ਦਾ ਐਡੀਟਰ ਨਿਊਜ਼, ਜਲੰਧਰ —- ਪਿਛਲੇ ਕੁਝ ਮਹੀਨਿਆਂ ਦੌਰਾਨ ਬੇਹੱਦ ਚਰਚਾ ‘ਚ ਰਹੇ ਅਤੇ ਇਮਾਨਦਾਰੀ ਵੱਜੋਂ ਜਾਣੇ ਜਾਂਦੇ ਹੁਸ਼ਿਆਰਪੁਰ ਦੇ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਅੱਜ ਤਿੰਨ ਵਜੇ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਲੰਧਰ ਵਿਖੇ ਪਾਰਟੀ ‘ਚ ਸ਼ਾਮਿਲ ਕਰਵਾਉਣਗੇ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਡਾ. ਲਖਬੀਰ ਹੁਸ਼ਿਆਰਪੁਰ ‘ਚ ਬੜੇ ਚਰਚਿਤ ਸਿਹਤ ਅਧਿਕਾਰੀ ਵੱਜੋਂ ਜਾਣੇ ਜਾਂਦੇ ਹਨ। ਪਹਿਲਾਂ ਇਹ ਕਿਆਸ-ਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਉਹ ਆਪ ‘ਚ ਸ਼ਾਮਿਲ ਹੋਣਗੇ, ਪਰ ਉਹ ਅੱਜ ਸਾਰੀਆਂ ਕਿਆਸ-ਰਾਈਆਂ ਨੂੰ ਖਤਮ ਕਰਦੇ ਹੋਏ ਅਕਾਲੀ ਦਲ ‘ਚ ਸ਼ਾਮਿਲ ਹੋਣਗੇ।
ਉਨ੍ਹਾਂ ਨੇ ਆਪਣੀ ਨੌਕਰੀ ਤੋਂ ਕੁੱਝ ਸਮਾਂ ਪਹਿਲਾਂ ਰਿਟਾਇਰਮੈਂਟ ਲੈਂਦਿਆਂ ਸਿਹਤ ਵਿਭਾਗ ਨੂੰ ਅਲਵਿਦਾ ਕਿਹਾ ਸੀ, ਨਾਲ ਹੀ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੇ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਨਹੀਂ ਹੁੰਦਾ ਹੈ ਤਾਂ ਉਹ ਹੁਸ਼ਿਆਰਪੁਰ ਹਲਕੇ ਤੋਂ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ। ਇਨ੍ਹਾਂ ਨੂੰ ਇੱਕ ਮਜ਼ਬੂਤ ਦਾਅਵੇਦਾਰ ਵੀ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਬੇਗੋਵਾਲ ਵਿਖੇ ਇੱਕ ਭਰਵੇਂ ਇੱਕਠ ‘ਚ ਸੁਖਬੀਰ ਬਾਦਲ ਨੇ ਪਾਰਟੀ ‘ਚ ਸ਼ਾਮਿਲ ਕਰਵਾਇਆ। ਡਾ ਲਖਵੀਰ ਸਿੰਘ ਦਾ ਅਕਾਲੀ ਦਲ ‘ਚ ਸ਼ਾਮਿਲ ਹੋਣਾ ਪਾਰਟੀ ਲਈ ਇੱਕ ਵਧੀਆ ਸੰਕੇਤ ਮੰਨਿਆ ਜਾ ਰਿਹਾ ਹੈ।