– ਪਸ਼ੂਆਂ ਲਈ 300 ਕੁਇੰਟਲ ਮੱਕੀ ਦਾ ਆਚਾਰ ਅਤੇ 100 ਪੈਕਟ ਸੁੱਕੀ ਰਸਦ ਅਤੇ ਕੱਪੜੇ ਵੰਡੇ – ਰਾਜਨ ਮਾਨ
ਹਰੀਕੇ ਪੱਤਣ ( ਤਰਨ ਤਾਰਨ ),24 ਅਗਸਤ 2023 – ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਅੰਮ੍ਰਿਤਸਰ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ਅਤੇ ਤਰਨਤਾਰਨ ਜ਼ਿਲ੍ਹਾ ਦੇ ਦਰਿਆ ਨਾਲ ਲੱਗਦੇ ਦਰਜਨਾਂ ਪਿੰਡਾਂ ਵਿੱਚ ਹੜ੍ਹਾਂ ਦੀ ਮਾਰ ਕਾਰਨ ਫਸਲਾਂ ਬਰਬਾਦ ਹੋਣ ਅਤੇ ਘਰੋਂ ਬੇਘਰ ਹੋ ਜਾਣ ਕਾਰਨ ਇਹਨਾਂ ਪਿੰਡਾਂ ਵਿੱਚ 300 ਕੁਇੰਟਲ ਮੱਕੀ ਦਾ ਆਚਾਰ ਅਤੇ 100 ਪੈਕਟ ਰਾਸ਼ਨ ਅਤੇ ਕੱਪੜੇ ਵੰਡੇ ਗਏ ਹਨ।
ਟਾਊਨਸ਼ਿਪ ਐਸੋਸੀਏਸ਼ਨ ਵਲੋਂ ਪਹਿਲਾਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ 400 ਕੁਇੰਟਲ ਪਸ਼ੂਆਂ ਦਾ ਚਾਰਾ ਤੇ ਹੋਰ ਸਮਾਨ ਵੰਡਿਆ ਗਿਆ ਸੀ।
ਤਰਨ ਤਾਰਨ ਜ਼ਿਲ੍ਹੇ ਦੇ ਕਰੀਬ 60 ਪਿੰਡ ਵੱਡੇ ਪੱਧਰ ਤੇ ਪਾਣੀ ਦੀ ਮਾਰ ਹੇਠ ਆਏ ਹਨ। ਇਸ ਕਾਰਨ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਮਾਲ ਡੰਗਰ ਨਾਲ ਘਰਾਂ ਨੂੰ ਛੱਡ ਕੇ ਉੱਚੇ ਥਾਂ ਤੇ ਹਿਜਰਤ ਕਰਨੀ ਪਈ। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਕਾਰਕੁਨਾਂ ਵੱਲੋਂ ਅੱਜ ਪਿੰਡਾਂ ਵਿੱਚ ਜਾ ਕੇ ਬੇਜ਼ੁਬਾਨ ਪਸ਼ੂਆਂ ਲਈ ਚਾਰਾ ਵੰਡਿਆ ਅਤੇ ਨਾਲ ਹੀ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਟਾਊਨਸ਼ਿਪ ਐਸੋਸੀਏਸ਼ਨ ਵਲੋਂ ਲੋੜਵੰਦ 100 ਪਰਿਵਾਰਾਂ ਨੂੰ ਖਾਣ ਲਈ ਸੁੱਕਾ ਰਾਸ਼ਨ ਜਿਸ ਵਿੱਚ ਆਟਾ,ਖੰਡ,ਦਾਲਾਂ,ਚਾਹ ਪੱਤੀ ਅਤੇ ਹੋਰ ਲੂਣ ਤੇਲ ਤੇ ਘਰੇਲੂ ਜਰੂਰਤ ਦੇ ਸਮਾਨ ਦੇ ਪੈਕਟ ਅਤੇ ਬੰਦਿਆਂ,ਔਰਤਾਂ ਅਤੇ ਬੱਚਿਆਂ ਦੇ ਕੱਪੜੇ ਵੰਡੇ ਗਏ ਤਾਂ ਜੋ ਔਖੀ ਘੜੀ ਵਿੱਚ ਉਹ ਆਪਣਾ ਪੇਟ ਭਰ ਸਕਣ ਅਤੇ । ਬਹੁਤ ਸਾਰੇ ਲੋਕਾਂ ਦਾ ਖਾਣ ਪੀਣ ਦਾ ਸਮਾਨ ਅਤੇ ਕੱਪੜੇ ਵੀ ਪਾਣੀ ਵਿਚ ਡੁੱਬ ਗਏ ਹਨ। ਲੋਕਾਂ ਵਲੋਂ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਮਾਨ, ਸਕੱਤਰ ਵਿਜੇ ਕੁਮਾਰ,ਵਿੱਤ ਸਕੱਤਰ ਗੁਰਦੇਵ ਸਿੰਘ ਮਾਹਲ ਰਟਾਇਰਡ ਜਨਰਲ ਮੈਨੇਜਰ, ਰਾਜਬੀਰ ਸਿੰਘ ਸੰਧੂ, ਪ੍ਰੋਫੈਸਰ ਰਾਜਕਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਇਹ ਮਹਿਸੂਸ ਕੀਤਾ ਕਿ ਪਾਣੀ ਦੀ ਮਾਰ ਹੇਠ ਆਉਣ ਕਾਰਨ ਜਿੱਥੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਓਥੇਂ ਕਿਸਾਨਾਂ ਦੇ ਪਸ਼ੂ ਧੰਨ ਲਈ ਹਰੇ ਚਾਰੇ ਦੀ ਸਮੱਸਿਆ ਸਭ ਤੋਂ ਵੱਡੀ ਮੁਸ਼ਕਿਲ ਵੱਜੋਂ ਉੱਭਰ ਕੇ ਸਾਹਮਣੇ ਆਈ। ਉਹਨਾਂ ਕਿਹਾ ਕਿ ਸਾਡੇ ਵੱਲੋਂ 300 ਕੁਇੰਟਲ ਮੱਕੀ ਦਾ ਆਚਾਰ ਅਤੇ 100 ਪੈਕਟ ਰਾਸ਼ਨ ਅੱਜ ਦਰਿਆ ਨਾਲ ਲੱਗਦੇ ਪਿੰਡਾਂ ਘੜੁੰਮ,ਗਦਾਈ ਏ, ਘੁੱਲੇਵਾਲਾ, ਕੋਟਬੁੱਢਾ, ਕੁੱਤੀਵਾਲਾ, ਡੂੰਮਣੀ ਵਾਲਾ, ਤੋਂ ਲੈ ਕੇ ਮੁੱਠਿਆਂ ਵਾਲੀ ਸਮੇਤ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੂੰ ਤਕਸੀਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇੱਕ ਮਹੀਨਾ ਪਹਿਲਾਂ ਵੀ ਐਸੋਸੀਏਸ਼ਨ ਇਹਨਾਂ ਪਿੰਡਾਂ ਵਿੱਚ ਪਾਣੀ ਆਇਆ ਸੀ ਅਤੇ ਉਸ ਵਕਤ ਵੀ 400 ਕੁਇੰਟਲ ਪਸ਼ੂਆਂ ਦਾ ਚਾਰਾ ਅਤੇ ਹੋਰ ਸਮੱਗਰੀ ਲੋਕਾਂ ਵਿੱਚ ਵੰਡੀ ਗਈ ਸੀ।
ਉਹਨਾਂ ਕਿਹਾ ਕਿ ਅੱਜ ਦੁੱਖ ਦੀ ਘੜੀ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮਦਦ ਕਰੀਏ। ਉਹਨਾਂ ਕਿਹਾ ਕਿ ਪਾਣੀ ਦੀ ਮਾਰ ਕਾਰਨ ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਇਹ ਲੋਕ ਪਹਿਲਾਂ ਹੀ ਸਮੇਂ ਸਮੇਂ ਤੇ ਕੁਦਰਤੀ ਆਫ਼ਤਾਂ ਤੋਂ ਪੀੜਤ ਹਨ। ਉਹਨਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਇਹਨਾਂ ਲੋਕਾਂ ਨੂੰ ਸਾਡੀ ਹੋਰ ਮਦਦ ਦੀ ਲੋੜ ਨਾ ਪਵੇ ਅਤੇ ਹਾਲਾਤ ਆਮ ਵਰਗੇ ਹੋ ਜਾਣ ਅਤੇ ਜੇਕਰ ਅੱਗੇ ਉਹਨਾਂ ਨੂੰ ਕੋਈ ਵੀ ਜਰੂਰਤ ਪਵੇਗੀ ਤਾਂ ਉਹ ਇਹਨਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਇਸ ਮੌਕੇ ਤੇ ਪਸ਼ੂਆਂ ਲਈ ਆਚਾਰ ਲੈ ਰਹੇ ਨੌਜਵਾਨ
ਨੇ ਕਿਹਾ ਕਿ ਅੰਮ੍ਰਿਤਸਰ ਤੋਂ ਆਏ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਆਗੂਆਂ ਵਲੋਂ ਜੋ ਸੇਵਾ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਦੁੱਖ ਦੀ ਘੜੀ ਵਿੱਚ ਸਾਡੀ ਬਾਂਹ ਫੜੀ ਹੈ। ਉਸਨੇ ਦੱਸਿਆ ਕਿ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਪਸ਼ੂਆਂ ਦੇ ਚਾਰੇ ਦੀ ਹੀ ਹੈ ਕਿਉਂ ਕਿ ਸਾਡੀਆਂ ਜ਼ਮੀਨਾਂ ਧੁੱਸੀ ਤੋਂ ਪਾਰ ਹੋਣ ਕਰਕੇ ਫਸਲਾਂ ਤੇ ਚਾਰੇ ਬਰਬਾਦ ਹੋ ਗਏ ਹਨ। ਉਹਨਾਂ ਕਿਹਾ ਕਿ ਕਈ ਲੋਕਾਂ ਦੇ ਘਰ ਵੀ ਡੁੱਬ ਗਏ ਹਨ ਅਤੇ ਉਹ ਟੈਂਟ ਲਾ ਕੇ ਹਰੀਕੇ ਨੇੜੇ ਰਹਿ ਰਹੇ ਹਨ। ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਕਾਲੋਨੀ ਵਾਸੀਆਂ ਵਲੋਂ ਮਿਲਕੇ ਇਹ ਉਪਰਾਲਾ ਕੀਤਾ ਗਿਆ ਹੈ।