– 13 ਮਈ ਨੂੰ ਠੰਡਲ ਦਾਖਿਲ ਕਰਨਗੇ ਨਾਮਜ਼ਦਗੀ, ਵਰਕਰਾਂ ਦਾ ਹੋਵੇਗਾ ਵੱਡਾ ਇਕੱਠ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ———- ਸੂਬੇ ਦੇ ਲੋਕ ਆਪਣੀ ਖੇਤਰੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲ ਪਏ ਹਨ ਤੇ ਇਸ ਵਾਰ ਲੋਕ ਸਭਾ ਚੋਣ ਦੇ ਨਤੀਜੇ ਪਾਰਟੀ ਦੇ ਹੱਕ ਵਿੱਚ ਆਉਣਗੇ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਤੇ ਸੀਨੀਅਰ ਵਾਈਸ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਇੱਥੇ ਆਪਣੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ ਦੀ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ ਤੇ ਨਾਲ ਹੀ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਗਈ ਕਿ 13 ਮਈ ਨੂੰ ਪਾਰਟੀ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਜਾਣਗੇ ਤੇ ਉਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਗੂ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ ਤੇ ਇਸੇ ਦਿਨ ਹੀ ਪਾਰਟੀ ਦੇ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ ਜਾਵੇਗਾ।
ਲਾਲੀ ਬਾਜਵਾ ਨੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੇ-ਆਪਣੇ ਬੂਥਾਂ ਦੀ ਜ਼ਿੰਮੇਵਾਰੀ ਅੱਜ ਤੋਂ ਹੀ ਸੰਭਾਲਣੀ ਸ਼ੁਰੂ ਕਰ ਦਿੱਤੀ ਜਾਵੇ ਤੇ ਬੂਥ ਨਾਲ ਸਬੰਧਿਤ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਨੂੰ ਪਹੁੰਚਾਇਆ ਜਾਵੇ ਜੋ ਕਿ ਤਰੱਕੀ ਦੇ ਪੱਖ ਤੋਂ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਸਮੁੱਚੀ ਲੀਡਰਸ਼ਿਪ ਨੂੰ ਏਕਤਾ ਨਾਲ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ ਮਿਲ ਰਿਹਾ ਲੋਕਾਂ ਦਾ ਸਮਰਥਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਅਕਾਲੀ ਦਲ ਦੇ ਨਾਲ ਹਨ ਕਿਉਂਕਿ ਸੂਬੇ ਦੀ ਮੌਜੂਦਾ ਆਪ ਸਰਕਾਰ ਦੇ ਆਗੂਆਂ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਅੱਜ ਤੱਕ ਵਫਾ ਨਹੀਂ ਹੋਏ। ਲਾਲੀ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਕਾਂਗਰਸ ਤੇ ਭਾਜਪਾ ਇਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀਆਂ ਤੇ ਦੂਜੇ ਪਾਸੇ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਹੈ ਜਿਸ ਦੀ ਲੀਡਰਸ਼ਿਪ ਵੱਲੋਂ ਹਮੇਸ਼ਾ ਪੰਜਾਬ ਦੇ ਭਲੇ ਲਈ ਫੈਸਲੇ ਲਏ ਗਏ।
ਇਸ ਮੌਕੇ ਸਾਬਕਾ ਕੌਂਸਲਰ ਸੰਤੋਖ ਸਿੰਘ ਔਜਲਾ, ਯੂਥ ਅਕਾਲੀ ਦਲ ਦੇ ਦੇਹਾਤੀ ਪ੍ਰਧਾਨ ਇੰਦਰਜੀਤ ਸਿੰਘ ਕੰਗ, ਰਣਧੀਰ ਸਿੰਘ ਭਾਰਜ, ਬਰਿੰਦਰ ਸਿੰਘ ਪਰਮਾਰ, ਦਵਿੰਦਰ ਸਿੰਘ ਬੈਂਸ, ਸ਼ਮਸ਼ੇਰ ਸਿੰਘ ਭਾਰਦਵਾਜ, ਹਰਭਜਨ ਸਿੰਘ ਧਾਲੀਵਾਲ, ਸਤਵਿੰਦਰ ਆਹਲੂਵਾਲੀਆ, ਸਾਬਕਾ ਕੌਂਸਲਰ ਰੂਪ ਲਾਲ ਥਾਪਰ, ਕੁਲਦੀਪ ਸਿੰਘ ਬਜਵਾੜਾ, ਲਵਲੀ ਪਹਿਲਵਾਨ, ਜਪਿੰਦਰ ਅਟਵਾਲ, ਰਾਕੇਸ਼ ਸੂਰੀ, ਸੁਖਵਿੰਦਰ ਸੁੱਖੀ ਆਦਿ ਵੀ ਮੌਜੂਦ ਸਨ।