-ਦੰਦਾਂ ਦੇ ਇਲਾਜ ਬਦਲੇ ਵੱਢੀ ਲੈਣ ਵਾਲਾ ਡਾਕਟਰ ਵਿਜੀਲੈਂਸ ਨੇ ਨੱਪਿਆ
ਪਟਿਆਲਾ-ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਚੌਕਸੀ ਪੁਲਿਸ ਪਟਿਆਲਾ ਨੇ ਜ਼ਿਲਾ ਸੰਗਰੂਰ ਦੇ ਭਵਾਨੀਗੜ ਵਿਖੇ ਪੀ.ਐਚ.ਸੀ. ‘ਚ ਤਾਇਨਾਤ ਇੱਕ ਦੰਦਾਂ ਦੇ ਡਾਕਟਰ ਨੂੰ 8500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਸਬੰਧੀਂ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵਿਖੇ ਸ਼ਿਕਾਇਤ ਕਰਤਾ ਨਿਰਭੈ ਸਿੰਘ ਦੀ ਸ਼ਿਕਾਇਤ ‘ਤੇ ਡਾ. ਸੁਰਜੀਤ ਚੌਧਰੀ ਖ਼ਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ। ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਮਸਾਣੀ ਦੇ ਵਸਨੀਕ ਨਿਰਭੈ ਸਿੰਘ ਭੁੱਲਰ ਨੇ ਸ਼ਿਕਾਇਤ ਕੀਤੀ ਸੀ ਕਿ ਭਵਾਨੀਗੜ ਵਿਖੇ ਤਾਇਨਾਤ ਦੰਦਾਂ ਦੇ ਡਾਕਟਰ ਨੇ ਉਸਦੀ ਪਤਨੀ ਗੁਰਜੀਤ ਕੌਰ ਦੇ ਦੰਦਾਂ ਦੇ ਇਲਾਜ ਲਈ ਉਸ ਕੋਲੋਂ 2000 ਰੁਪਏ ਰਿਸ਼ਵਤ ਵਜੋਂ ਲਏ ਹਨ ਅਤੇ 8500 ਰੁਪਏ ਹੋਰ ਮੰਗੇ ਜਾ ਰਹੇ ਹਨ। ਸ. ਸਿੱਧੂ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਇਸ ਸਬੰਧੀਂ ਇੱਕ ਵੀਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਸੀ, ਜਿਸ ‘ਚ ਉਸ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਦੇ ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਅੱਜ ਦੁਪਿਹਰ ਦੰਦਾਂ ਦੇ ਡਾਕਟਰ ਨੂੰ ਸ਼ਿਕਾਇਤ ਕਰਤਾ ਕੋਲੋਂ ਰਿਸ਼ਵਤ ਦੇ 8500 ਰੁਪਏ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨਾਂ ਦੱਸਿਆ ਕਿ ਇਸ ਵਿਜੀਲੈਂਸ ਟੀਮ ‘ਚ ਵਿਜੀਲੈਂਸ ਬਿਊਰੋ ਸੰਗਰੂਰ ਦੇ ਇੰਸਪੈਕਟਰ ਸੁਦਰਸ਼ਨ ਸੈਣੀ ਸਮੇਤ ਹੋਰ ਸ਼ਾਮਲ ਸਨ ਅਤੇ ਡਾਕਟਰ ਕੋਲੋਂ 8500 ਰੁਪਏ ਮੌਕੇ ‘ਤੇ ਬ੍ਰਾਮਦ ਕੀਤੇ ਗਏ।