ਸਿਵਲ ਹਸਪਤਾਲ ਜਲੰਧਰ ‘ਚ ਲਗਾਈਆਂ ਦੋ ਹੋਰ ਐਚ.ਐਫ.ਐਨ.ਓ. ਮਸ਼ੀਨਾਂ
ਦਾ ਐਡੀਟਰ ਬਿਊਰੋ, ਜਲੰਧਰ- ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾ ਕੇ ਕੋਵਿਡ-19 ਕਰਕੇ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨ ਦੇ ਮੰਤਵ ਤਹਿਤ ਜ਼ਿਲਾ ਪ੍ਰਸ਼ਾਸਨ ਵਲੋਂ ਆਈ.ਸੀ.ਯੂ. ਵਿਖੇ ਦੋ ਹੋਰ ਹਾਈ ਫਲੋ ਨੈਸੇਲ ਆਕਸੀਜਨ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਕੋਵਿਡ-19 ਦੇ ਜਿਨਾਂ ਗੰਭੀਰ ਮਰੀਜ਼ਾ ਨੂੰ ਸਾਹ ਲੈਣ ਵਿੱਚ ਜ਼ਿਆਦਾ ਸਮੱਸਿਆ ਆ ਰਹੀ ਹੈ, ਉਨਾਂ ਦੀ ਜਲਦੀ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ। ਹੁਣ ਸਿਵਲ ਹਸਪਤਾਲ ਵਿਖੇ ਅਜਿਹੀਆਂ ਚਾਰ ਮਸ਼ੀਨਾਂ ਸਥਾਪਿਤ ਹੋ ਚੁੱਕੀਆਂ ਹਨ, ਜਿਹੜੀਆਂ ਕਿ ਕੋਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਵਿਅਕਤੀਆਂ ਲਈ ਲਾਭਦਾਇਕ ਸਾਬਿਤ ਹੋਣਗੀਆਂ ਅਤੇ ਇਕ ਮਸ਼ੀਨ ਦੀ ਕੀਮਤ ਕਰੀਬ 1.6 ਲੱਖ ਰੁਪਏ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਦੇ ਲੈਵਲ-3 ਦੇ ਮਰੀਜ਼ਾਂ ਜਿਨਾਂ ਨੂੰ ਵਾਧੂ ਆਕਸੀਜਨ ਦੀ ਲੋੜ ਹੁੰਦੀ ਹੈ ਅਤੇ ਇਹ ਹਾਈ ਫਲੋ ਨੈਸੇਲ ਆਕਸੀਜਨ ਮਸ਼ੀਨਾਂ ਇਸ ਦਾ ਸਭ ਤੋਂ ਵਧੀਆ ਹੱਲ ਹਨ, ਜਿਹੜੀਆਂ ਕਿ ਵੱਡੀ ਮਾਤਰਾ ਵਿੱਚ ਆਕਸੀਜਨ ਨੂੰ ਰੱਖਦੀਆਂ ਹਨ। ਉਨਾਂ ਦੱਸਿਆ ਕਿ ਗੰਭੀਰ ਸਮੱਸਿਆ ਵਾਲੇ ਮਰੀਜ਼ਾਂ ਵਲੋਂ ਇਨਾਂ ਮਸ਼ੀਨਾਂ ਪ੍ਰਤੀ ਚੰਗਾ ਹੁੰਗਾਰਾ ਦਿੱਤਾ ਗਿਆ ਹੈ ਅਤੇ ਉਨਾਂ ਦੀ ਸਿਹਤ ਵਿੱਚ ਵੀ ਸੁਧਾਰ ਆਇਆ ਹੈ। ਉਨਾਂ ਦੱਸਿਆ ਕਿ ਇਕ ਹਾਈ ਫਲੋ ਨੈਸੇਲ ਆਕਸੀਜਨ ਮਸ਼ੀਨ ਇਕ ਮਿੰਟ ਵਿੱਚ ਮਰੀਜ਼ਾਂ ਨੂੰ 60 ਲੀਟਰ ਆਕਸੀਜਨ ਸਪਲਾਈ ਕਰਦੀ ਹੈ ਅਤੇ ਇਸ ਮਸ਼ੀਨ ਦੀ ਵਰਤੋਂ ਕਰਨੀ ਵੀ ਬਹੁਤ ਅਸਾਨ ਹੈ। ਉਨਾਂ ਦੱਸਿਆ ਕਿ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦੇ ਆਈ.ਸੀ.ਯੂ. ਵਿਖੇ ਕੋਵਿਡ ਤੋਂ ਪ੍ਰਭਾਵਿਤ ਲੈਵਲ-3 ਦੇ ਮਰੀਜ਼ਾਂ ਲਈ 56 ਬੈਡ ਹਨ। ਉਨਾਂ ਦੱਸਿਆ ਕਿ ਹਾਈ ਫਲੋ ਨੈਸੇਲ ਆਕਸੀਜਨ ਮਸ਼ੀਨਾਂ ਤੋਂ ਇਲਾਵਾ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਬੇਹਤਰ ਇਲਾਜ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਮਲਟੀ ਪੈਰਾ ਮੌਨੀਟਰ, ਪਲਸ ਔਕਸੀਮੀਟਰ, ਇੰਫਿਊਜ਼ਨ ਪੰਪ, ਸਕਸ਼ਨ ਮਸ਼ੀਨਾਂ ਅਤੇ ਹੋਰ ਮੈਡੀਕਲ ਸਾਜੋ-ਸਮਾਨ ਸਿਵਲ ਹਸਪਤਾਲ ਲਈ ਖ਼ਰੀਦ ਕੀਤਾ ਗਿਆ ਹੈ।