– ਬੀਨੂੰ ਢਿਲੋਂ ਨੇ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਨੂੰ ਦਿੱਤਾ ਵੱਡਾ ਹੁਲਾਰਾ
– ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ- ਕਰਮਜੀਤ ਅਨਮੋਲ
– ਮਾਨ ਸਰਕਾਰ ਨੇ ਦੋ ਸਾਲਾਂ ਵਿੱਚ ਲੋਕ ਭਲਾਈ ਦੇ ਅਨੇਕਾਂ ਕਾਰਜ ਕੀਤੇ ਸ਼ੁਰੂ – ਕਰਮਜੀਤ ਅਨਮੋਲ
– ਜ਼ੁਬਾਨ ਦਾ ਪੱਕਾ ਤੇ ਸੱਚਮੁੱਚ ਹੀਰਾ ਇਨਸਾਨ ਹੈ ਕਰਮਜੀਤ ਅਨਮੋਲ – ਬੀਨੂੰ ਢਿਲੋਂ
ਦਾ ਐਡੀਟਰ ਨਿਊਜ਼, ਰਾਮਪੁਰਾਫੂਲ/ ਬਠਿੰਡਾ/ ਫਰੀਦਕੋਟ ———- ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਮੁਹਿਮ ਨੂੰ ਉਸ ਸਮੇਂ ਜਬਰਦਸਤ ਹੁਲਾਰਾ ਮਿਲਿਆ ਜਦੋਂ ਪੰਜਾਬ ਫਿਲਮਾਂ ਦੇ ਸੁਪਰ-ਸਟਾਰ ਬਿਨੂੰ ਢਿੱਲੋਂ ਰਾਮਪੁਰਾ ਫੂਲ ਦੇ ਪਿੰਡ ਢਪਾਲੀ ਤੋਂ ਆਪਣੇ ਮਿੱਤਰ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਵਿਚ ਜੁਟ ਗਏ। ਇਸ ਮੌਕੇ ਉਨ੍ਹਾਂ ਨਾਲ ਰਾਮਪੁਰਾਫੁਲ ਹਲਕੇ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ, ਦਿਹਾਤੀ ਜਿਲਾ ਪ੍ਰਧਾਨ ਅਤੇ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਖਾਦੀ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਅਤੇ ਜਿਲਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁੱਖਜਿੰਦਰ ਸਿੰਘ ਕਾਉਣੀ ਮੋਜੂਦ ਰਹੇ।
ਫਰੀਦਕੋਟ ਪਾਰਲੀਮੈਂਟ ਹਲਕੇ ਵਿੱਚ ਪੈਂਦੇ ਬਠਿੰਡਾ ਜਿਲੇ ਦੇ ਰਾਮਪੁਰਾ ਫੂਲ ਹਲਕੇ ਦੇ ਮਲੂਕਾ, ਸਿਰੀਏਵਾਲਾ, ਦਿਆਲਪੁਰਾ ਮਿਰਜਾ, ਜਲਾਲ, ਆਦਮਪੁਰਾ, ਢਿਪਾਲੀ, ਧਿੰਗੜ, ਮਹਿਰਾਜ, ਰਾਮਪੁਰਾ ਫੂਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ ਅਤੇ ਇਸ ਵੇਲੇ ਸੱਤਾ ਉੱਤੇ ਕਾਬਜ ਬੀਜੇਪੀ ਸਰਕਾਰ ਨੇ ਪੰਜਾਬ ਦੇ 8 ਹਜਾਰ ਕਰੋੜ ਦੇ ਪੇਂਡੂ ਵਿਕਾਸ ਫੰਡ ਰੋਕੇ ਹੋਏ ਹਨ।
ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਅਸਲ ਵਿੱਚ ਸੂਬੇ ਦੇ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਸਿਆਸੀ ਕਿੜਾਂ ਕੱਢ ਰਹੀ ਹੈ। ਉਨਾ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਦੋ ਸਾਲਾਂ ਵਿੱਚ ਸੂਬਾ ਵਾਸੀਆਂ ਨੂੰ ਮੁਫਤ ਬਿਜਲੀ, ਮੁਹੱਲਾ ਕਲੀਨਿਕਾਂ ਅਤੇ ਮਿਆਰੀ ਵਿਦਿਆ ਰਾਹੀਂ ਵੱਡੀ ਰਾਹਤ ਦਿੱਤੀ ਹੈ। ਪਹਿਲੀ ਵਾਰ ਸੂਬੇ ਦੇ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਉੱਤੇ 45 ਹਜਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ।
ਕਰਮਜੀਤ ਅਨਮੋਲ ਨੇ ਦਿਆਲਪੁਰ ਮਿਰਜ਼ਾ ਪਿੰਡ ਵਿੱਚ ਕੋਈ ਦੋ ਦਰਜਨ ਪਰਿਵਾਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਉੱਤੇ ਉਹਨਾਂ ਦਾ ਸਵਾਗਤ ਵੀ ਕੀਤਾ।
ਇਸ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੀਨੂੰ ਢਿਲੋਂ ਨੇ ਕਿਹਾ ਕਿ ਕਰਮਜੀਤ ਅਨਮੋਲ ਇਕ ਅਜਿਹਾ ਇਨਸਾਨ ਹੈ ਜੋ ਇਮਾਨਦਾਰ, ਮਿਹਨਤੀ ਅਤੇ ਜਮੀਨ ਨਾਲ ਜੁੜਿਆ ਹੋਇਆ ਹੈ। ਢਿਲੋਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਕਿਸੇ ਵੀ ਸਮੇਂ ਜਰੂਰਤ ਪੈਣ ਉੱਤੇ ਕਰਮਜੀਤ ਅਨਮੋਲ ਦੀ ਬਾਂਹ ਫੜਕੇ ਆਪਣਾ ਕੰਮ ਕਰਵਾ ਸਕਦੇ ਹੋਏ। ਉਹਨਾਂ ਨੇ ਇਹ ਵੀ ਕਿਹਾ ਕਿ ਅਨਮੋਲ ਆਪਣੀ ਜ਼ੁਬਾਨ ਦਾ ਪੱਕਾ ਤੇ ਸੱਚਮੁੱਚ ਹੀਰਾ ਇਨਸਾਨ ਹੈ। ਉਸਨੇ ਚੋਣਾਂ ਵਿਚ ਜੋ ਵੀ ਵਾਅਦੇ ਤੁਹਾਡੇ ਨਾਲ ਕੀਤੇ ਹਨ ਉਹ ਜਰੂਰ ਪੂਰੇ ਕਰੇਗਾ।
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਹਨਾਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਇੱਕ-ਇੱਕ ਕਰਕੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਦੇਸ਼ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਪੰਜਾਬੀ ਸੂਰਬੀਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਮਾਲੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ। ਇਹ ਵੀ ਦੇਸ਼ ਵਿੱਚ ਪਹਿਲੀ ਵਾਰ ਹੋਇਆ ਹੈ, ਜਦ ਮੁੱਖ ਮੰਤਰੀ ਖੁਦ ਸ਼ਹੀਦ ਪਰਿਵਾਰ ਦੇ ਘਰ ਜਾ ਕੇ ਸਹਾਇਤਾ ਰਾਸ਼ੀ ਸੌਂਪ ਕੇ ਪਰਿਵਾਰ ਦਾ ਦੁੱਖ ਹਲਕਾ ਕਰਦੇ ਹਨ।
ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਾਡੇ ਹਲਕੇ ਲਈ ਇਹ ਖੁਸ਼ਕਿਸਮਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਮਜੀਤ ਅਨਮੋਲ ਨੂੰ ਇੱਥੇ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਹੈ। ਉਹਨਾਂ ਕਿਹਾ ਕਿ ਕਰਮਜੀਤ ਅਨਮੋਲ ਨੂੰ ਦੁਨੀਆਂ ਭਰ ਦੇ ਲੋਕ ਖਾਸ ਕਰਕੇ ਪੰਜਾਬੀ ਇੱਕ ਸਾਫ ਸੁਥਰੇ ਗਾਇਕ ਅਤੇ ਕਲਾਕਾਰ ਵਜੋਂ ਜਾਣਦੇ ਹਨ ਤੇ ਫਰੀਦਕੋਟ ਹਲਕੇ ਦੀ ਸੇਵਾ ਇਹਨਾਂ ਦੇ ਹਿੱਸੇ ਆਉਣਾ ਆਪਣੇ ਆਪ ਵਿੱਚ ਸਾਡੇ ਲਈ ਸਭ ਤੋਂ ਵੱਡਾ ਤੋਹਫਾ ਹੈ। ਉਹਨਾਂ ਕਿਹਾ ਕਿ ਵੋਟਾਂ ਵਾਲੇ ਦਿਨ ਸਾਰੇ ਵੋਟਰ ਭਰਾਵਾਂ ਨੇ ਕਰਮਜੀਤ ਅਨਮੋਲ ਨੂੰ ਵੋਟ ਦੇ ਕੇ ਸਭ ਤੋਂ ਵੱਧ ਰਿਕਾਰਡ ਵੋਟਾਂ ਨਾਲ ਜਿਤਾ ਕੇ ਭੇਜਣਾ ਹੈ ਤਾਂ ਜੋ ਸਾਡਾ ਵੀ ਨਾਂ ਉੱਚਾ ਹੋਵੇ।
ਇਸ ਮੌਕੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਪਾਰਟੀ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।