ਦਾ ਐਡੀਟਰ ਨਿਊਜ਼. ਚੰਡੀਗੜ੍ਹ ——- ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਦੇ ਚਾਰ ਵਿਭਾਗਾਂ ਵਿੱਚ ਹੋਈਆਂ ਨਿਯੁਕਤੀਆਂ ਵਿੱਚ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਨਿਯੁਕਤੀਆਂ ਉਸ ਸਮੇਂ ਹੋਈਆਂ ਹਨ ਜਦੋਂ ਸੂਬੇ ਵਿੱਚ ਚੋਣ ਜਾਬਤਾ ਲੱਗਾ ਹੋਇਆ ਹੈ ਤੇ ਇਸ ਤਰ੍ਹਾਂ ਚੋਣ ਜ਼ਾਬਤੇ ਦੇ ਚਿੱਬ ਪਾਇਆ ਗਿਆ ਹੈ, ਜਿਸ ਸਬੰਧੀ ਇੱਕ ਸ਼ਿਕਾਇਤ ਚੋਣ ਕਮਿਸ਼ਨ ਨੂੰ ਹੋਈ ਹੈ ਤੇ ਭਵਿੱਖ ਵਿੱਚ ਦੇਖਣਾ ਹੋਵੇਗਾ ਕਿ ਪਿਆ ‘ਚਿੱਬ’ ਚੋਣ ਕਮਿਸ਼ਨ ਦੀ ਸੱਟ ਨਾਲ ਨਿੱਕਲੇਗਾ ਜਾਂ ਫਿਰ ਅਦਾਲਤ ਕੱਢੇਗੀ।
ਕੀਤੀ ਗਈ ਸ਼ਿਕਾਇਤ ਵਿਚ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਜ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ ਵਿੱਚ ਤਮਾਮ ਨਿਯਮਾਂ ਨੂੰ ਛੱਕੇ ਟੰਗਿਆ ਗਿਆ ਹੈ, ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਯੁਨੀਵਰਸਿਟੀ ਵੱਲੋਂ 2022 ਵਿੱਚ 52 ਪੋਸਟਾਂ ਨੂੰ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਉਸ ਤੋਂ ਬਾਅਦ 18 ਅਤੇ 26 ਹੋਰ ਪੋਸਟਾਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਯੁਨੀਵਰਸਿਟੀ ਵਿੱਚ ਅਤੇ ਯੁਨੀਵਰਸਿਟੀ ਨਾਲ ਸੰਬੰਧਿਤ ਪੰਜਾਬ ਵਿੱਚ ਵੱਖ-ਵੱਖ ਰੀਜਨਲ ਸੈਂਟਰਾਂ ਵਿੱਚ ਕਈ ਪੋਸਟਾਂ ਖਾਲੀ ਪਈਆਂ ਹਨ, ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਸਿੰਡੀਕੇਟ ਅਤੇ ਸੈਨੇਟ ਨਾਲ ਸੰਬੰਧਿਤ ਸਾਰੀਆਂ ਪਾਵਰਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪਾਸ ਹਨ ਕਿਉਂਕਿ ਮਾਮਲਾ ਅਦਾਲਤ ਵਿੱਚ ਹੋਣ ਦੀ ਵਜ੍ਹਾ ਕਰਕੇ ਇਸ ਸਮੇਂ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਕੰਮ ਨਹੀਂ ਕਰ ਰਹੀ, ਇੱਥੇ ਇਹ ਗੱਲ ਵੀ ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਕੋਈ ਵੀ ਯੂਨੀਵਰਸਿਟੀ ਦੀ ਪੋਸਟ ਭਰੀ ਜਾਂਦੀ ਹੈ ਤਾਂ ਉਸਦੀ ਮਨਜੂਰੀ ਸਿੰਡੀਕੇਟ ਅਤੇ ਸੈਨੇਟ ਵੱਲੋਂ ਦਿੱਤੀ ਜਾਂਦੀ ਹੈ ਲੇਕਿਨ ਹਾਲ ਹੀ ਵਿੱਚ ਜਿਹੜੀਆਂ 5 ਵਿੱਚੋਂ ਚਾਰ ਡਿਪਾਰਟਮੈਂਟਾਂ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਦੌਰਾਨ ਯੁਨੀਵਰਸਿਟੀ ਦੇ ਤਮਾਮ ਨਿਯਮਾਂ ਨੂੰ ਛੱਕੇ ਟੰਗਿਆ ਗਿਆ ਅਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਈ ਨਿਯੁਕਤੀਆਂ ਵਿੱਚ ਤਾਂ ਮੈਰਿਟ ਨੂੰ ਵੀ ਅਣਦੇਖਾ ਕੀਤਾ ਗਿਆ ਅਤੇ ਕਈ ਨਿਯੁਕਤੀਆਂ ਵਿੱਚ ਮਾਹਿਰ ਵੀ ਨਹੀਂ ਬੁਲਾਏ ਗਏ, ਇਹ ਸਾਰਾ ਕੁਝ ਉਸ ਸਮੇਂ ਵਾਪਰਿਆ ਜਦੋਂ ਜਨਵਰੀ 2020 ਵਿੱਚ ਸਿੰਡੀਕੇਟ ਅਤੇ ਸੈਨੇਟ ਦੀਆਂ ਪਾਵਰਾਂ ਵਾਈਸ ਚਾਂਸਲਰ ਕੋਲ ਚਲੀਆਂ ਗਈਆਂ ਅਤੇ ਵਾਈਸ ਚਾਂਸਲਰ ਵੱਲੋਂ ਇਹ ਨਿਯੁਕਤੀਆਂ ਬੜੀ ਜਲਦਬਾਜ਼ੀ ਵਿੱਚ ਹੀ ਕਰ ਦਿੱਤੀਆਂ ਗਈਆਂ ਅਤੇ ਇਸ ਸਬੰਧੀ ਚੋਣ ਕੋਡ ਲੱਗੇ ਹੋਣ ਦੇ ਬਾਵਜੂਦ ਇਲੈਕਸ਼ਨ ਕਮਿਸ਼ਨ ਤੋਂ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ। ਇਸ ਸਬੰਧੀ ਜਦੋਂ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਉਠਾਇਆ, ਪਤਾ ਲੱਗਾ ਹੈ ਕਿ ਇਹ ਮਾਮਲਾ ਆਉਂਦੇ ਦਿਨਾਂ ਵਿੱਚ ਅਦਾਲਤ ਵਿੱਚ ਵੀ ਜਾ ਰਿਹਾ ਹੈ।