ਮਾਨਸਾ, 17 ਅਗਸਤ 2023 – ਪੰਜਾਬ ਦੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਮਾਨਸਾ ਵਿੱਚ ਆਪਣੇ ਹੱਕ ਮੰਗ ਰਹੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਵਾਲੇ ਡੀਐਸਪੀ ਗੁਰਮੀਤ ਸਿੰਘ ਦੀ ਫੋਨ ਕਾਲ ਦੀ ਇੱਕ ਆਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ‘ਚ ਡੀਐਸਪੀ ਅਧਿਆਪਕਾਂ ਤੋਂ ਮੁਆਫ਼ੀ ਮੰਗ ਰਿਹਾ ਹੈ।
ਆਡੀਓ ‘ਚ ਡੀਐਸਪੀ ਅਧਿਆਪਕਾਂ ਅੱਗੇ ਉਸ ਨੂੰ ਮੈਜਿਸਟ੍ਰੇਟ ਜਾਂਚ ਤੋਂ ਬਚਾਉਣ ਦੀ ਗੁਹਾਰ ਲਗਾ ਰਿਹਾ ਹੈ। ਉਹ ਅਧਿਆਪਕਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਉਹ ਆਪਣੇ ਬਿਆਨ ਦੇ ਕੇ ਉਸ ਦੀ ਫਾਈਲ ਬੰਦ ਕਰਵਾਉਣ। ਫੋਨ ਕਾਲ ‘ਤੇ ਡੀਐਸਪੀ ਇੱਕ ਈਟੀਟੀ ਅਧਿਆਪਕ ਸੁਖਬੀਰ ਸਿੰਘ ਨੂੰ ਕਹਿ ਰਿਹਾ ਹੈ ਕਿ ਉਸ ਤੋਂ ਆਪਣੀ ਡਿਊਟੀ ਕਰਦੇ ਹੋਏ ਗਲਤੀ ਹੋ ਗਈ ਹੈ, ਕਿਰਪਾ ਕਰਕੇ ਉਸ ਨੂੰ ਮੁਆਫ਼ ਕਰ ਦਿਓ। ਅਸਲ ‘ਚ ਲਾਠੀਚਾਰਜ ਦੀ ਮੈਜਿਸਟ੍ਰੇਟ ਜਾਂਚ ਕਾਰਨ ਡੀਐਸਪੀ ਦੀ ਸੇਵਾਮੁਕਤੀ ਨੂੰ ਰੋਕ ਦਿੱਤਾ ਗਿਆ ਹੈ ਅਤੇ ਵਿਭਾਗ ਉਸ ਨੂੰ ਹਿਸਾਬ ਨਹੀਂ ਦੇ ਰਿਹਾ। ਜਿਸ ਕਾਰਨ ਡੀਐਸਪੀ ਗੁਰਮੀਤ ਸਿੰਘ ਮੁਆਫੀਆਂ ਮੰਗ ਰਿਹਾ ਹੈ।
ਵਾਇਰਲ ਆਡੀਓ ‘ਚ ਡੀਐਸਪੀ ਗੁਰਮੀਤ ਸਿੰਘ ਨੇ ਈਟੀਟੀ ਅਧਿਆਪਕ ਨੂੰ ਕਿਹਾ ਕਿ ਮੈਂ ਮਾਨਸਾ ਵਿੱਚ ਡਿਊਟੀ ਦੌਰਾਨ ਗਲਤੀ ਕੀਤੀ ਹੈ। ਉਸ ਦੀ ਸੇਵਾਮੁਕਤੀ ਨੂੰ ਰੋਕ ਦਿੱਤਾ ਗਿਆ ਹੈ, ਕਿਉਂਕਿ ਉਸ ਦੀ ਮੈਜਿਸਟ੍ਰੇਟ ਜਾਂਚ ਪੈਂਡਿੰਗ ਹੈ। ਜਦੋਂ ਤੱਕ ਉਹ ਜਾਂਚ ਟੀਮ ਅੱਗੇ ਬਿਆਨ ਨਹੀਂ ਦਿੰਦੇ, ਉਸ ਨੂੰ ਕੁਛ ਨਹੀਂ ਮਿਲੇਗਾ। ਉਥੇ ਹੀ ਡੀਐਸਪੀ ਗੁਰਮੀਤ ਸਿੰਘ ਦੀ ਗੱਲ ‘ਤੇ ਅਧਿਆਪਕ ਨਿਮਰਤਾ ਨਾਲ ਕਹਿ ਰਹੇ ਹਨ ਕਿ ਚਿੰਤਾ ਨਾ ਕਰੋ, ਤੁਹਾਡੇ ਹੱਕਾਂ ਨੂੰ ਮਰਨ ਨਹੀਂ ਦਿੱਤਾ ਜਾਵੇਗਾ।
(The Editor ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ, ਇਹ ਖ਼ਬਰ ਵਾਇਰਲ ਆਡੀਓ ਦੇ ਆਧਾਰ ‘ਤੇ ਲਿਖੀ ਗਈ ਹੈ)