ਲੰਗਾਹ ਦੀ ਪੰਜ ਪਿਆਰਿਆਂ ਨੇ ਕਰਵਾਈ ਘਰ ਵਾਪਿਸੀ, 21 ਦਿਨ ਦੀ ਸੇਵਾ ਲਾਈ
– ਗੁਰਦੁਆਰਾ ਸਾਹਿਬ ਵਿਚ ਧਾਰਮਿਕ ਸਜਾਂ ਵਜੋਂ ਕਰਨਗੇ ਸਾਫ ਸਫਾਈ
ਚੰਡੀਗੜ-ਪੰਥਕ ਹਲਕਿਆਂ ਵਿਚ ਹੋਈ ਵੱਡੀ ਘਟਨਾ ਵਿਚ ਪੰਥ ਵਿਚ ਸੁੱਚਾ ਸਿੰਘ ਲੰਗਾਹ ਅੱਜ ਮੁੜ ਸ਼ਾਮਿਲ ਹੋ ਗਏ ਹਨ, ਉਨਾਂ ਨੂੰ ਅੱਜ ਪੰਜ ਪਿਆਰਿਆਂ ਨੇ ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਗੁਰਦਾਸਨੰਗਲ (ਗੁਰਦਾਸਪੁਰ) ਵਿਖੇ ਪੰਥ ਵਿਚ ਸ਼ਾਮਿਲ ਕਰ ਲਿਆ ਹੈ ਤੇ ਨਾਲ ਹੀ ਪੰਜ ਪਿਆਰਿਆਂ ਨੇ ਉਨਾਂ ਨੂੰ 21 ਦਿਨ ਦੀ ਗੁਦੁਆਰਾ ਸਾਹਿਬ ਵਿਖੇ ਸਫਾਈ ਕਰਨ ਦੀ ਧਾਰਮਿਕ ਸਜਾ ਲਗਾਈ ਹੈ, ਅੱਜ ਦੀ ਇਸ ਘਟਨਾ ਨੇ ਪੂਰੇ ਪੰਥਕ ਹਲਕਿਆਂ ਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਦਿੱਤਾ ਹੈ ਕਿਉਂਕਿ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਏ ਇਕ ਹੁਕਮ ਵਿਚ ਤਨਖਾਹੀਆਂ ਕਰਾਰ ਦੇ ਕੇ ਪੰਥ ਵਿਚੋ ਛੇਕ ਦਿੱਤਾ ਗਿਆ ਸੀ। ਇਹ ਕਾਰਵਾਈ ਲੰਗਾਹ ‘ਤੇ ਉਸ ਸਮੇਂ ਕੀਤੀ ਗਈ ਸੀ ਜਦੋਂ ਲੰਗਾਹ ਦੀ ਇਕ ਇਤਰਾਜਯੋਗ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਲੰਗਾਹ ਇਕ ਔਰਤ ਨਾਲ ਮੌਜੂਦ ਸਨ ਤੇ ਉਪਰੰਤ ਉਨਾਂ ਖਿਲਾਫ ਬਲਾਤਕਾਰ ਦਾ ਪਰਚਾ ਵੀ ਦਰਜ ਕੀਤਾ ਗਿਆ ਸੀ। ਉਸ ਸਮੇਂ ਚਰਚਾ ਸੀ ਕਿ ਲੰਗਾਹ ਖਿਲਾਫ ਪਰਚਾ ਕਰਾਉਣ ਤੇ ਵੀਡਿਓ ਵਾਇਰਲ ਕਰਾਉਣ ਪਿੱਛੇ ਗੁਰਦਾਸਪੁਰ ਦੇ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਦਾ ਕਥਿਤ ਤੌਰ ‘ਤੇ ਹੱਥ ਸੀ ਤੇ ਚਰਚਾ ਇਹ ਵੀ ਸੀ ਕਿ ਰੰਧਾਵਾ ਵੱਲੋਂ ਲੰਗਾਹ ਨੂੰ ਇਸ ਮਾਮਲੇ ਵਿਚ ਸਜਾ ਕਰਵਾ ਕੇ ਉਨਾਂ ਦਾ ਸਿਆਸੀ ਜੀਵਨ ਖਤਮ ਕਰਨ ਦੀ ਵਿਉਤ ਬਣਾਈ ਗਈ ਸੀ ਕਿਉਂਕਿ ਰੰਧਾਵਾ ਜਾਣਦਾ ਹੈ ਕਿ ਅਕਾਲੀ ਦਲ ਕੋਲ ਇਸ ਏਰੀਏ ਵਿਚ ਲੰਗਾਹ ਵਰਗਾ ਧਾਕੜ ਲੀਡਰ ਕੋਈ ਹੋਰ ਨਹੀਂ ਹੈ । ਜਿਕਰਯੋਗ ਹੈ ਕਿ ਲੰਗਾਹ ‘ਤੇ ਦੋਸ਼ ਲਗਾਉਣ ਵਾਲੀ ਔਰਤ ਆਪਣੇ ਬਿਆਨਾਂ ਤੋਂ ਪਲਟ ਗਈ ਸੀ ਤੇ ਉਪਰੰਤ ਲੰਗਾਹ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ ਤੇ ਬਰੀ ਹੋਣ ਪਿੱਛੋ ਲੰਗਾਹ ਵੱਲੋਂ ਕਈ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਉਨਾਂ ਨੂੰ ਮੁੜ ਪੰਥ ਵਿਚ ਮੁੜ ਸ਼ਾਮਿਲ ਕਰਨ ਤੇ ਕੀਤੇ ਗੁਨਾਹ ਦੀ ਮੁਆਫੀ ਦੇਣ ਲਈ ਲਿਖ ਚੁੱਕੇ ਸਨ, ਇੱਥੋ ਤੱਕ ਕਿ ਉਹ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਮਣੇ ਤਦ ਪੇਸ਼ ਹੋਏ ਸਨ ਜਦੋਂ ਉਨਾਂ ਐਲਾਨ ਕੀਤਾ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ‘ਤੇ ਉਹ ਤਨਖਾਹੀਆਂ ਨੂੰ ਮੁਆਫ ਕਰ ਦੇਣਗੇ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਨੇ ਉਨਾਂ ਨੂੰ ਮੁਆਫ ਨਹੀਂ ਕੀਤਾ ਸੀ।
ਲੰਗਾਹ ਵਰਗੀ ਕੀਤੀ ਵਜਰ ਕੁਰਹਿਤ ਦਾ ਮਾਮਲਾ ਪੰਜ ਪਿਆਰਿਆਂ ਦੇ ਅਧਿਕਾਰ ਖੇਤਰ ਵਿਚ
ਜਿਕਰਯੋਗ ਹੈਕਿ ਜਦੋਂ ਲੰਗਾਹ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਹੁਣ ਤੱਕ ਸਭ ਤੋਂ ਵਿਵਾਦਤ ਜਥੇਦਾਰ ਗਿਆਨੀ ਗੁਰਚਬਨ ਸਿੰਘ ਸਨ ਤੇ ਉਨਾਂ ਵੱਲੋਂ ਸੁਣਾਏ ਗਏ ਮਾਮਲਿਆਂ ‘ਤੇ ਕਿੰਤੂ ਪ੍ਰੰਤੀ ਅਕਸਰ ਹੋਈ ਹੈ ਤੇ ਹੋ ਰਹੀ ਹੈ ਤੇ ਜੇਕਰ ਸਰਵ ਪ੍ਰਵਾਨਿਤ ਰਹਿਤ ਮਰਿਆਦਾ ਦੀ ਗੱਲ ਕੀਤੀ ਜਾਵੇ ਤਾਂ ਉਸ ਵਿਚ ਸਾਫ ਤੌਰ ਵਿਚ ਲਿਖਿਆ ਗਿਆ ਹੈ ਕਿ ਲੰਗਾਹ ਵਰਗੀ ਕੀਤੀ ਵਜਰ ਕੁਰਹਿਤ ਸਿਰਫ ਤੇ ਸਿਰਫ ਪੰਜ ਪਿਆਰਿਆਂ ਦੇ ਅਧਿਕਾਰ ਖੇਤਰ ਵਿਚ ਹੀ ਆਉਦੀ ਹੈ, ਹਾਲਾਂਕਿ ਲੰਗਾਹ ਦੀ ਇਸ ਕਾਰਵਾਈ ਨੂੰ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ ਲੇਕਿਨ ਜੇਕਰ ਰਹਿਤ ਮਰਿਆਦਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਪੰਜ ਪਿਆਰਿਆਂ ਵੱਲੋਂ ਕੀਤੀ ਕਾਰਵਾਈ ਬਿਲੁਕੁਲ ਜਾਇਜ ਹੈ ।