ਦਾ ਐਡੀਟਰ ਨਿਊਜ.ਹੁਸ਼ਿਆਰਪੁਰ —— ਨਗਰ ਨਿਗਮ ਦੇ ਹਾਊਸ ਵਿੱਚ ਕੁਝ ਦਿਨ ਪਹਿਲਾ ਕਾਂਗਰਸੀ ਕੌਂਸਲਰਾਂ ਵੱਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਖਿਲਾਫ ਲਿਆਂਦਾ ਅਵਿਸ਼ਵਾਸ਼ ਪ੍ਰਸਤਾਵ ਕਿਸੇ ਤਣ ਪੱਤਣ ਨਹੀਂ ਲੱਗਾ ਤੇ ਮੇਅਰ ਬਹੁਮਤ ਸਾਬਿਤ ਕਰਨ ਵਿੱਚ ਕਾਮਯਾਬ ਰਹੇ, ਮੇਅਰ ਦੇੇ ਵਿਰੋਧ ਵਿੱਚ ਕਾਂਗਰਸੀ ਤੇ ਭਾਜਪਾ ਦੇ 19 ਕੌਂਸਲਰਾਂ ਨੇ ਵੋਟ ਦਿੱਤੀ ਜਦੋਂ ਕਿ ਉਨ੍ਹਾਂ ਦੇ ਹੱਕ ਵਿੱਚ ਕੁੱਲ 24 ਵੋਟ ਪਏ, ਹਾਊਸ ਦੀ ਇਸ ਮੀਟਿੰਗ ਵਿੱਚ ਦੋ ਕੌਂਸਲਰ ਗੈਰਹਾਜਿਰ ਰਹੇ ਜਦੋਂ ਕਿ 3 ਸੀਟਾਂ ਪਹਿਲਾ ਹੀ ਖਾਲ੍ਹੀ ਹਨ। ਅੱਜ ਦੀ ਮੀਟਿੰਗ ਦੌਰਾਨ ਜਿੱਥੇ ਕਾਂਗਰਸੀਆਂ ਨੇ ਵਿਰੋਧ ਵਜ੍ਹੋਂ ਪੰਜਾਬ ਸਰਕਾਰ ਤੇ ਮੰਤਰੀ ਜਿੰਪਾ ਖਿਲਾਫ ਨਾਰੇਬਾਜੀ ਕੀਤੀ ਤੇ ਕਿਹਾ ਕਿ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ ਜਿਸ ਨੂੰ ਚੁਣੌਤੀ ਦਿੱਤੀ ਜਾਵੇਗੀ।
ਮੰਤਰੀ ਨੋਟ ਵਾਰਦੇ ਰਹੇ, ਕੌਂਲਸਰ ਬੋਲੀਆਂ ਤੇ ਨੱਚਦੇ ਨਿੱਕਲੇ ਬਾਹਰ
ਮੀਟਿੰਗ ਉਪਰੰਤ ਜਦੋਂ ਸਾਫ ਹੋ ਗਿਆ ਮੇਅਰ ਸੁਰਿੰਦਰ ਸ਼ਿੰਦਾ ਹੀ ਰਹਿਣਗੇ ਤਦ ਮੰਤਰੀ ਜਿੰਪਾ ਦੀ ਅਗਵਾਈ ਹੇਠ ਨਿਗਮ ਦਫਤਰ ਤੋਂ ਜਦੋਂ ਆਪ ਕੌਂਸਲਰ ਬਾਹਰ ਆ ਰਹੇ ਸਨ ਤਦ ਦੋ ਢੋਲੀ ਲਗਾਤਾਰ ਡਗਾ ਲਗਾਉਂਦੇ ਰਹੇ, ਇਸ ਦੌਰਾਨ ਆਪ ਦੇ ਕੌਂਸਲਰ ਨੱਚਦੇ ਤੇ ਭਗਵੰਤ ਮਾਨ ਦੇ ਨਾਮ ਦੀਆਂ ਬੋਲੀਆਂ ਪਾਉਦੇ ਰਹੇ ਤੇ ਮੰਤਰੀ ਜਿੰਪਾ ਨੋਟ ਉੱਪਰ ਨੋਟ ਵਾਰਦੇ ਰਹੇ।
ਮੇਰੇ ਨਾਲ ਧੱਕਾ ਕਿਉਂ ਕੀਤਾ-ਅਨਮੋਲ ਜੈਨ
ਆਪ ਵਿੱਚੋ ਸਸਪੈਂਡ ਚੱਲ ਰਹੇ ਵਾਰਡ ਨੰਬਰ-40 ਦੇ ਕੌਂਸਲਰ ਅਨਮੋਲ ਜੈਨ ਨੇ ਮੀਟਿੰਗ ਉਪਰੰਤ ਆਪਣੀ ਕਮੀਜ ਲਾਹ ਦਿੱਤੀ, ਜੈਨ ਨੇ ਸਰੀਰ ਤੇ ਲਿਖਿਆ ਹੋਇਆ ਸੀ ਜਿੰਪਾ ਜੀ ਜਵਾਬ ਦਿਓ। ਅਨਮੋਲ ਜੈਨ ਕਹਿੰਦਾ ਰਿਹਾ ਕਿ ਉਸ ਨੂੰ ਪੁਲਿਸ ਦਾ ਡਰ ਦਿਖਾ ਕੇ ਆਪ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਗਿਆ ਸੀ ਤੇ ਹੁਣ ਮੰਤਰੀ ਜਿੰਪਾ ਨੂੰ ਮੇਰੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ।