-ਸੁਖਬੀਰ ਬਾਦਲ ਦੀ ਦਹਾੜ, ਮਰਦਾਂ ਵਾਲੀ ਰਾਜਨੀਤੀ ਕਰੋ
-ਵੀਰਪਾਲ ਕੌਰ ਦੇ ਖਿਲਾਫ ਚੰਡੀਗੜ ਪੁਲਿਸ ਨੂੰ ਕੀਤੀ ਸ਼ਿਕਾਇਤ
-ਕਿਹਾ ਇਹ ਸਾਰਾ ਕੁਝ ਅਕਾਲੀ ਦਲ ਦੀ ਚੜਤ ਤੋਂ ਬੌਖਲਾਹਟ ਦਾ ਨਤੀਜਾ
-ਵੀਰਪਾਲ ਕੌਰ ਪਿੱਛੇ ਘੜੀ ਗਈ ਵੱਡੀ ਸਾਜਿਸ਼
ਚੰਡੀਗੜ। ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਪੌਸ਼ਾਕ ਦਾ ਉੱਠਿਆ ਮਾਮਲਾ ਚੰਡੀਗੜ ਪੁਲਿਸ ਕੋਲ ਜਾ ਪੁੱਜਾ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ ਦੇ ਐਸ.ਐਸ.ਪੀ. ਨੂੰ ਮਿਲ ਕੇ ਵੀਰਪਾਲ ਕੌਰ ਦੀ ਸ਼ਿਕਾਇਤ ਕਰਨ ਉਪਰੰਤ ਮੀਡੀਆ ਨਾਲ ਗੱਲ ਕਰਦੇ ਹੋਏ ਉਨਾਂ ਨੇ ਵਿਰੋਧੀ ਪਾਰਟੀਆਂ ਖਾਸਕਰ ਬਿਨਾਂ ਨਾਮ ਲਏ ਕਾਂਗਰਸ ‘ਤੇ ਹਮਲਾ ਕਰਦਿਆ ਕਿਹਾ ਕਿ ਮਰਦਾਂ ਵਾਲੀ ਰਾਜਨੀਤੀ ਕਰੋ ਤੇ ਰਾਜਨੀਤੀ ਲਈ ਗੁਰੂ ਸਾਹਿਬਾਨ ਦਾ ਆਸਰਾ ਨਾ ਲਵੋ। ਸ.ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਵੱਧ ਰਹੇ ਲੋਕ ਆਧਾਰ ਤੋਂ ਬੌਖਲਾਈਆਂ ਹੋਈਆਂ ਪਾਰਟੀਆਂ ਇਸ ਤਰਾਂ ਦੇ ਹੱਥਕੰਡੇ ਅਪਨਾ ਰਹੀਆਂ ਹਨ। ਉਨਾਂ ਵੀਰਪਾਲ ਕੌਰ ਵਾਲੇ ਮਾਮਲੇ ‘ਤੇ ਵੀ ਟਿੱਪਣੀ ਕੀਤੀ ਤੇ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਪਿੱਛੇ ਵੀ ਇਕ ਬੜੀ ਸਾਜਿਸ਼ ਰਚੀ ਗਈ ਹੈ, ਉਨਾਂ ਵੀਰਪਾਲ ਕੌਰ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਦੇ ਜਵਾਬ ਵਿਚ ਵੀਰਪਾਲ ਕੌਰ ‘ਤੇ ਟਿੱਪਣੀ ਕਰਦਿਆ ਕਿਹਾ ਕਿ ਇਸ ਵਿਚ ਜਿਹੜੀ ਗੁਰਮੀਤ ਰਾਮ ਰਹੀਮ ਦੀ ਤੁਲਨਾ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਗਈ ਹੈ ਉਹ ਇਸੇ ਹੀ ਸਾਜਿਸ਼ ਦਾ ਨਤੀਜਾ ਹੈ। ਉਨਾਂ ਕਿਹਾ ਕਿ ਇਕ ਪਾਸੇ ਤਾਂ ਵੀਰਪਾਲ ਕੌਰ ਉਨਾਂ ਨੂੰ ਨਾ ਜਾਣਦਾ ਹੋਇਆ ਦੱਸ ਰਹੀ ਹੈ ਤੇ ਨਾਲ ਹੀ ਉਹ ਮੁਆਫੀ ਮੰਗ ਰਹੀ ਹੈ। ਸ.ਬਾਦਲ ਨੇ ਐਸ.ਐਸ.ਪੀ.ਚੰਡੀਗੜ ਨੂੰ ਮਿਲ ਕੇ ਵੀਰਪਾਲ ਕੌਰ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਦਾ ਜਿਕਰ ਕਰਦਿਆ ਕਿਹਾ ਕਿ ਉਨਾਂ ਦੀ ਪਾਰਟੀ ਦਾ ਦਫਤਰ ਚੰਡੀਗੜ ਵਿਚ ਹੈ ਤੇ ਵੀਰਪਾਲ ਕੌਰ ਦਾ ਜਵਾਬ ਵੀ ਉਨਾਂ ਨੂੰ ਚੰਡੀਗੜ ਦਫਤਰ ਵਿਚ ਹੀ ਮਿਲਿਆ ਹੈ, ਇਸ ਕਰਕੇ ਇਸ ਮਾਮਲੇ ਵਿਚ ਸ਼ਿਕਾਇਤ ਚੰਡੀਗੜ ਪੁਲਿਸ ਨੂੰ ਕੀਤੀ ਗਈ ਹੈ। ਇਹ ਮਾਮਲਾ ਪਿਛਲੇ ਇਕ ਹਫਤੇ ਤੋਂ ਇਸ ਗੱਲ ਕਰਕੇ ਭਖਿਆ ਹੋਇਆ ਹੈ ਕਿਉਂਕਿ ਵੀਰਪਾਲ ਕੌਰ ਨੇ ਗੁਰਮੀਤ ਰਾਮ ਰਹੀਮ ਦੀ ਵਿਵਾਦਤ ਪੌਸ਼ਾਕ ਬਾਰੇ ਇਹ ਬਿਆਨ ਦੇ ਦਿੱਤਾ ਸੀ ਕਿ ਉਕਤ ਪੌਸ਼ਾਕ ਸੁਖਬੀਰ ਬਾਦਲ ਨੇ ਹੀ ਡੇਰਾ ਮੁੱਖੀ ਨੂੰ ਭੇਜੀ ਸੀ, ਇਸ ‘ਤੇ ਵਿਰੋਧੀ ਪਾਰਟੀਆਂ ਨੇ ਸੁਖਬੀਰ ਬਾਦਲ ‘ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਸਨ।
ਕੈਪਸ਼ਨ-ਚੰਡੀਗੜ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ।