ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਵਾਰ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ। ਉਨ੍ਹਾਂ ਇਸ ਵਾਰ ਲੋਕ ਸਭਾ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਸੁਖਬੀਰ ਬਾਦਲ ਨੇ ਇਹ ਐਲਾਨ ਅਕਾਲੀ ਦਲ ਦੀ ਹੋਈ ਅਹਿਮ ਮੀਟਿੰਗ ਵਿਚ ਪਾਰਟੀ ਦੇ ਉੱਚ ਅਹੁਦੇਦਾਰਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੀਤਾ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ, ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਹਨ।
ਮੀਟਿੰਗ ਤੋਂ ਬਾਅਦ ਉਨ੍ਹਾਂ ਦੱਸਿਆ ਕਿ 6 ਲੋਕ ਸਭ ਹਲਕਿਆਂ ਲਈ ਰਣਨੀਤੀ ਤੇ ਵਿਚਾਰ ਕੀਤਾ ਗਿਆ ਅਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਛੇਤੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਲੋਕ ਸਭਾ ਚੋਣਾਂ ਇਕੱਲਿਆਂ ਲੜ ਰਿਹਾ ਹੈ ਕਿਉਂਕਿ ਪਾਰਟੀ ਭਾਜਪਾ ਨਾਲ ਗਠਜੋੜ ਨਹੀਂ ਹੋ ਸਕਿਆ, ਇਸ ਦੇ ਕਈ ਕਾਰਨ ਮੰਨੇ ਜਾ ਰਹੇ ਹਨ, ਪਹਿਲਾ ਬੰਦੀ ਸਿੰਘਾਂ ਦਾ ਮਾਮਲਾ, ਕਿਸਾਨਾਂ ਦਾ ਮਾਮਲਾ ਅਤੇ ਸੀਟ ਵੰਡ ਨੂੰ ਲੈ ਵੀ ਗੱਲ ਨਹੀਂ ਬਣ ਸਕੀ, ਇਸ ਤੋਂ ਬਿਨਾਂ ਇਕ-ਦੋ ਹੋਰ ਵੀ ਕਾਰਨ ਮੰਨੇ ਜਾ ਰਹੇ ਹਨ। ਇਸ ਸੰਬੰਧੀ ਕਈ ਮਹੀਨੇ ਤੱਕ ਅਫਵਾਹਾਂ ਦਾ ਦੌਰ ਜਾਰੀ ਰਿਹਾ, ਪਰ ਅਖੀਰ ਗੱਲ ਸਿਰੇ ਨਾ ਚੜ੍ਹ ਸਕੀ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਿੰਗ ਆਖਰੀ ਅਤੇ ਸੱਤਵੇਂ ਗੇੜ ‘ਚ 1 ਜੂਨ ਨੂੰ ਪੈਣਗੀਆਂ।