– ਨੌਸ਼ਹਿਰਾ ਪੱਤਣ ਵਿਖੇ ਪਾਰਟੀ ਉਮੀਦਵਾਰ ਠੰਡਲ ਦੇ ਹੱਕ ਵਿੱਚ ਭਰਵੀਂ ਵਰਕਰ ਮਿਲਣੀ
– ਮੁੱਖ ਮੰਤਰੀ ਲੋਕਾਂ ਦੇ ਸਵਾਲਾਂ ਤੋਂ ਡਰਦੇ ਭੱਜ ਰਹੇ ਨੇ-ਸਰਬਜੋਤ ਸਾਬੀ
ਦਾ ਐਡੀਟਰ ਨਿਊਜ਼, ਮੁਕੇਰੀਆ —– ਸੂਬੇ ਦੀ ਆਪ ਸਰਕਾਰ ਲੋਕ ਸਭਾ ਚੋਣ ਵਿੱਚ ਹੋਣ ਜਾ ਰਹੀ ਹਾਰ ਨੂੰ ਦੇਖ ਕੇ ਬੌਖਲਾ ਗਈ ਹੈ ਤੇ ਜਿਸ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਸਰਕਾਰੀ ਏਜੰਸੀਆਂ ਦੀ ਵਰਤੋ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕੀਤੀ ਉਸੇ ਤਰਜ਼ ਉੱਪਰ ਆਪ ਸਰਕਾਰ ਚੱਲ ਰਹੀ ਹੈ ਲੇਕਿਨ ਆਪ ਆਗੂ ਭੁੱਲ ਗਏ ਹਨ ਕੇ ਪੰਜਾਬ ਵਿੱਚ ਤਾਨਾਸ਼ਾਹੀ ਦਾ ਇਹ ਮਾਡਲ ਨਹੀਂ ਚੱਲੇਗਾ, ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਇੰਚਾਰਜ ਤੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਵੱਲੋਂ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਨੌਸ਼ਹਿਰਾ ਪੱਤਣ ਵਿਖੇ ਕਰਵਾਈ ਗਈ ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਆਪ ਸਰਕਾਰ ਹੁਣ ਪੈਸੇ ਦੀ ਵਰਤੋਂ ਨਾਲ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀ ਹੈ ਤੇ ਰਿਪੋਰਟਾਂ ਮੁਤਾਬਿਕ ਆਪ ਨੇ ਵੱਡੇ ਵਪਾਰੀਆਂ ਨੂੰ ਆਪਣੇ ਚੋਣ ਪ੍ਰਚਾਰ ਵਾਸਤੇ 5-5 ਕਰੋੜ ਰੁਪਏ ਦੇਣ ਵਾਸਤੇ ਮਜ਼ਬੂਰ ਕੀਤਾ ਹੈ।
ਪ੍ਰਧਾਨ ਧਾਮੀ ਨੇ ਕਿਹਾ ਕਿ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੇ ਦਿੱਲੀ ਆਧਾਰਿਤ ਪਾਰਟੀਆਂ ਖਿਲਾਫ ਤੂਫਾਨ ਖੜ੍ਹਾ ਕਰ ਦਿੱਤਾ ਹੈ ਤੇ ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਇਸ ਤੂਫਾਨ ਮੂਹਰੇ ਕੋਈ ਵੀ ਸਿਆਸੀ ਧਿਰ ਟਿਕ ਨਹੀਂ ਸਕੇਗੀ। ਇਸ ਮੌਕੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬੀਆਂ ਨੇ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਦਾ ਫੈਸਲਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵਿੱਚ ਵਿਚਰਨਾ ਔਖਾ ਹੋਇਆ ਪਿਆ ਹੈ ਤੇ ਉਹ ਲੋਕਾਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ।
ਇਸ ਸਮੇਂ ਸੋਹਣ ਸਿੰਘ ਠੰਡਲ ਵੱਲੋਂ ਹਲਕਾ ਮੁਕੇਰੀਆ ਦੇ ਪਾਰਟੀ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਰਕਰਾਂ ਦੇ ਉਤਸ਼ਾਹ ਤੋਂ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਸੂਬੇ ਵਿੱਚ ਸਿਆਸੀ ਹਵਾ ਦਾ ਰੁੱਖ ਬਦਲ ਚੁੱਕਾ ਹੈ ਤੇ ਲੋਕ ਅਕਾਲੀ ਦਲ ਦੇ ਹੱਕ ਵਿੱਚ ਭੁਗਤਣ ਲਈ ਤਿਆਰ ਬਰ ਤਿਆਰ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਰਵਿੰਦਰ ਸਿੰਘ ਚੱਕ, ਆਸਾ ਸਿੰਘ ਕੌਲੀਆਂ, ਸਰਪੰਚ ਬਲਬੀਰ ਸਿੰਘ ਟੀਟਾ, ਲਖਵੀਰ ਸਿੰਘ ਮਾਨਾ, ਸੌਦਾਗਰ ਸਿੰਘ ਚਨੌਰ, ਨੰਬਰਦਾਰ ਬਲਜੀਤ ਸਿੰਘ, ਕੁਲਬੀਰ ਸਿੰਘ ਬੱਬਾ, ਸ਼ਾਮ ਸਿੰਘ ਸ਼ਾਮਾ, ਮਾਸਟਰ ਅਮਰਜੀਤ ਸਿੰਘ, ਬੀਬੀ ਬਲਵੀਰ ਕੌਰ ਬੇਲਾ ਸਰਿਆਣਾ, ਇੰਦਰਜੀਤ ਸਿੰਘ ਕੰਗ, ਰਵਿੰਦਰ ਸਿੰਘ ਰੰਮੀ ਆਦਿ ਵੀ ਮੌਜੂਦ ਸਨ।