲੇ ਮੰਤਰੀ ਨਹੀਂ ਸੰਤਰੀ
ਚੰਡੀਗੜ-ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਸਰਕਾਰ ਦੀ ਕੈਬਨਿਟ ‘ਤੇ ਤਿੱਖਾ ਹਮਲਾ ਬੋਲਦਿਆ ਕਿਹਾ ਕਿ ਇਹ ਲੋਕ ਸਾਡਾ ਅਸਤੀਫਾ ਮੰਗਣ ਦੇ ਲਾਇਕ ਤੱਕ ਨਹੀਂ ਹਨ ਤੇ ਜੇਕਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਸਾਨੂੰ ਅਸਤੀਫਾ ਦੇਣ ਲਈ ਕਹਿਣਗੇ ਤਾਂ ਅਸੀਂ ਅਸਤੀਫਾ ਦੇ ਦੇਵਾਂਗੇ। ਦੂਲੋ ਨੇ ਕਿਹਾ ਕਿ ਕੈਪਟਨ ਦੀ ਕੈਬਨਿਟ ‘ਚ ਮੰਤਰੀ ਨਹੀਂ ਹਨ ਉਹ ਤੇ ਦਰਬਾਰੀ-ਸੰਤਰੀ ਹਨ ਤੇ ਕੈਪਟਨ ਇਕ ਤਾਨਾਸ਼ਾਹ ਵਜੋਂ ਕੰਮ ਕਰ ਰਿਹਾ ਹੈ ਤੇ ਕਾਂਗਰਸ ਸਰਕਾਰ ਦੇ ਮੰਤਰੀਆਂ-ਵਿਧਾਇਕਾਂ ਦੇ ਸਮੱਗਲਰਾਂ ਨਾਲ ਸਬੰਧ ਹਨ। ਦੂਲੋ ਨੇ ਕਿਹਾ ਕਿ ਇਹ ਡਰਦੇ ਸੀ.ਬੀ.ਆਈ.ਦੀ ਜਾਂਚ ਤੋਂ ਭੱਜ ਰਹੇ ਹਨ। ਉਨਾਂ ਕਿਹਾ ਕਿ ਕੀ ਇਹ ਮੰਤਰੀ ਸੁੱਤੇ ਪਏ ਹਨ ਤੇ ਜੇ ਚੰਗੇ ਸੰਤਰੀ ਹੁੰਦੇ ਤਾਂ ਪਹਿਰਾ ਦਿੰਦੇ ਤੇ ਸਮੱਗਲਰਾਂ ਨੂੰ ਰੋਕਦੇ। ਉਨਾਂ ਕਿਹਾ ਕਿ ਅਸੀਂ ਸਮੱਗਲਰਾਂ ਦੇ ਖਿਲਾਫ ਹਾਂ ਤੇ ਮੰਤਰੀ-ਵਿਧਾਇਕ ਉਨਾਂ ਸਮੱਗਲਰਾਂ ਨਾਲ ਰਲੇ ਹੋਏ ਹਨ ਤੇ ਲੋਕਾਂ ਦੀ ਮੌਤ ਲਈ ਜਿੰਮੇਵਾਰ ਕਾਂਗਰਸ ਸਰਕਾਰ ਹੈ। ਦੂਲੋ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਲੋਕ ਪਹਿਲਾ ਪੈਸੇ ਦੇ ਕੇ ਟਿਕਟਾਂ ਲੈ ਗਏ ਤੇ ਫਿਰ ਪੈਸੇ ਦੇ ਕੇ ਮੰਤਰੀ ਵੀ ਬਣ ਗਏ ਹਨ। ਉਨਾਂ ਕਿਹਾ ਕਿ ਰਾਜ ਸਭਾ ‘ਚ ਮੈਂ ਵੀ ਕਿੰਨੀ ਵਾਰ ਲੋਕਾਂ ਦੀ ਆਵਾਜ ਚੁੱਕੀ ਹੈ ਉਹ ਸਭ ਰਿਕਾਰਡ ਵਿਚ ਦਰਜ ਹੈ।