ਮੋਹਾਲੀ, 8 ਸਤੰਬਰ 2023 – ਸੀਬੀਆਈ ਅਦਾਲਤ ਵਲੋਂ 1992 ਦਾ ਇਕ ਹੋਰ ਪੁਲਿਸ ਮੁਕਾਬਲਾ ਝੂਠਾ ਕਰਾਰ ਦਿੱਤਾ ਗਿਆ ਹੈ, ਅਦਾਲਤ ਨੇ ਇਸ ਮੁਕਾਬਲੇ ‘ਚ ਸ਼ਾਮਿਲ ਤਿੰਨ ਪੁਲਿਸ ਅਫ਼ਸਰਾਂ ਧਰਮ ਸਿੰਘ, ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਕਤਲ ਨੂੰ ਸਾਜਿਸ਼ ਅਤੇ ਜਾਅਲਸਾਜੀ ਲਈ ਦੋਸ਼ੀ ਕਰਾਰ ਦਿੱਤਾ ਹੈ। ਹੁਣ ਦੋਸ਼ੀਆਂ ਨੂੰ 14 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।
ਅਸਲ ‘ਚ ਪਿੰਡ ਬੁੱਟਰ ਨਜਦੀਕ ਮਹਿਤਾ ਦੇ ਹਰਜੀਤ ਸਿੰਘ ਨੂੰ 29.4.1992 ਨੂੰ ਠੱਠੀਆਂ ਬੱਸ ਸਟੈਂਡ ਤੋਂ ਪੁਲਿਸ ਨੇ ਚੁੱਕ ਕੇ ਨਾਜਾਇਜ ਹਿਰਾਸਤ ਵਿਚ ਰੱਖ ਕੇ ਦੋ ਹੋਰਨਾਂ ਨੌਜਵਾਨਾਂ ਜਸਪਿੰਦਰ ਸਿੰਘ ਜੱਸਾ ਵਾਸੀ ਸ਼ਹਿਜ਼ਾਦਾ ਅਤੇ ਲਖਵਿੰਦਰ ਸਿੰਘ ਲਖਾ ਵਾਸੀ ਚਕ ਕਮਾਲ ਖਾਂ ਨਾਲ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਸੀ।
ਇਸ ਕੇਸ ਵਿਚ ਹਰਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਹਾਈ ਕੋਰਟ ਵਿਚ ਕੇਸ ਕੀਤਾ ਸੀ ਜਿਸ ਵਿਚ ਪਹਿਲਾ ਵਾਰੰਟ ਅਫ਼ਸਰ ਨਿਯੁਕਤ ਹੋਇਆ ਤੇ ਫਿਰ ਸੈਸ਼ਨ ਜੱਜ ਚੰਡੀਗੜ੍ਹ ਤੋਂ ਇਨਕੁਆਇਰੀ ਕਾਰਵਾਈ ਸੀ ਤੇ ਫਿਰ ਸਾਲ 1997 ਵਿਚ ਸੀਬੀਆਈ ਨੂੰ ਕੇਸ ਦੇ ਦਿੱਤਾ ਸੀ ਅਤੇ ਸੀਬੀਆਈ ਨੇ 2000 ਵਿਚ 9 ਪੁਲਿਸ ਅਫ਼ਸਰਾਂ ਖਿਲਾਫ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕੀਤੀ ਸੀ। ਪਰ ਇਹ ਕੇਸ ਕਈ ਸਾਲ ਸਟੇਅ ਰਿਹਾ ਅਤੇ 31 ਸਾਲਾ ਬਾਅਦ ਅੱਜ ਫੈਸਲਾ ਹੋਇਆ ।
ਇਸ ਕੇਸ ਵਿਚ ਬਾਕੀ ਦੋਸੀਆ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਇਸਦਾ ਦੂਸਰਾ ਪੱਖ ਇਹ ਵੀ ਹੈ ਕਿ ਇਸ ਕੇਸ ਵਿਚ 58 ਗਵਾਹਾਂ ਵਿੱਚੋ 27 ਗਵਾਹਾਂ ਦੀ ਵੀ ਮੌਤ ਹੋ ਗਏ ਸੀ।