ਲੁਧਿਆਣਾ, 24 ਅਗਸਤ 2023 – ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਅੱਜ ਈਡੀ ਨੇ ਛਾਪਾ ਮਾਰਿਆ ਹੈ। ਈਡੀ ਦੀ ਟੀਮ ਸਵੇਰੇ ਲੁਧਿਆਣਾ ਦੀ ਕੋਚਰ ਮਾਰਕੀਟ ਨੇੜੇ ਆਸ਼ੂ ਦੇ ਘਰ ਪਹੁੰਚੀ। ਫਿਲਹਾਲ ਇਸ ਮਾਮਲੇ ਦੇ ਸਬੰਧ ਵਿੱਚ ਈਡੀ ਦੀ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਦਕਿ ਸਾਬਕਾ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਹੈ।
ਈਡੀ ਨੇ ਵਿਜੀਲੈਂਸ ਤੋਂ ਅਨਾਜ ਘੁਟਾਲੇ ਦੇ ਕਾਗਜ਼ ਲਏ ਸਨ। ਇਸ ਤੋਂ ਬਾਅਦ ਜਾਂਚ ਪ੍ਰਕਿਰਿਆ ਦੇ ਹਿੱਸੇ ਵਜੋਂ ਅੱਜ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ ਈਡੀ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ। ਆਸ਼ੂ ਇਸ ਤੋਂ ਇਲਾਵਾ ਖੁਰਾਕ ਤੇ ਸਪਲਾਈ ਵਿਭਾਗ ਦੇ ਕਈ ਅਧਿਕਾਰੀਆਂ ਦੇ ਘਰਾਂ ਦੀ ਵੀ ਜਾਂਚ ਚੱਲ ਰਹੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਭੂਸ਼ਣ ਆਸ਼ੂ ਕਾਂਗਰਸ ਸਰਕਾਰ ਵਿੱਚ ਖੁਰਾਕ ਅਤੇ ਸਪਲਾਈ ਮੰਤਰੀ ਸਨ। ਉਸ ਦੌਰਾਨ ਆਸ਼ੂ ‘ਤੇ ਅਨਾਜ ਦੀ ਢੋਆ-ਢੁਆਈ ਸਮੇਤ ਕਈ ਹੋਰ ਘਪਲੇ ਕਰਨ ਦੇ ਦੋਸ਼ ਲੱਗੇ ਸਨ। ਪੰਜਾਬ ਸਰਕਾਰ ਨੇ ਆਸ਼ੂ ਖ਼ਿਲਾਫ਼ ਲੁਧਿਆਣਾ ਸਮੇਤ ਹੋਰ ਥਾਵਾਂ ’ਤੇ ਕੇਸ ਦਰਜ ਕੀਤੇ ਹਨ। ਇਸ ਕਾਰਨ ਆਸ਼ੂ ਨੂੰ ਕਈ ਮਹੀਨੇ ਜੇਲ੍ਹ ਕੱਟਣੀ ਪਈ ਅਤੇ ਹੁਣ ਉਹ ਜ਼ਮਾਨਤ ‘ਤੇ ਬਾਹਰ ਹੈ।