ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 267 ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਦਾ ਹੋਰ ਵੱਡਾ ਕਾਰਾ, ਅੱਖੀਂ ਘੱਟਾ ਪਾਉਣ ਲਈ 125 ਸਰੂਪ ਅੰਦਰਖਾਤੇ ਕੀਤੇ ਤਿਆਰ
ਬਰਿਆਣਾ, ਦਾ ਐਡੀਟਰ ਬਿਊਰੋ, ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਿਟਿੰਗ ਪ੍ਰੈਸ ਵਿਚੋ ਲਾਪਤਾ ਹੋਏ 267 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਵਿਚ ਦੋ ਵੱਡੇ ਖੁਲਾਸੇ ਹੋਏ ਹਨ, ਜਿਸ ਵਿਚ ਪਹਿਲਾ 267 ਸਰੂਪਾਂ ਦੀ ਭਰਪਾਈ ਕਰਨ ਲਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੁੱਪ ਚਪੀਤੇ 125 ਹੋਰ ਸਰੂਪ ਤਿਆਰ ਕਰ ਲਏ ਹਨ ਤਾਂ ਜੋ ਜਾਂਚ ਸਮੇਂ ਅੰਕੜਿਆਂ ਵਿਚ ਤਬਦੀਲੀ ਕੀਤੀ ਜਾ ਸਕੇ, ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਅਜਿਹਾ ਕਰਨ ਵਿਚ ਕਾਮਯਾਬ ਨਹੀਂ ਹੋ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਵਿਚ ਬੈਠੇ ਸ਼੍ਰੋਮਣੀ ਕਮੇਟੀ ਦੇ ਚੀਫ ਸੈਕਟਰੀ ਰੂਪ ਸਿੰਘ ਦੇ ਇਸ਼ਾਰੇ ‘ਤੇ ਨਵੇਂ ਤਿਆਰ ਕੀਤੇ ਗਏ ਕਰੀਬ 125 ਸਰੂਪਾਂ ਨੂੰ ਐਡਜਸਟ ਕਰਨ ਲਈ ਹੇਠਲੇ ਅਧਿਕਾਰੀਆਂ ‘ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ, ਤੇ ਇਸ ਨੂੰ ਬੇਹੱਦ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਸਾਜਿਸ਼ ਸ਼੍ਰੋਮਣੀ ਕਮੇਟੀ ਦੇ ਦੋ-ਤਿੰਨ ਵੱਡੇ ਅਹੁਦੇਦਾਰਾਂ ਵਿਚਕਾਰ ਹੀ ਘੁੰਮ ਰਹੀ ਹੈ, ਦੂਸਰਾ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਇਸ ਜਾਂਚ ਤੋਂ ਰਿਟਾਇਰਡ ਜਸਟਿਸ ਨਵਿਤਾ ਸਿੰਘ ਦੇ ਪਿੱਛੇ ਹਟਣ ਦਾ ਕਾਰਨ ਕੋਈ ਹੋਰ ਨਹੀਂ ਬਲਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁਦ ਮੰਨੇ ਜਾ ਰਹੇ ਹਨ, ਕਿਉਂਕਿ ਉਹ ਸਾਰੀ ਜਾਂਚ ਦੇ ਕੇਂਦਰ ਬਿੰਦੂ ਵਿਚ ਆਪਣੇ ਕਰੀਬੀ ਐਡਵੋਕੇਟ ਈਸ਼ਰ ਸਿੰਘ ਨੂੰ ਰੱਖਣਾ ਚਾਹੁੰਦੇ ਹਨ, ਕਿਉਂਕਿ ਇਹ ਗੱਲ ਨਿੱਕਲ ਕੇ ਬਾਹਰ ਆ ਰਹੀ ਹੈ ਕਿ ਐਡਵੋਕੇਟ ਈਸ਼ਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਦੋਸਤ ਹਨ ਤੇ ਉਨਾਂ ਨੂੰ ਇਸੇ ਵਜਾਂ ਕਰਕੇ ਹੀ ਜਾਂਚ ਲਈ ਲਗਾਇਆ ਗਿਆ ਹੈ ਨਾ ਕਿ ਕਿਸੇ ਵੱਡੇ ਪੰਥਕ ਮੁੱਦਿਆਂ ਦੇ ਮਾਹਰ ਵਜੋਂ ਲਗਾਇਆ ਹੈ, ਤੇ ਈਸ਼ਰ ਸਿੰਘ ਦੇ ਸਬੰਧ ਵਿਚ ਵੀ ਕਈ ਕਿਆਸਰਾਈਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ ਤੇ ਉਨਾਂ ਦਾ ਪਿਛੋਕੜ ਵੀ ਵਿਵਾਦਤ ਚੱਲਿਆ ਆ ਰਿਹਾ ਹੈ।
ਆਖਿਰ ਜਸਟਿਸ ਨਵਿਤਾ ਸਿੰਘ ਜਾਂਚ ਤੋਂ ਕਿਉ ਹੋਈ ਲਾਂਭੇ?
ਹਾਲਾਂਕਿ ਜਿਸ ਦਿਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਾਮਲੇ ਦੀ ਜਾਂਚ ਲਈ ਰਿਟਾਇਰਡ ਜਸਟਿਸ ਨਵਿਤਾ ਸਿੰਘ ਤੇ ਐਡਵੋਕੇਟ ਈਸ਼ਰ ਸਿੰਘ ਦੇ ਨਾਵਾਂ ਦਾ ਐਲਾਨ ਕੀਤਾ ਸੀ, ਤਦ ਉਸੇ ਦਿਨ ਹੀ ਪੰਥਕ ਹਲਕਿਆਂ ਦੇ ਮੱਥੇ ਠਣਕ ਗਏ ਸਨ, ਕਿਉਂਕਿ ਜਸਟਿਸ ਨਵਿਤਾ ਸਿੰਘ ਤੇ ਈਸ਼ਰ ਸਿੰਘ ਦਾ ਨਾਮ ਪੰਥਕ ਹਲਕਿਆਂ ਵਿਚ ਕੋਈ ਜਾਣਿਆਂ-ਪਹਿਚਾਣਿਆ ਨਾਮ ਨਹੀਂ ਸੀ । ਜਸਟਿਸ ਨਵਿਤਾ ਸਿੰਘ ਨੇ ਜਾਂਚ ਦੇ ਕੰਮ ਨੂੰ ਪਹਿਲਾ ਕਬੂਲ ਕਰ ਲਿਆ ਸੀ ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ ਲੇਕਿਨ ਬਾਅਦ ‘ਚ ਉਨਾਂ ਨੇ ਆਪਣੇ ਆਪ ਨੂੰ ਇਕਦਮ ਘਰੇਲੂ ਹਾਲਾਤਾਂ ਦਾ ਹਵਾਲਾ ਦਿੰਦਿਆ ਜਾਂਚ ਤੋਂ ਲਾਂਭੇ ਕਰ ਲਿਆ ਹੈ, ਉਸੇ ਦਿਨ ਤੋਂ ਲੈ ਕੇ ਹੀ ਪੰਥਕ ਹਲਕਿਆਂ ਵਿਚ ਫਿਰ ਚਰਚਾ ਜੋਰਾਂ ‘ਤੇ ਹੈ ਕਿ ਆਖਿਰਕਾਰ ਇਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਹਨ ਤੇ ਨਾਲ ਹੀ ਹੁਣ ਸਵਾਲ ਉੱਠ ਰਿਹਾ ਹੈ ਕਿ ਜਿਸ ਦਿਨ ਨਵਿਤਾ ਸਿੰਘ ਨੇ ਜਾਂਚ ਕਰਨ ਦੀ ਹਾਮੀ ਭਰੀ ਸੀ ਤੇ ਉਸ ਦਿਨ ਘਰੇਲੂ ਮਜਬੂਰੀਆਂ ਕਿੱਥੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲਿਆਂ ਅਨੁਸਾਰ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਈਸ਼ਰ ਸਿੰਘ ਵੱਲੋਂ ਜਸਟਿਸ ਨਵਿਤਾ ਸਿੰਘ ਦੇ ਕੰਮ ਵਿਚ ਵੱਡੀ ਦਖਲਅੰਦਾਜੀ ਕੀਤੀ ਜਾ ਰਹੀ ਸੀ ਤੇ ਉਹ ਜਾਂਚ ਨੂੰ ਆਪਣੇ ਤਰੀਕੇ ਨਾਲ ਅੱਗੇ ਤੋਰਨਾ ਚਾਹੁੰਦੇ ਸਨ ਤੇ ਈਸ਼ਰ ਸਿੰਘ ਨੇ ਆਪ ਹੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ, ਜਦੋਂ ਕਿ Îਉਨਾਂ ਦੀ ਨਿਯੁਕਤੀ ਇਕ ਸਹਾਇਕ ਦੇ ਤੌਰ ‘ਤੇ ਹੋਈ ਸੀ, ਜਿਸ ਤਹਿਤ ਉਨਾਂ ਨੇ ਜਾਂਚ ਦੌਰਾਨ ਸਹਿਯੋਗ ਕਰਨਾ ਸੀ,ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਜਾਂਚ ਵਿਚ ਗਿਆਨੀ ਹਰਪ੍ਰੀਤ ਸਿੰਘ ਵੀ ਸਿੱਧੀ ਦਖਲਅੰਦਾਜੀ ਕਰ ਰਹੇ ਹਨ ਤੇ ਪਤਾ ਲੱਗਾ ਹੈ ਕਿ ਉਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਕਈ ਗੱਡੀਆਂ ਦੀਆਂ ਲਾਗ ਬੁੱਕਾਂ ਆਪਣੇ ਕੋਲ ਮੰਗਵਾ ਲਈਆਂ ਹਨ ਤੇ ਲਾਗ ਬੁੱਕਾਂ ਦੀਆਂ ਕੁਝ ਕਾਪੀਆਂ ਕਾਂਗਰਸੀ ਹਲਕਿਆਂ ਨੂੰ ਵੀ ਲੀਕ ਕੀਤੀਆਂ ਦੱਸੀਆਂ ਜਾ ਰਹੀਆਂ ਹਨ ਤੇ ਹੁਣ ਸਾਰੀ ਦੀ ਸਾਰੀ ਜਾਂਚ ਹੀ ਈਸ਼ਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ।
ਆਖਿਰ ਈਸ਼ਰ ਸਿੰਘ ਦਾ ਕੀ ਹੈ ਪਿਛੋਕੜ
ਪੰਥਕ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਈਸ਼ਰ ਸਿੰਘ ਤਖਤ ਸ਼੍ਰੀ ਹਜੂਰ ਸਾਹਿਬ ਦੇ ਜਥੇਦਾਰ ਰਹੇ ਗਿਆਨੀ ਹਜੂਰਾ ਸਿੰਘ ਦੇ ਬੇਟੇ ਹਨ ਤੇ ਇਹ ਪਰਿਵਾਰ ਸਮੇਤ ਹੈਦਰਾਬਾਦ ਰਹਿ ਰਹੇ ਹਨ, ਮਿਲੀ ਜਾਣਕਾਰੀ ਅਨੁਸਾਰ ਈਸ਼ਰ ਸਿੰਘ ਦੇ ਨਾਲ ਵੀ ਵਿਵਾਦ ਚੱਲੇ ਆ ਰਹੇ ਹਨ, ਦੱਸਿਆ ਜਾ ਰਿਹਾ ਹੈ ਕਿ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਇਕਬਾਲ ਸਿੰਘ ਤੇ ਬਾਬਾ ਜੈਵਿੰਦਰ ਸਿੰਘ ਬੜੂ ਸਾਹਿਬ ਵਾਲੇ ਤੋਂ ਇਲਾਵਾ ਬੁੰਗਾ ਸ਼੍ਰੀ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕਾਕਾ ਸਿੰਘ ਤੇ ਬਾਬਾ ਛੋਟਾ ਸਿੰਘ ਦਰਮਿਆਨ ਹੋਏ ਵਿਵਾਦ ਵਿਚ ਅਹਿਮ ਭੂਮਿਕਾ ਈਸ਼ਰ ਸਿੰਘ ਦੀ ਹੀ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਈਸ਼ਰ ਸਿੰਘ ਕੋਲ ਹੈਦਰਾਬਾਦ ਜਾ ਕੇ ਰੁਕਦੇ ਰਹੇ ਹਨ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਤਖਤ ਸ਼੍ਰੀ ਹਜੂਰ ਸਾਹਿਬ ਦੀ ਮਰਿਆਦਾ ਅਨੁਸਾਰ ਜਥੇਦਾਰੀ ਲਈ ਤੈਨਾਤ ਹੋਣ ਵਾਲੀ ਕੋਈ ਵੀ ਸਖਸ਼ੀਅਤ ਪੂਰੀ ਉਮਰ ਬਿਹੰਗਮ ਰਹਿੰਦੇ ਹਨ (ਭਾਵ ਵਿਆਹ ਨਹੀਂ ਕਰਾਉਦੇ)।
ਕਾਂਗਰਸੀ ਮੰਤਰੀਆਂ ਦੇ ਸੰਪਰਕ ‘ਚ ਹਨ ਗਿਆਨੀ ਹਰਪ੍ਰੀਤ ਸਿੰਘ ?
‘ਦਾ ਐਡੀਟਰ’ ਦੇ ਪਾਸ ਇਕ ਐਸੀ ਤਸਵੀਰ ਹੱਥ ਲੱਗੀ ਹੈ, ਜਿਸ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਕੱਠੇ ਬੈਠੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਲਾਪਤਾ ਹੋਏ ਸਰੂਪਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਨਿਗਾਂ ਰੱਖ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਮੁਤਾਬਿਕ ਇਹ ਚਰਚਾ ਜੋਰਾਂ ‘ਤੇ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਸੰਪਰਕ ਵਿਚ ਹਨ ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਸਬੰਧਿਤ ਕਈ ਘਟਨਾਵਾਂ ਅਕਾਲੀ ਦਲ ਨੂੰ ਦੁਖੀ ਕਰ ਰਹੀਆਂ ਹਨ।
267 ਸਰੂਪਾਂ ਦੇ ਲਾਪਤਾ ਹੋਣ ਦਾ ਮਾਸਟਰ ਮਾਂਈਡ ਚੀਫ ਸੈਕਟਰੀ ਰੂਪ ਸਿੰਘ ਤਾਂ ਨਹੀਂ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਪ੍ਰਿਟਿੰਗ ਪ੍ਰੈਸ ਹੈ ਤੇ ਜਿਸ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਕਈ ਧਾਰਮਿਕ ਕਿਤਾਬਾਂ ਦੀ ਛਪਾਈ ਕੀਤੀ ਜਾ ਰਹੀ ਹੈ ਤੇ ਜੇਕਰ ਪਿਛਲੇ ਸਮੇਂ ‘ਤੇ ਝਾਤ ਮਾਰੀ ਜਾਵੇ ਤਾਂ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਰੂਪ ਸਿੰਘ ਪ੍ਰਿਟਿੰਗ ਪ੍ਰੈਸ ਨਾਲ ਜੁੜੇ ਰਹੇ ਹਨ ਤੇ ਕੋਈ ਵੀ ਸਰੂਪ ਉੱਥੋ ਬਿਨਾਂ ਰੂਪ ਸਿੰਘ ਦੀ ਸਹਿਮਤੀ ਤੋਂ ਨਾ ਤਾਂ ਕਿਤੇ ਭੇਜਿਆ ਜਾ ਸਕਦਾ ਤੇ ਨਾ ਹੀ ਲਾਂਭੇ ਕੀਤਾ ਜਾ ਸਕਦਾ ਹੈ। ਦੱਸਣ ਮੁਤਾਬਿਕ ਰੂਪ ਸਿੰਘ ਕੋਲ ਲਾਪਤਾ ਹੋਏ 267 ਸਰੂਪਾਂ ਦੀ ਪੂਰੀ ਜਾਣਕਾਰੀ ਮੌਜੂਦ ਹੈ ਕਿ ਇਹ ਸਰੂਪ ਕਿੱਥੇ ਗਏ ਹਨ ਤੇ ਕਿਸ-ਕਿਸ ਨੂੰ ਦਿੱਤੇ ਗਏ ਹਨ। ਰੂਪ ਸਿੰਘ ਤੋਂ ਇਲਾਵਾ ਇਸ ਮਾਮਲੇ ਵਿਚ ਸਕੱਤਰ ਸੁਖਦੇਵ ਸਿੰਘ ਭੂਰਾ ਦੀ ਵੀ ਭੂਮਿਕਾ ਸ਼ੱਕੀ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਅਧਿਕਾਰੀ ਸ਼੍ਰੋਮਣੀ ਕਮੇਟੀ ਵਿਚ ਬਾਦਲ ਪਰਿਵਾਰ ਵਿਰੋਧੀ ਮੰਨੇ ਜਾਂਦੇ ਹਨ ਤੇ ਇਸ ਮਾਮਲੇ ਵਿਚ ਵੀ ਇਹ ਬਾਦਲਾਂ ਨੂੰ ਫਸਾਉਦੇ-ਫਸਾਉਦੇ ਖੁਦ ਫਸਦੇ ਨਜਰ ਆ ਰਹੇ ਹਨ।
ਇਹ ਜਾਂਚ ਅਧੂਰੀ ਹੈ-ਗੁਰਪ੍ਰੀਤ ਸਿੰਘ
ਪੰਥਕ ਅਕਾਲੀ ਲਹਿਰ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਨੇ 267 ਸਰੂਪਾਂ ਦੇ ਮਾਮਲੇ ‘ਤੇ ਹੋ ਰਹੀ ਜਾਂਚ ‘ਤੇ ਸਵਾਲ ਖੜਾਂ ਕਰਦਿਆ ਕਿਹਾ ਕਿ ਇਹ ਜਾਂਚ ਮਹਿਜ ਅੱਖੀਂ ਘੱਟਾ ਪਾਉਣ ਲਈ ਹੈ ਤੇ ਇਸ ਮਾਮਲੇ ਵਿਚ ਸਾਰਿਆਂ ਦੇ ਬਿਆਨ ਵੱਖੋ-ਵੱਖਰੇ ਹਨ। ਉਨਾਂ ਕਿਹਾ ਕਿ ਇਸ ਮਾਮਲੇ ਵਿਚ ਰੂਪ ਸਿੰਘ, ਰਜਿੰਦਰ ਸਿੰਘ ਮਹਿਤਾ ਨੇ ਖੁਦ ਮੰਨਿਆ ਹੈ ਕਿ 267 ਸਰੂਪ ਲਾਪਤਾ ਹਨ, ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੇ ਪੀ.ਏ.ਮਹਿੰਦਰ ਸਿੰਘ ਆਲੀ ਇਹ ਕਹਿ ਰਹੇ ਹਨ ਕਿ ਕੋਈ ਸਰੂਪ ਲਾਪਤਾ ਹੀ ਨਹੀਂ ਹੋਇਆ ਹੈ, ਉਨਾਂ ਜਾਂਚ ਅਧਿਕਾਰੀ ਈਸ਼ਰ ਸਿੰਘ ‘ਤੇ ਵੀ ਸਵਾਲ ਚੁੱਕੇ ਹਨ ਕਿ ਉਨਾਂ ਨੂੰ ਇਹ ਜਾਂਚ ਕਿਸ ਕਾਬਲੀਅਤ ਕਰਕੇ ਸੌਂਪੀ ਗਈ ਹੈ।
ਸਰਬਜੀਤ ਸਿੰਘ ਵੇਰਕਾ ਨੇ ਮਾਮਲੇ ਤੋਂ ਚੁੱਕਿਆ ਸੀ ਪਰਦਾ
ਅਸਲ ਵਿਚ ਇਸ ਸਾਰੇ ਮਾਮਲੇ ਤੋਂ ਪਰਦਾ ਸਰਬਜੀਤ ਸਿੰਘ ਵੇਰਕਾ ਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਚੁੱਕਿਆ ਗਿਆ ਸੀ, ਇਸ ਸਬੰਧੀ ਉਨਾਂ ਨੇ ਸ਼੍ਰੋਮਣੀ ਕਮੇਟੀ ਦੇ ਰਿਟਾਇਰਡ ਕਰਮਚਾਰੀ ਕਮਲਜੀਤ ਸਿੰਘ ਦੇ ਹਵਾਲੇ ਨਾਲ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ 2015-16 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਿਟਿੰਗ ਪ੍ਰੈਸ ‘ਚੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਲਾਪਤਾ ਹੋ ਗਏ ਹਨ ਤੇ ਇਹ ਮਾਮਲਾ ਖੁੱਲਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਹੜਕੰਪ ਮਚਿਆ ਹੋਇਆ ਹੈ। ਇਸ ਸਬੰਧੀ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਇਸ ਮਾਮਲੇ ਵਿਚ ਕਈ ਹੋਰ ਵੀ ਸਨਸਨੀਖੇਜ ਵੇਰਵੇ ਆਉਣੇ ਵਾਲੇ ਬਾਕੀ ਹਨ।
ਕੈਪਸ਼ਨ-ਗਿਆਨੀ ਹਰਪ੍ਰੀਤ ਸਿੰਘ ਤੇ ਐਡਵੋਕੇਟ ਈਸ਼ਰ ਸਿੰਘ ਦੀ ਵਾਇਰਲ ਹੋਈ ਤਸਵੀਰ।
ਕੈਪਸ਼ਨ-ਗਿਆਨੀ ਹਰਪ੍ਰੀਤ ਸਿੰਘ ਤੇ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ।