ਨਕਲੀ ਸ਼ਰਾਬ ਮਾਮਲੇ ਦੀ ਜਾਂਚ ਕੈਪਟਨ ਸੀ.ਬੀ.ਆਈ.ਤੋਂ ਕਰਾਉਣ-ਦੂਲੋ
ਸ਼ਰਾਬ ਮਾਫੀਆ ‘ਤੇ ਸਮਾਂ ਰਹਿੰਦਿਆ ਮੁੱਖ ਮੰਤਰੀ ਨੇ ਕਾਰਵਾਈ ਨਹੀਂ ਕੀਤੀ
ਕੈਪਟਨ ਦੀ ਦਲ ਬਦਲੂਆਂ ਦੀ ਕੈਬਨਿਟ ਕਾਰਨ ਡਿੱਗ ਰਹੀ ਹੈ ਕਾਂਗਰਸ ਦੀ ਸਾਖ
ਚੰਡੀਗੜ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਨਕਲੀ ਸ਼ਰਾਬ ਦੇ ਮੁੱਦੇ ਉਤੇ ਆਪਣੀ ਹੀ ਪਾਰਟੀ ਦੀ ਸਰਕਾਰ ਖਿਲਾਫ਼ ਤਕੜਾ ਫਰੰਟ ਖੋਲ ਲਿਆ ਹੈ। ਇਸ ਬਾਰੇ ਉਨਾਂ ਨਾ ਸਿਰਫ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਸੀਬੀਆਈ ਜਾਂਚ ਮੰਗੀ ਹੈ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਉਤੇ ਵੀ ਤਿਖੇ ਸਵਾਲ ਚੁਕੇ ਹਨ। ਇਨਾਂ ਦੋਵਾਂ ਨੇਤਾਵਾਂ ‘ਦਾ ਐਡੀਟਰ’ ਨੂੰ ਦਿੱਤੀ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸੂਬੇ ‘ਚ ਵਾਪਰ ਰਹੇ ਮੌਜੂਦਾ ਘਟਨਾਕ੍ਰਮ ਕਾਰਨ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਾਖ਼ ਡਿੱਗ ਰਹੀ ਹੈ। ਸ਼ਮਸ਼ੇਰ ਸਿੰਘ ਦੂਲੋਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਉਚੇਚੇ ਤੌਰ ‘ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ 2019 ਦੇ ਜਨਵਰੀ ਮਹੀਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਂਬਰ ਪਾਰਲੀਮੈਂਟਾਂ ਦੀ ਇੱਕ ਉਚੇਚੀ ਬੈਠਕ ਲਈ ਸੀ, ਜਿਸ ਦੌਰਾਨ ਉਨਾਂ ਖ਼ੁਦ ਪੰਜਾਬ ਵਿੱਚ ਸ਼ਰਾਬ ਮਾਫ਼ੀਆ ਪਨਪ ਰਿਹਾ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਪੰਜਾਬ ਵਿੱਚ ਤਿੰਨ ਵੱਡੀਆਂ ਡਿਸਟਿਲਰੀਜ਼ ਫੜੀਆਂ ਵੀ ਗਈਆਂ ਸਨ ਪਰ ਮੁੜ ਕੇ ਇਸ ਸਬੰਧ ਵਿੱਚ ਕੋਈ ਠੋਸ ਕਾਰਵਾਈ ਨਾ ਹੋ ਸਕੀ। ਦੂਲੋਂ ਨੇ ਸਪੱਸ਼ਟ ਤੌਰ ਉੱਤੇ ਕਿਹਾ ਕਿ ਜੇਕਰ ਮੁੱਖ ਮੰਤਰੀ ਉਦੋਂ ਹੀ ਸ਼ਰਾਬ ਮਾਫੀਆ ਨੂੰ ਠੱਲ ਪਾ ਲੈਂਦੇ ਤਾਂ ਅੱਜ ਇੰਨੀਆਂ ਜ਼ਿਆਦਾ ਮਨੁੱਖੀ ਜਾਨਾਂ ਨਾ ਜਾਂਦੀਆਂ। ਦੂਲੋਂ ਨੇ ਕਿਹਾ ਕਿ ਪੰਜਾਬ ਅੰਦਰ ਸ਼ਰਾਬ ਦੀ ਸਮੱਗਲਿੰਗ ਸਰਕਾਰ, ਪੁਲਿਸ, ਸਿਆਸਤਦਾਨਾ ਅਤੇ ਆਬਕਾਰੀ ਵਿਭਾਗ ਦੀ ਸ਼ਹਿ ਤੋਂ ਬਗੈਰ ਹੋ ਹੀ ਨਹੀਂ ਸਕਦੀ । ਦੁਲੋਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਅੰਦਰ ਮਾਫ਼ੀਆ ਆ ਚੁੱਕਾ ਹੈ ਜਿਸ ਕਾਰਨ ਪਾਰਟੀ ਦਾ ਭਵਿੱਖ ਪੰਜਾਬ ਵਿੱਚ ਦਾਅ ‘ਤੇ ਲੱਗ ਗਿਆ ਹੈ। ਉਨਾਂ ਕਿਹਾ ਕਿ ਹੁਣ ਲੋਕ ਵੀ ਉਨਾਂ ਨੂੰ ਸ਼ਰੇਆਮ ਕਹਿਣ ਲੱਗ ਪਏ ਹਨ ਕਿ ਜੋ ਕੁਝ ਅਕਾਲੀ ਕਰ ਰਹੇ ਸਨ ਉਹੀ ਹੁਣ ਕਾਂਗਰਸ ਸਰਕਾਰ ਵਿੱਚ ਹੋਣ ਲੱਗ ਪਿਆ ਹੈ। ਦੂਲੋ ਨੇ ਪਾਰਟੀ ਦੀ ਮਜ਼ਬੂਤ ਸਰਕਾਰ ਹੋਣ ਦੇ ਬਾਵਜੂਦ ਵੀ ਸੂਬੇ ਅੰਦਰ ਸਾਖ ਡਿੱਗ ਰਹੀ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਲਈ ਦਲ ਬਦਲੀਆਂ ਦਾ ਪੰਜਾਬ ਸਰਕਾਰ ਉੱਤੇ ਭਾਰੂ ਹੋਣਾ ਮੁੱਖ ਤੌਰ ਤੇ ਜ਼ਿੰਮੇਵਾਰ ਹੈ। ਦੂਲੋਂ ਨੇ ਕਿਹਾ ਕਿ ਅਸਲੀ ਕਾਂਗਰਸੀਆਂ ਨੂੰ ਸੂਬੇ ਅੰਦਰ ਭਾਰੀ ਮਾਰ ਪਈ ਹੈ। ਉਨਾਂ ਕਿਹਾ ਕਿ ਜਿਹੜੇ ਲੋਕ ਕਿਸੇ ਵੇਲੇ ਅੱਤਵਾਦ ਦੇ ਹੱਕ ਵਿੱਚ ਖੜੇ ਸਨ। ਉਹ ਮੁੜ ਕੇ ਪੈਸੇ ਦੇ ਜ਼ੋਰ ਤੇ ਕਾਂਗਰਸ ਪਾਰਟੀ ਦੀਆਂ ਹੀ ਟਿਕਟਾਂ ਲੈਣ ਵਿੱਚ ਸਫਲ ਹੋ ਗਏ ਜਦਕਿ ਪਾਰਟੀ ਲਈ ਕੁਰਬਾਨੀਆਂ ਦੇਣ ਵਾਲੇ ਕਾਂਗਰਸੀ ਖੂੰਜੇ ਲਾਏ ਜਾ ਚੁੱਕੇ ਹਨ। ਉਨਾਂ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਟਿਕਟਾਂ ਦੇਣ ਮੌਕੇ ਪਾਰਟੀ ਦੇ ਇੰਚਾਰਜਾਂ ਨੇ ਹੀ ਭ੍ਰਿਸ਼ਟਾਚਾਰ ਦੇ ਜ਼ੋਰ ਤੇ ਟਿਕਟਾਂ ਵੰਡ ਦਿੱਤੀਆਂ ਤੇ ਕਾਂਗਰਸੀਆਂ ਨੂੰ ਦਰ ਕਿਨਾਰ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਪਾਰਟੀ ਦੀ ਮਜ਼ਬੂਤ ਸਰਕਾਰ ਹੋਣ ਦੇ ਬਾਵਜੂਦ ਵੀ ਸਾਖ ਡਿੱਗ ਰਹੀ ਹੋਣ ਨੂੰ ਸਮਝਣ ਅਤੇ ਬਤੌਰ ਮੁੱਖ ਮੰਤਰੀ ਅਤੇ ਆਬਕਾਰੀ ਅਤੇ ਕਰ ਵਿਭਾਗ ਦੇ ਵੀ ਮੁਖੀ ਹੁੰਦਿਆਂ ਸਹੀ ਕਦਮ ਚੁੱਕਦੇ ਹੋਏ ਮਾਮਲੇ ਦੀ ਨਿਰਪੱਖ ਜਾਂਚ ਲਈ ਇਹ ਜ਼ਿੰਮਾ ਸੀਬੀਆਈ ਨੂੰ ਸੌਂਪਣ।